
ਕਿਹਾ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ 'ਚ ਰਿਜ਼ਵੀ ਲਾਅ ਕਾਲਜ ਨੇੜੇ ਰਵੀਨਾ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿਤੀ।
Raveena Tandon News: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਅਤੇ ਉਸ ਦੇ ਡਰਾਈਵਰ 'ਤੇ ਸ਼ਰਾਬ ਦੇ ਨਸ਼ੇ 'ਚ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਦੇ ਬੇਟੇ ਨੇ ਦਾਅਵਾ ਕੀਤਾ ਕਿ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ। ਕਿਹਾ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ 'ਚ ਰਿਜ਼ਵੀ ਲਾਅ ਕਾਲਜ ਨੇੜੇ ਰਵੀਨਾ ਦੀ ਕਾਰ ਨੇ ਉਸ ਦੀ ਮਾਂ ਨੂੰ ਟੱਕਰ ਮਾਰ ਦਿਤੀ। ਇਸ ਤੋਂ ਬਾਅਦ ਰਵੀਨਾ ਦਾ ਡਰਾਈਵਰ ਕਾਰ ਤੋਂ ਬਾਹਰ ਆਇਆ ਅਤੇ ਉਸ ਦੀ ਮਾਂ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਹਿਸ ਕਰਨ ਲੱਗਾ। ਉਸ ਨੇ ਹੰਗਾਮਾ ਸ਼ੁਰੂ ਕਰ ਦਿਤਾ। ਇਸ ਤੋਂ ਬਾਅਦ ਰਵੀਨਾ ਵੀ ਕਾਰ ਤੋਂ ਹੇਠਾਂ ਉਤਰ ਗਈ ਅਤੇ ਉਨ੍ਹਾਂ ਨਾਲ ਲੜਾਈ ਸ਼ੁਰੂ ਕਰ ਦਿਤੀ।
ਸਾਹਮਣੇ ਆਏ ਇਕ ਵੀਡੀਉ 'ਚ ਰਵੀਨਾ ਪੀੜਤ ਪਰਿਵਾਰ ਅਤੇ ਸਥਾਨਕ ਭੀੜ 'ਚ ਘਿਰੀ ਹੋਈ ਨਜ਼ਰ ਆਈ। ਇਸ ਵਿਚ ਲੋਕ ਪੁਲਿਸ ਨੂੰ ਬੁਲਾਉਣ ਦੀ ਗੱਲ ਕਰ ਰਹੇ ਹਨ। ਇਸ ਦੌਰਾਨ ਪੀੜਤ ਔਰਤ ਦੀ ਧੀ ਰਵੀਨਾ ਨੂੰ ਕਹਿੰਦੀ ਹੈ, 'ਤੈਨੂੰ ਸਾਰੀ ਰਾਤ ਜੇਲ੍ਹ 'ਚ ਕੱਟਣੀ ਪਵੇਗੀ। ਮੇਰੇ ਨੱਕ ਵਿਚੋਂ ਖੂਨ ਵਹਿ ਰਿਹਾ ਹੈ। ਰਵੀਨਾ ਨੂੰ ਭੀੜ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ, 'ਕਿਰਪਾ ਕਰਕੇ ਮੈਨੂੰ ਧੱਕਾ ਨਾ ਦਿਓ... ਮੈਨੂੰ ਨਾ ਮਾਰੋ...'। ਅਭਿਨੇਤਰੀ ਉੱਥੇ ਮੌਜੂਦ ਭੀੜ ਨੂੰ ਵੀਡੀਓ ਸ਼ੂਟ ਨਾ ਕਰਨ ਦੀ ਵੀ ਬੇਨਤੀ ਕਰ ਰਹੀ ਹੈ।
ਪੀੜਤ ਨੇ ਥਾਣੇ ਵਿਚ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਕਹਿਣਾ ਹੈ ਕਿ ਪੁਲਿਸ ਕਾਰਵਾਈ ਕਰਨ ਵਿਚ ਸਖ਼ਤੀ ਨਹੀਂ ਦਿਖਾ ਰਹੀ। ਜ਼ਖਮੀ ਔਰਤ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ। ਉਨ੍ਹਾਂ ਦੇ ਬੇਟੇ ਮੁਹੰਮਦ ਨੇ ਕਿਹਾ- ਅਸੀਂ ਅਪਣੀ ਬੇਟੀ ਦਾ ਰਿਸ਼ਤਾ ਤੈਅ ਕਰਨ ਲਈ ਕਿਤੇ ਬਾਹਰ ਗਏ ਸੀ। ਰਵੀਨਾ ਦੀ ਕਾਰ ਰਸਤੇ 'ਚ ਰਿਜ਼ਵੀ ਲਾਅ ਕਾਲਜ ਕੋਲ ਖੜ੍ਹੀ ਸੀ। ਅਸੀਂ ਉੱਥੋਂ ਜਾ ਰਹੇ ਸੀ ਕਿ ਕਾਰ ਥੋੜ੍ਹੀ ਜਿਹੀ ਰਿਵਰਸ ਹੋ ਗਈ।
