ਸ਼ੂਟਿੰਗ ਦੌਰਾਨ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਫ਼ਿਲਮਾਇਆ ਗਿਆ ਰੋਮਾਂਟਿਕ ਦ੍ਰਿਸ਼
ਨਿਹੰਗ ਸਿੰਘਾਂ ਦੇ ਬਾਣੇ 'ਚ ਗਤਕਾ ਖੇਡਦੇ ਨਜ਼ਰ ਆਏ ਨੌਜੁਆਨ
ਮੋਹਾਲੀ (ਕੋਮਲਜੀਤ ਕੌਰ, ਕੁਲਦੀਪ ਸਿੰਘ ਭੋੜੇ): ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਨਵੀਂ ਫ਼ਿਲਮ 'ਗਦਰ-2' ਦੀ ਸ਼ੂਟਿੰਗ ਚਲ ਰਹੀ ਹੈ। ਉਨ੍ਹਾਂ ਵਲੋਂ ਗੁਰੂ ਘਰ ਦੀ ਹਦੂਦ ਅੰਦਰ ਇਸ ਫ਼ਿਲਮ ਦਾ ਇਕ ਰੋਮਾਂਟਿਕ ਦ੍ਰਿਸ਼ ਫ਼ਿਲਮਾਇਆ ਗਿਆ ਹੈ। ਜਿਸ ਦੀ ਧਾਰਮਕ ਆਗੂਆਂ ਵਲੋਂ ਨਿਖੇਧੀ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਫ਼ਿਲਮ ਦੇ ਇਸ ਦ੍ਰਿਸ਼ ਦੀ ਇਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਝ ਨੌਜੁਆਨ ਨਿਹੰਗ ਸਿੰਘਾਂ ਦੇ ਬਾਣੇ ਵਿਚ ਗਤਕਾ ਵੀ ਖੇਡ ਰਹੇ ਹਨ। ਸਿੱਖ ਆਗੂਆਂ ਵਲੋਂ ਇਸ ਨੂੰ ਗੁਰ ਮਰਿਆਦਾ ਦੀ ਉਲੰਘਣਾ ਕਰਾਰ ਦਿੰਦਿਆਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀਡੀਉ ਪੰਚਕੁਲਾ ਸਥਿਤ ਗੁਰਦੁਆਰਾ ਸ੍ਰੀ ਕੂਹਣੀ ਸਾਹਿਬ ਦੀ ਦੱਸੀ ਜਾ ਰਹੀ ਹੈ। ਜਿਥੇ ਅਦਾਕਾਰ ਸੰਨੀ ਦਿਓਲ ਅਤੇ ਅਦਾਕਾਰਾ ਅਮੀਸ਼ਾ ਪਟੇਲ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ। ਜਾਣਕਾਰੀ ਅਨੁਸਾਰ ਇਹ ਗੁਰੂ ਘਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਸਗੋਂ ਇਕ ਨਿਜੀ ਸੇਵਾਦਾਰ ਮਹਿੰਦਰ ਸਿੰਘ ਦੇ ਅਧੀਨ ਹੈ।
ਐਚ.ਐਸ.ਜੀ.ਪੀ.ਸੀ. ਦੇ ਅਧੀਨ ਨਹੀਂ ਆਉਂਦਾ ਇਹ ਗੁਰੂ ਘਰ : ਪ੍ਰਧਾਨ ਮਹੰਤ ਕਰਮਜੀਤ ਸਿੰਘ
ਇਸ ਪੂਰੇ ਮਾਮਲੇ ਬਾਰੇ ਐਚ.ਐਸ.ਜੀ.ਪੀ.ਸੀ. ਪ੍ਰਧਾਨ ਮਹੰਤ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਗੁਰੂ ਘਰ ਹਰਿਆਣਾ ਕਮੇਟੀ ਦੇ ਅਧੀਨ ਨਹੀਂ ਪਰ ਗੁਰ ਮਰਿਆਦਾ ਦੀ ਉਲੰਘਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਸਿੱਖੀ ਇਸ ਵਕਤ ਕਿਹੜੀ ਦਿਸ਼ਾ ਵਲ ਜਾ ਰਹੀ ਹੈ, ਉਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਗੁਰਧਾਮਾਂ 'ਚ ਕਿਹੜੇ ਕਰਮ ਹੋਣੇ ਚਾਹੀਦੇ ਹਨ ਅਤੇ ਕਿਹੜੇ ਨਹੀਂ ਹੋਣੇ ਚਾਹੀਦੇ। ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਗ਼ੁਨਾਹ ਕਰਨ ਵਾਲੇ ਜਾਂ ਤਾਂ ਇਸ ਦੀ ਮੁਆਫ਼ੀ ਮੰਗਣ ਨਹੀਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਪਹੁੰਚ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਜਾਜ਼ਤ ਦੇਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾ ਕੇ ਸਜ਼ਾ ਦਿਤੀ ਜਾਵੇ : ਬਲਜੀਤ ਸਿੰਘ ਦਾਦੂਵਾਲ
