
ਚੰਡੀਗੜ੍ਹ - ਗੈਂਗਸਟਰ ਵਿੱਕੀ ਗੌਂਡਰ ਦੇ ਅੰਤਿਮ ਸਸਕਾਰ ਤੋਂ ਬਾਅਦ ਹੀ ਪੁਲਿਸ ਐਨਕਾਊਂਟਰ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਵਿੱਕੀ ਦੇ ਮਾਮੇ ਗੁਰਭੇਜ ਸਿੰਘ ਨੇ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਕਿ ਵਿੱਕੀ ਅਤੇ ਲਾਹੌਰੀਆ ਪੁਲਿਸ ਕੋਲ ਆਤਮ-ਸਮਰਪਣ ਕਰਨ ਆਏ ਸਨ।
ਉਨ੍ਹਾਂ ਨੂੰ ਇੰਸਪੈਕਟਰ ਵਿਕਰਮ ਬਰਾੜ ਨੇ ਗੱਲਬਾਤ ਵਿਚ ਸਹਿਮਤੀ ਬਣਨ ਤੋਂ ਬਾਅਦ ਅਬੋਹਰ ਬੁਲਾਇਆ ਸੀ ਪਰ ਬਾਅਦ ਵਿਚ ਉਸ ਨੇ ਧੋਖਾ ਕਰਕੇ ਐਨਕਾਊਂਟਰ ਕਰਵਾ ਦਿੱਤਾ। ਗੁਰਭੇਜ ਦਾ ਕਹਿਣਾ ਹੈ ਕਿ ਐਨਕਾਊਂਟਰ ਤੋਂ 2 ਘੰਟੇ ਪਹਿਲਾਂ ਵਿੱਕੀ ਨੇ ਖੁਦ ਮੈਨੂੰ 4 ਵਜੇ ਕਾਲ ਕਰਕੇ ਦੱਸਿਆ ਸੀ ਕਿ ਉਹ ਪੁਲਿਸ ਕੋਲ ਪੇਸ਼ ਹੋਣ ਜਾ ਰਹੇ ਹਨ। ਗੁਰਭੇਜ ਅਨੁਸਾਰ ਉਸ ਨੇ ਵਿੱਕੀ ਨੂੰ ਪੁਲਿਸ ਕੋਲ ਜਾਣ ਦੀ ਥਾਂ ਕੋਰਟ 'ਚ ਸਮਰਪਣ ਕਰਨ ਦੀ ਵੀ ਸਲਾਹ ਦਿੱਤੀ ਸੀ ਪਰ ਉਸ ਨੇ ਕਿਹਾ ਕਿ ਮੈਨੂੰ ਇੰਸਪੈਕਟਰ ਵਿਕਰਮ 'ਤੇ ਭਰੋਸਾ ਹੈ ਅਤੇ ਸਾਡੀ ਪਹਿਲਾਂ ਵੀ ਅਕਸਰ ਗੱਲ ਹੁੰਦੀ ਰਹਿੰਦੀ ਹੈ।
ਗੁਰਭੇਜ ਨੇ ਦੱਸਿਆ ਕਿ ਵਿੱਕੀ ਅਤੇ ਇੰਸਪੈਕਟਰ ਵਿਕਰਮ ਸਪੋਰਟਸ ਕਾਲਜ ਜਲੰਧਰ ਵਿਚ ਕਲਾਸਮੇਟ ਰਹੇ ਸਨ ਅਤੇ ਚੰਗੇ ਦੋਸਤ ਸਨ। ਗੁਰਭੇਜ ਦਾ ਕਹਿਣਾ ਹੈ ਵਿਕਰਮ ਨਾਲ ਵਿੱਕੀ ਦੀ ਨਾਭਾ ਜੇਲ ਬਰੇਕ ਕਾਂਡ ਤੋਂ ਬਾਅਦ ਵੀ ਗੱਲਬਾਤ ਹੁੰਦੀ ਰਹੀ ਹੈ, ਜਿਸ ਕਾਰਨ ਉਸ ਨੂੰ ਉਸ 'ਤੇ ਵਿਸ਼ਵਾਸ ਸੀ। ਗੁਰਭੇਜ ਨੇ ਇਹ ਵੀ ਦੱਸਿਆ ਕਿ ਐਨਕਾਊਂਟਰ ਤੋਂ ਪਹਿਲਾਂ ਲਾਹੌਰੀਆ ਨੇ ਵੀ ਆਪਣੀ ਪਤਨੀ ਨੂੰ ਕਾਲ ਕਰਕੇ ਆਤਮ-ਸਮਰਪਣ ਦੀ ਗੱਲ ਦੱਸੀ ਸੀ। ਗੁਰਭੇਜ ਨੇ ਕਿਹਾ ਕਿ ਬੇਸ਼ੱਕ ਰਾਜਸਥਾਨ ਪੁਲਿਸ ਆਈ. ਜੀ. ਪੱਧਰ ਦੇ ਅਧਿਕਾਰੀ ਵੱਲੋਂ ਐਨਕਾਊਂਟਰ ਦੀ ਜਾਂਚ ਕਰਵਾ ਰਹੀ ਹੈ ਪਰ ਜਾਂਚ ਠੀਕ ਨਾ ਹੋਈ ਤਾਂ ਉਹ ਸੀ. ਬੀ. ਆਈ. ਜਾਂਚ ਲਈ ਹਾਈਕੋਰਟ ਜਾਣਗੇ।