ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਗਦਰ’ ਨੂੰ ਰਾਮਾਇਣ ਦੀ ਕਹਾਣੀ ਵਜੋਂ ਵੇਖਿਆ
ਨਵੀਂ ਦਿੱਲੀ : ਸਾਲ 2001 ’ਚ ਆਈ ਫਿਲਮ ‘ਗਦਰ’ ਦੇ ਇਕ ਕਿੱਸੇ ਨੂੰ ਯਾਦ ਕਰਦੇ ਹੋਏ ਨਿਰਦੇਸ਼ਕ ਅਨਿਲ ਸ਼ਰਮਾ ਨੇ ਕਿਹਾ ਕਿ ਫਿਲਮ ’ਚ ਹੈਂਡ-ਪੰਪ ਵਾਲੇ ਦ੍ਰਿਸ਼ ਨੂੰ ਸ਼ਾਮਲ ਕਰਨ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਨਕਾਰਾਤਮਕ ਰਾਏ ਸੀ ਅਤੇ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਨਕਲੀ ਲੱਗੇਗਾ, ਇਹ ਭਰੋਸੇਯੋਗ ਨਹੀਂ ਹੈ, ਇਹ ਕਿਵੇਂ ਸੰਭਵ ਹੋਵੇਗਾ।
ਪਰ ਉਨ੍ਹਾਂ ਨੂੰ ਭਰੋਸਾ ਸੀ ਕਿ ਇਹ ਇਕ ਅਜਿਹਾ ਦ੍ਰਿਸ਼ ਹੈ ਜੋ ਦਰਸ਼ਕਾਂ ਨੂੰ ਜ਼ਰੂਰ ਆਕਰਸ਼ਿਤ ਕਰੇਗਾ, ਇਸ ਲਈ ਲੋਕ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫਿਲਮ ਵੇਖਣ ਆਉਣਗੇ ਅਤੇ ਉਨ੍ਹਾਂ ਨੇ ਅਪਣੀ ਗੱਲ ਸਹੀ ਸਾਬਤ ਕੀਤੀ।
ਸ਼ਰਮਾ ਨੇ ਇਕ ਇੰਟਰਵਿਊ ’ਚ ਕਿਹਾ, ‘‘ਜਦੋਂ ਮੈਂ ਲੋਕਾਂ ਨੂੰ ਹੈਂਡਪੰਪ ਦੇ ਦ੍ਰਿਸ਼ ਬਾਰੇ ਦਸਿਆ ਤਾਂ ਕੋਈ ਵੀ ਪ੍ਰਭਾਵਤ ਨਹੀਂ ਹੋਇਆ। ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਨਕਲੀ ਵਿਖਾਈ ਦੇਵੇਗਾ। ਸ਼ੂਟਿੰਗ ਦੋ ਘੰਟਿਆਂ ਲਈ ਰੋਕ ਦਿਤੀ ਗਈ ਸੀ। ਪੂਰੀ ਯੂਨਿਟ ਨੂੰ ਯਕੀਨ ਨਹੀਂ ਹੋਇਆ, ਉਨ੍ਹਾਂ ਨੇ ਕਿਹਾ ਕਿ ਇਹ ਕਿਵੇਂ ਸੰਭਵ ਹੈ? ਉਨ੍ਹਾਂ ਕਿਹਾ ਕਿ ਇਸ ਦ੍ਰਿਸ਼ ਨੂੰ ‘ਗਦਰ’ ਵਰਗੀ ਫਿਲਮ ’ਚ ਸ਼ਾਮਲ ਨਾ ਕਰੋ।’’