ਕਿਹਾ, ਮਹਿਜ਼ ਸੁਰਖੀਆਂ ਬਟੋਰਨ ਲਈ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨ ਅਦਾਕਾਰ
ਗੁਰੂ ਘਰ ਵਿਚ ਅਜਿਹੇ ਦ੍ਰਿਸ਼ ਫਿਲਮਾਉਣੇ ਅਤਿ ਨਿੰਦਣਯੋਗ ਹਨ। ਇਸ ਤਰ੍ਹਾਂ ਗੁਰ ਮਰਿਆਦਾ ਦੀ ਉਲੰਘਣਾ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਖ਼ੁਦ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਵੀ ਇਸ ਦੀ ਇਜਾਜ਼ਤ ਦਿਤੀ ਹੈ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੁਲਾ ਕੇ ਇਕ ਸਜ਼ਾ, ਦੂਜਾ ਤਾੜਨਾ ਅਤੇ ਮਰਿਆਦਾ ਦੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਗੁਸਤਾਖ਼ੀ ਨਾ ਕਰੇ। ਬਲਜੀਤ ਸਿੰਘ ਦਾਦੂਵਾਲ ਦਾ ਕਹਿਣਾ ਹੈ ਕਿ ਅਦਾਕਾਰਾਂ ਅਤੇ ਡਾਇਰੈਕਟਰਾਂ ਨੂੰ ਅਪਣੀਆਂ ਫ਼ਿਲਮਾਂ ਸੁਰਖੀਆਂ 'ਚ ਲਿਆਉਣ ਲਈ ਅਜਿਹੀਆਂ ਗਤੀਵਿਧੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਾਰਵਾਈ ਦਾ ਭਰੋਸਾ ਦਿਤਾ
ਕਿਹਾ, ਗੁਰੂ ਘਰ 'ਚ ਸਿੱਖੀ ਮਰਿਆਦਾ ਅਨੁਸਾਰ ਕਿਸੇ ਵੀ ਤਰ੍ਹਾਂ ਦੇ ਦ੍ਰਿਸ਼ ਦੇ ਫ਼ਿਲਮਾਂਕਣ ਦੀ ਮੁਖ਼ਾਲਫ਼ਤ ਨਹੀਂ ਕਰਦੇ
ਐਸ.ਜੀ.ਪੀ.ਸੀ. ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੰਨੀ ਦਿਓਲ ਸਿਰਫ਼ ਅਦਾਕਾਰ ਹੀ ਨਹੀਂ ਸਗੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਵੀ ਹਨ ਅਤੇ ਇਸ ਤੋਂ ਵੀ ਵੱਧ ਕਿ ਉਹ ਲੁਧਿਆਣਾ ਦੇ ਸਾਹਨੇਵਾਲ ਨਾਲ ਸਬੰਧ ਰੱਖਦੇ ਹਨ। ਅਜਿਹਾ ਨਹੀਂ ਹੋ ਸਕਦਾ ਕਿ ਉਹ ਸਿੱਖੀ ਮਰਿਆਦਾ ਜਾਂ ਸਤਿਕਾਰ ਬਾਰੇ ਵਾਕਫ਼ ਨਾ ਹੋਣ। ਉਨ੍ਹਾਂ ਕਿਹਾ ਕਿ ਨੌਜੁਆਨਾਂ ਵਲੋਂ ਫ਼ਿਲਮ ਲਈ ਖੇਡਿਆ ਜਾ ਰਿਹਾ ਗਤਕਾ ਸਿੱਖੀ ਪ੍ਰੰਪਰਾ ਦੀ ਨਿਸ਼ਾਨੀ ਹੈ ਅਤੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਅਜਿਹੇ ਦ੍ਰਿਸ਼ ਫ਼ਿਲਮਾਉਣ ਦੀ ਇਜਾਜ਼ਤ ਦੇਣਾ ਬਹੁਤ ਦੁੱਖ ਦੀ ਗੱਲ ਹੈ। ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਉਹ ਗੁਰੂ ਘਰ ਵਿਚ ਕਿਸੇ ਤਰ੍ਹਾਂ ਦੇ ਫ਼ਿਲਮਾਂਕਣ ਦੀ ਮੁਖ਼ਾਲਫ਼ਤ ਨਹੀਂ ਕਰਦੇ ਪਰ ਇਹ ਸਿੱਖੀ ਮਰਿਆਦਾ ਅਨੁਸਾਰ ਤੇ ਗੁਰੂ ਸਾਹਿਬ ਦੇ ਸਤਿਕਾਰ ਵਿਚ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨ ਹੈ ਕਿ ਇਹ ਜਾਣਬੁਝ ਕੇ ਕੀਤਾ ਗਿਆ ਹੈ ਜਾਂ ਸੁਰਖੀਆਂ ਬਟੋਰਨ ਦਾ ਮਹਿਜ਼ ਇਕ ਤਰੀਕਾ ਹੈ। ਉਨ੍ਹਾਂ ਦਸਿਆ ਕਿ ਇਹ ਪੂਰਾ ਮਾਮਲਾ ਸਾਡੇ ਧਿਆਨ ਵਿਚ ਹੈ। ਉਨ੍ਹਾਂ ਵਲੋਂ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਗੁਰਦੁਆਰਾ ਪ੍ਰਬੰਧਕਾਂ, ਅਦਾਕਾਰ ਸੰਨੀ ਦਿਓਲ, ਡਾਇਰੈਕਟਰ ਅਤੇ ਹੋਰ ਜ਼ਿਮੇਵਾਰ ਟੀਮ ਵਿਰੁਧ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਗਈ ਹੈ।