ਵਹਾਬ ਨੇ ਕਿਹਾ ਕਿ ਉਹ ਤੇਲਗੂ ’ਚ ਦੋ-ਤਿੰਨ ਫਿਲਮਾਂ ਕਰ ਰਹੀ ਹੈ
ਮੁੰਬਈ : ਅਦਾਕਾਰਾ ਜ਼ਰੀਨਾ ਵਹਾਬ ਨੇ ਸੋਮਵਾਰ ਨੂੰ ਕਿਹਾ ਕਿ ਉਹ ਪ੍ਰਭਾਸ ਦੀ ਅਦਾਕਾਰੀ ਵਾਲੀ ਫਿਲਮ ‘ਰਾਜਾ ਸਾਬ’ ’ਚ ਅਪਣੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਪ੍ਰਾਪਤ ਕਰ ਕੇ ਖੁਸ਼ ਹੈ ਕਿਉਂਕਿ ਦਖਣੀ ਸਿਨੇਮਾ ’ਚ ਅਜੇ ਵੀ ਪਰਵਾਰਾਂ ਦੇ ਆਲੇ-ਦੁਆਲੇ ਘੁੰਮਦੀਆਂ ਕਹਾਣੀਆਂ ਬਣੀਆਂ ਜਾ ਰਹੀਆਂ ਹਨ।
ਵਹਾਬ ਫਿਲਮ ਵਿਚ ਪ੍ਰਭਾਸ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ। ਅਦਾਕਾਰਾ ਨੇ ਕਿਹਾ ਕਿ ਹਾਲਾਂਕਿ ਉਹ 40 ਸਾਲਾਂ ਤੋਂ ਫਿਲਮਾਂ ਵਿਚ ਕੰਮ ਕਰ ਰਹੀ ਹੈ, ਪਰ ਲੋਕ ਉਸ ਨੂੰ ਤੇਲਗੂ ਫਿਲਮ ਕਰਦੇ ਹੋਏ ਵੇਖ ਕੇ ਹੈਰਾਨ ਰਹਿ ਗਏ।
ਉਨ੍ਹਾਂ ਕਿਹਾ, ‘‘ਲੋਕ ਮੈਨੂੰ ਪੁੱਛਦੇ ਹਨ ਕਿ ਮੈਂ ਤੇਲਗੂ ਫਿਲਮਾਂ ਕਿਉਂ ਕਰ ਰਹੀ ਹਾਂ, ਇਸ ਲਈ ਮੈਂ ਕਿਹਾ ਕਿ ਹਿੰਦੀ ਫਿਲਮਾਂ ’ਚ ‘ਪਰਵਾਰ’ ਮਰ ਗਿਆ ਹੈ। ਦੱਖਣ ’ਚ, ਪਰਵਾਰ ਅਜੇ ਵੀ ਬਹੁਤ ਜ਼ਿੰਦਾ ਹੈ (ਕਹਾਣੀ ਸੁਣਾਉਣ ਵਿਚ)। ਇੱਥੇ ਬਹੁਤ ਸਾਰੀਆਂ ਪਰਵਾਰਕ ਫਿਲਮਾਂ ਹਨ। ਮੈਂ ਇਸ ਦਾ ਬਹੁਤ ਅਨੰਦ ਲਿਆ। ਮੈਂ ਤੇਲਗੂ ਅਤੇ ਹਿੰਦੀ ਇੰਡਸਟਰੀ ਦੀ ਬਹੁਤ ਧੰਨਵਾਦੀ ਹਾਂ। (ਪਰ) ਪਰਵਾਰਕ ਫਿਲਮਾਂ ’ਚ, ਮੇਰੇ ਵਰਗੇ ਕਲਾਕਾਰ ਜਾਂ ਕੋਈ ਵੀ ਫਿੱਟ ਹੋ ਸਕਦਾ ਹੈ। ਜਦੋਂ ਮੈਂ ਰੂਪਰੇਖਾ ਸੁਣੀ ਤਾਂ ਮੈਂ ਹਾਂ ਕਹਿ ਦਿਤੀ ਅਤੇ ਪ੍ਰਭਾਸ ਦਾ ਨਾਮ ਸੁਣਨ ਤੋਂ ਬਾਅਦ ਕੋਈ ਵੀ ਫਿਲਮ ਨੂੰ ਨਾਂਹ ਨਹੀਂ ਕਹਿ ਸਕਦਾ।’’ ਫਿਲਮ ਦੀ ਟੀਮ ਨੇ ਇਸ ਸਮਾਗਮ ਵਿਚ ਗੀਤ ‘ਨਾਚੇ ਨਾਚੇ’ ਵੀ ਲਾਂਚ ਕੀਤਾ।
ਵਹਾਬ ਨੇ ਕਿਹਾ ਕਿ ਉਹ ਤੇਲਗੂ ’ਚ ਦੋ-ਤਿੰਨ ਫਿਲਮਾਂ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪ੍ਰਭਾਸ ਨਾਲ ਦੁਬਾਰਾ ਕੰਮ ਕਰਨ ਦੀ ਉਮੀਦ ਹੈ। ਉਨ੍ਹਾਂ ਨੇ ਫਿਲਮ ਲਈ ਨਿਰਦੇਸ਼ਕ ਮਾਰੂਤੀ ਦਾ ਧੰਨਵਾਦ ਵੀ ਕੀਤਾ। ‘ਰਾਜਾ ਸਾਬ’ 9 ਜਨਵਰੀ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਪੀਪਲ ਮੀਡੀਆ ਫੈਕਟਰੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਅਨਿਲ ਥਡਾਨੀ ਉੱਤਰ ਵਿਚ ਫਿਲਮ ਦੀ ਵੰਡ ਕਰ ਰਹੇ ਹਨ।