ਮਥੁਰਾ ਦੇ ਰਹਿਣ ਵਾਲੇ ਸ਼ਰਮਾ ਅਕਸਰ ਅਪਣੀਆਂ ਕਹਾਣੀਆਂ ਵਿਚ ਹਿੰਦੂ ਗ੍ਰੰਥਾਂ ਦਾ ਹਵਾਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਗਦਰ’ ਨੂੰ ਰਾਮਾਇਣ ਦੀ ਕਹਾਣੀ ਵਜੋਂ ਵੇਖਿਆ। ਉਨ੍ਹਾਂ ਨੇ ਹੱਥ ਨਾਲ ਹੈਂਡਪੰਪ ਵਾਲੇ ਦ੍ਰਿਸ਼ ਦੀ ਤੁਲਨਾ ਉਸ ਕਹਾਣੀ ਨਾਲ ਕੀਤੀ ਜਿਸ ’ਚ ਭਗਵਾਨ ਹਨੂੰਮਾਨ ਇਕ ਪੂਰੇ ਪਹਾੜ ਨੂੰ ਚੁੱਕ ਲਿਆਉਂਦੇ ਹਨ ਹਨ ਕਿਉਂਕਿ ਉਹ ਗੰਭੀਰ ਰੂਪ ਨਾਲ ਜ਼ਖਮੀ ਲਕਸ਼ਮਣ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੀ ਦਵਾਈ ‘ਸੰਜੀਵਨੀ’ ਦੀ ਪਛਾਣ ਨਹੀਂ ਕਰ ਸਕੇ।
ਉਨ੍ਹਾਂ ਕਿਹਾ, ‘‘ਤਾਰਾ ਸਿੰਘ ਹਨੂੰਮਾਨ ਜੀ ਨਹੀਂ ਹੋ ਸਕਦੇ, ਪਰ ਭਾਵਨਾ ਇਕੋ ਜਿਹੀ ਹੈ। ਇਸ ਲਈ, ਉਹ ਹੈਂਡਪੰਪ ਨੂੰ ਉਖਾੜ ਸਕਦਾ ਹੈ। ਫਿਲਮ ਰਿਲੀਜ਼ ਹੋਣ ਤਕ ਬਹੁਤ ਸਾਰੇ ਇਸ ਨਾਲ ਸਹਿਮਤ ਨਹੀਂ ਹੋਏ। ਜਿਹੜੇ ਲੋਕ ਅੰਗਰੇਜ਼ੀ ਫਿਲਮਾਂ ਵੇਖਦੇ ਹਨ ਉਹ ਇਹ ਨਹੀਂ ਸਮਝਦੇ ਕਿ ਸਾਡੇ ਛੋਟੇ ਸ਼ਹਿਰਾਂ ’ਚ ਲੋਕ ਕਿਵੇਂ ਸੋਚਦੇ ਹਨ। ਉਹ ਸਿਰਫ ਬਾਂਦਰਾ, ਵਰਸੋਵਾ (ਮੁੰਬਈ) ਅਤੇ ਦਖਣੀ ਦਿੱਲੀ ’ਚ ਰਹਿਣ ਵਾਲੇ ਲੋਕਾਂ ਬਾਰੇ ਚਿੰਤਤ ਹਨ।’’
ਅਨਿਲ ਸ਼ਰਮਾ ਦੀ ਅਗਲੀ ਫ਼ਿਲਮ ‘ਵਨਵਾਸ’ ਹੈ, ਜਿਸ ’ਚ ਉਨ੍ਹਾਂ ਦਾ ਬੇਟਾ ਉਤਕਰਸ਼ ਵੀ ਨਜ਼ਰ ਆਵੇਗਾ। ਇਹ ਫਿਲਮ 20 ਦਸੰਬਰ ਨੂੰ ਰਿਲੀਜ਼ ਹੋਵੇਗੀ ਅਤੇ ਨਾਨਾ ਪਾਟੇਕਰ ਮੁੱਖ ਭੂਮਿਕਾ ’ਚ ਹਨ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਪਿਤਾ ਦੀ ਮੌਤ ਤੋਂ ਬਾਅਦ ਇਕ ਡੂੰਘਾ ਖਲਾਅ ਮਹਿਸੂਸ ਕੀਤਾ ਅਤੇ ਅਪਣੀ ਜ਼ਿੰਦਗੀ ’ਚ ਮਾਪਿਆਂ ਦੀ ਮਹੱਤਤਾ ’ਤੇ ਇਕ ਫਿਲਮ ਬਣਾਉਣ ਬਾਰੇ ਸੋਚਿਆ।