ਇਸ ਕਾਰਨ ਉਸ ਦੀ ਮਾਂ ਨੂੰ ਬਹੁਤ ਸੱਟ ਲੱਗੀ। ਜਦੋਂ ਅਸੀਂ ਇਤਰਾਜ਼ ਕੀਤਾ ਤਾਂ ਡਰਾਈਵਰ ਨੇ ਬਹਿਸ ਕਰਨਾ ਸ਼ੁਰੂ ਕਰ ਦਿੱਤਾ। ਕਾਰ 'ਚ ਰਵੀਨਾ ਟੰਡਨ ਵੀ ਮੌਜੂਦ ਸੀ। ਉਹ ਵੀ ਕਾਰ ਤੋਂ ਬਾਹਰ ਆ ਗਈ ਅਤੇ ਸਾਡੇ ਨਾਲ ਬਹਿਸ ਕਰਨ ਲੱਗੀ। ਉਹ ਸ਼ਰਾਬੀ ਸੀ ਅਤੇ ਮੇਰੀ ਮਾਂ ਨੂੰ ਕੁੱਟਣ ਲੱਗੀ। ਇਸ ਦੌਰਾਨ ਰਵੀਨਾ ਦੇ ਮੈਨੇਜਰ ਅਤੇ ਉਨ੍ਹਾਂ ਦੀ ਟੀਮ ਨੇ ਅਭਿਨੇਤਰੀ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਰਵੀਨਾ ਦੇ ਮੈਨੇਜਰ ਨੇ ਕਿਹਾ ਕਿ ਅਦਾਕਾਰਾ ਨੇ ਕਿਸੇ ਨਾਲ ਕੁੱਟਮਾਰ ਨਹੀਂ ਕੀਤੀ ਹੈ। ਇਸ ਦੇ ਉਲਟ ਸ਼ਿਕਾਇਤ ਕਰਨ ਵਾਲਿਆਂ ਨੇ ਰਵੀਨਾ ਦੀ ਕੁੱਟਮਾਰ ਕੀਤੀ ਹੈ। ਰਵੀਨਾ ਵੀ ਬੁਰੀ ਤਰ੍ਹਾਂ ਜ਼ਖਮੀ ਹੈ।
ਇਸ ਘਟਨਾ ਤੋਂ ਤੁਰੰਤ ਬਾਅਦ ਰਵੀਨਾ ਟੰਡਨ ਉੱਥੋਂ ਚਲੀ ਗਈ। ਪੀੜਤ ਪਰਿਵਾਰ ਦੇ ਮੈਂਬਰ ਤੁਰੰਤ ਖਾਰ ਥਾਣੇ ਪੁੱਜੇ। ਰਵੀਨਾ ਟੰਡਨ ਦੇ ਪਤੀ ਅਤੇ ਮਸ਼ਹੂਰ ਡਿਸਟ੍ਰੀਬਿਊਟਰ ਅਨਿਲ ਥਡਾਨੀ ਵੀ ਥਾਣੇ ਪਹੁੰਚੇ। ਉਨ੍ਹਾਂ ਪੀੜਤ ਪਰਿਵਾਰ ਨਾਲ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਮਾਮਲਾ ਦਰਜ ਕਰਵਾਉਣ 'ਤੇ ਅੜੇ ਰਹੇ।
ਮੁਹੰਮਦ ਨੇ ਦਾਅਵਾ ਕੀਤਾ ਕਿ ਉਹ ਖਾਰ ਥਾਣੇ 'ਚ ਪੀੜਤਾ ਨਾਲ 4 ਘੰਟੇ ਉਡੀਕ ਕਰਦਾ ਰਿਹਾ ਪਰ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਮੁਹੰਮਦ ਨੇ ਕਿਹਾ, 'ਉਨ੍ਹਾਂ ਨੇ ਸਾਨੂੰ ਥਾਣੇ ਦੇ ਬਾਹਰ ਹੀ ਮਾਮਲਾ ਸੁਲਝਾਉਣ ਲਈ ਕਿਹਾ। ਪਰ ਅਸੀਂ ਉਨ੍ਹਾਂ ਨਾਲ ਕਿਉਂ ਸਮਝੌਤਾ ਕਰੀਏ? ਮੇਰੀ ਮਾਂ 'ਤੇ ਹਮਲਾ ਹੋਇਆ ਹੈ ਅਤੇ ਮੈਂ ਇਨਸਾਫ਼ ਚਾਹੁੰਦਾ ਹਾਂ’। ਫਿਲਹਾਲ ਇਸ ਪੂਰੇ ਮਾਮਲੇ 'ਤੇ ਰਵੀਨਾ ਦੇ ਪੱਖ ਤੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
(For more Punjabi news apart from Raveena Tandon, her driver accused of assaulting woman, stay tuned to Rozana Spokesman)