
ਐਸ.ਏ.ਐਸ.
ਨਗਰ, 19 ਸਤੰਬਰ (ਗੁਰਮੁਖ ਵਾਲੀਆ) : ਸ਼ਹਿਰ ਦੇ ਆਟੋ ਚਾਲਕ ਨਿਯਮਾਂ ਦੀ ਧੱਜੀਆਂ ਸ਼ਰੇਆਮ
ਉਡਾ ਰਹੇ ਹਨ ਅਤੇ ਕੁੱਝ ਪੈਸੇ ਕਮਾਉਣ ਦੇ ਚੱਕਰ ਵਿਚ ਲੋਕਾਂ ਨੇ ਬੱਚਿਆਂ ਦੀ ਜਿੰਦਗੀ
ਨਾਲ ਖੇਡ ਰਹੇ ਹਨ। ਮੋਹਾਲੀ ਫੇਜ਼-10 ਨਿਵਾਸੀ ਮਨੋਜ ਵਰਮਾ ਨੇ ਕਿਹਾ ਕਿ ਸ਼ਹਿਰ ਦੇ ਆਟੋ
ਚਾਲਕ ਸ਼ਰੇਆਮ ਰੈਡ ਲਾਈਟਾਂ ਵਿਚ ਆਟੋ ਕੱਢ ਕੇ ਲੈ ਜਾਂਦੇ ਹਨ ਅਤੇ ਜਿੱਥੇ ਵੀ ਬ੍ਰੇਕ
ਮਾਰਦੇ ਦਿੰਦੇ ਹਨ ਉੱਥੇ ਹੀ ਦੁਰਘਟਨਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ
ਕਿਹਾ ਕਿ ਕਈ ਨਾਬਾਲਗ਼ ਬੱਚੇ ਵੀ ਆਟੋ ਚਲਾ ਰਹੇ ਹਨ। ਜਿਨ੍ਹਾਂ ਕੋਲ ਲਾਈਸੈਂਸ ਤਕ ਨਹੀਂ
ਹੈ।
ਉਨ੍ਹਾਂ ਕਿਹਾ ਕਿ ਮੋਹਾਲੀ ਸ਼ਹਿਰ ਵਿਚ ਹਰ ਸੈਕਟਰ ਵਿਚ ਪੁਲਿਸ ਨਾਕਾ ਲਗਦਾ ਹੈ ਅਤੇ
ਪੀਸੀਆਰ ਪਾਰਟੀ ਚਾਲਾਨ ਭਰਦਾ ਹੈ। ਇਨ੍ਹਾਂ ਆਟੋ ਚਾਲਕਾਂ ਨੂੰ ਪੁਲਿਸ ਦਾ ਵੀ ਡਰ ਨਹੀਂ
ਹੁੰਦਾ ਅਤੇ ਇਹ ਓਵਰਲੋਡ ਕਰ ਕੇ ਆਟੋ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਆਟੋ ਚਾਲਕ ਬੱਚਿਆਂ
ਨੂੰ ਅੱਗੇ ਪਿਛੇ ਬਿਠਾ ਲੈਂਦੇ ਹਨ। ਬੱਚੇ ਸ਼ਰਾਰਤਾਂ ਅਤੇ ਇਕ-ਦੂਜੇ ਨਾਲ ਮਸਤੀ ਕਰਦੇ ਹਨ,
ਜਿਸ ਨਾਲ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਕਈ ਆਟੋ ਵਾਲੇ ਇੰਨੀ
ਜ਼ੋਰ ਦੀ ਮਿਊਜ਼ਕ ਸਿਸਟਮ ਵਜਾਉਂਦੇ ਹਨ ਕਿ ਸਿਰ ਵਿਚ ਦਰਦ ਹੋਣ ਲਗਦਾ ਹੈ।
ਜੇਕਰ ਉਨ੍ਹਾਂ
ਨੂੰ ਆਵਾਜ਼ ਘੱਟ ਕਰਨ ਨੂੰ ਕਿਹਾ ਜਾਵੇ ਤਾਂ ਲੜਨ ਲੱਗਦੇ ਹਨ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ
ਤੋਂ ਮੰਗ ਕੀਤੀ ਕਿ ਅਜਿਹੇ ਆਟੋ ਚਾਲਕਾਂ ਦੇ ਚਾਲਾਨ ਕੱਟਣ ਜੋ ਬੱਚਿਆਂ ਦੀ ਜ਼ਿੰਦਗੀ ਨਾਲ
ਖੇਡ ਰਹੇ ਹਨ।
ਇਸ ਸੰਬੰਧ ਵਿਚ ਸੰਪਰਕ ਕਰਨ ਤੇ ਜੋਨ-1 ਦੇ ਟਰੈਫਿਕ ਇੰਚਾਰਜ ਰਜਿੰਦਰ
ਕੁਮਾਰ ਨੇ ਦਸਿਆ ਕਿ ਸਾਡੇ ਜ਼ੋਨ ਵਿਚ ਸਮੇਂ-ਸਮੇਂ 'ਤੇ ਕਾਨੂੰਨ ਤੋੜਨ ਵਾਲੇ ਆਟੋ ਚਾਲਕਾਂ
ਦਾ ਚਾਲਾਨ ਕੱਟਦੇ ਰਹਿੰਦੇ ਹਾਂ। ਸਾਡੇ ਜ਼ੋਨ ਵਿਚ ਜੇਕਰ ਕੋਈ ਆਟੋ-ਚਾਲਕ ਓਵਰਲੋਡ ਜਾਂ
ਸਕੂਲ ਦੇ ਬੱਚਿਆਂ ਦੀ ਸੀਟ 'ਤੇ ਜ਼ਿਆਦਾ ਬੱਚੇ ਬਿਠਾਉਂਦਾ ਹੈ ਤਾਂ ਉਸਦਾ ਵੀ ਚਾਲਾਨ ਕੱਟਿਆ
ਜਾਵੇਗਾ ਅਤੇ ਕੋਈ ਕਾਨੂੰਨੀ ਕਾਰਵਾਈ ਬਣਦੀ ਹੋਈ ਤਾਂ ਅਸੀਂ ਕਰਾਂਗੇ।