ਫਿਲਮ ਨਿਰਮਾਤਾ ਨੇ ਕਿਹਾ ਕਿ ਇਹ ਫਿਲਮ (ਜਲਾਵਤਨ) ਵਿਖਾਉਂਦੀ ਹੈ ਕਿ ਕਿਵੇਂ ਪਰਵਾਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਿਆਰਿਆਂ ਵਲੋਂ ਵੱਖ-ਵੱਖ ਕਾਰਨਾਂ ਕਰ ਕੇ ਕੱਢ ਦਿਤਾ ਜਾਂਦਾ ਹੈ।
ਉਨ੍ਹਾਂ ਕਿਹਾ, ‘‘ਇਹ ਇਕ ਸਧਾਰਣ ਕਹਾਣੀ ’ਤੇ ਅਧਾਰਤ ਫਿਲਮ ਹੈ, ਜਿਸ ਨੂੰ ਅਸੀਂ ਬਹੁਤ ਸੰਵੇਦਨਸ਼ੀਲਤਾ ਨਾਲ ਬਣਾਇਆ ਹੈ। ਇਹ ਇਕ ਪਰਵਾਰਕ ਫਿਲਮ ਹੈ ਜਿਸ ਨੂੰ ਇਕੱਠੇ ਵੇਖਿਆ ਜਾ ਸਕਦਾ ਹੈ। ਬਹੁਤ ਸਾਰੇ ਮਨੋਰੰਜਨ ਅਤੇ ਹਾਸੇ-ਮਜ਼ਾਕ ਦੇ ਨਾਲ, ਮੈਂ ਇਕ ਅਜਿਹੀ ਕਹਾਣੀ ਦਸਣਾ ਚਾਹੁੰਦਾ ਸੀ ਜੋ ਲੋਕਾਂ ਦੀ ਜ਼ਮੀਰ ਨੂੰ ਹਿਲਾ ਦੇਵੇ।’’
ਉਨ੍ਹਾਂ ਕਿਹਾ ਕਿ ਪਾਟੇਕਰ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਦੀ ਅਦਾਕਾਰੀ ਹੁਣ ਰੀਲ, ਮੀਮਜ਼ ਅਤੇ ਯੂਟਿਊਬ ਵੀਡੀਉ ’ਚ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਕਿਹਾ, ‘‘ਨਾਨਾ ਪਾਟੇਕਰ ਨੂੰ ਅਦਾਕਾਰੀ ਕਰਦੇ ਵੇਖਣਾ ਅੱਜ ਦੀ ਪੀੜ੍ਹੀ ਲਈ ਬਹੁਤ ਵਧੀਆ ਤਜਰਬਾ ਹੋਵੇਗਾ। ਦੂਜਾ ਕਿਰਦਾਰ ਉਤਕਰਸ਼ ਨੇ ਨਿਭਾਇਆ ਹੈ। ਲੋਕ ਉਸ ਨੂੰ ਪਹਿਲਾਂ ਹੀ ‘ਜੀਨੀਅਸ’ ਅਤੇ ‘ਗਦਰ 2’ ’ਚ ਵੇਖ ਚੁਕੇ ਹਨ।’’ ਸ਼ਰਮਾ ਨੂੰ ਭਰੋਸਾ ਹੈ ਕਿ ‘ਵਨਵਾਸ’ ਦਰਸ਼ਕਾਂ ਨੂੰ ਉਸੇ ਤਰ੍ਹਾਂ ਜੋੜੇਗੀ ਜਿਵੇਂ ‘ਗਦਰ 2’ ਨੇ ਕੀਤਾ ਸੀ।