ਨਾਮਜ਼ਦਗੀਆਂ ਦਾ 22 ਜਨਵਰੀ ਨੂੰ ਕੀਤਾ ਜਾਵੇਗਾ ਐਲਾਨ
ਲਾਸ ਏਂਜਲਿਸ: ‘ਅਕਾਦਮੀ ਆਫ਼ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼’ ਨੇ ਐਲਾਨ ਕੀਤਾ ਹੈ ਕਿ ਮਸ਼ਹੂਰ ਕੰਨੜ ਫ਼ਿਲਮ ‘ਕਾਂਤਾਰਾ : ਏ ਲੀਜੈਂਡ - ਚੈਪਟਰ 1’ ਅਤੇ ਹਿੰਦੀ ਫ਼ਿਲਮ ‘ਤਨਵੀ ਦ ਗ੍ਰੇਟ’ ਸਮੇਤ ਚਾਰ ਭਾਰਤੀ ਫ਼ਿਲਮਾਂ ਆਸਕਰ 2026 ਦੀ ਬਿਹਤਰੀਨ ਫ਼ਿਲਮ ਪੁਰਸਕਾਰ ਦੀ ਦੌੜ ’ਚ ਸ਼ਾਮਲ ਹਨ। ਇਸ ਸ਼੍ਰੇਣੀ ’ਚ ਕੁਲ 201 ਫ਼ਿਲਮਾਂ ਵਿਚਕਾਰ ਮੁਕਾਬਲਾ ਹੈ।
ਅਕਾਦਮੀ ਨੇ ਵੀਰਵਾਰ ਨੂੰ ‘98ਵੇਂ ਪੁਰਸਕਾਰਾਂ ਲਈ ਪਾਤਰ ਫ਼ਿਲਮਾਂ ਦੀ ਸ਼ੁਰੂਆਤੀ ਸੂਚੀ’ ਜਾਰੀ ਕੀਤੀ। ਇਹ ਸੂਚੀ ਬਿਹਤਰੀਨ ਫ਼ਿਲਮ ਸਮੇਤ ਆਮ ਸ਼੍ਰੇਣੀਆਂ ’ਚ ਵਿਚਾਰ ਲਈ ਪਾਤਰ ਫ਼ਿਲਮਾਂ ਦੀ ਹੈ ਅਤੇ ਨਾਮਜ਼ਦਗੀ ਦੇ ਐਲਾਨ ਤੋਂ ਪਹਿਲਾਂ ਦਾ ਪੜਾਅ ਹੈ। ਨਾਮਜ਼ਦਗੀਆਂ ਦਾ ਐਲਾਨ 22 ਜਨਵਰੀ ਨੂੰ ਕੀਤਾ ਜਾਵੇਗਾ।
ਰਿਸ਼ਭ ਸ਼ੈੱਟੀ ਦੀ ਅਦਾਕਾਰੀ ਵਾਲੀ ‘ਕਾਂਤਾਰਾ’ ਅਤੇ ਅਨੁਪਮ ਖੇਰ ਦੇ ਨਿਰਦੇਸ਼ਨ ’ਚ ਬਣੀ ‘ਤਨਵੀ ਦ ਗ੍ਰੇਟ’ ਤੋਂ ਇਲਾਵਾ ਸੂਚੀ ’ਚ ਸ਼ਾਮਲ ਹੋਰ ਭਾਰਤੀ ਫ਼ਿਲਮਾਂ ’ਚ ਬਹੁਭਾਸ਼ੀ ਐਨੀਮੇਟਡ ਫ਼ਿਲਮ ‘ਮਹਾਵਤਾਰ ਨਰਸਿਮਹਾ’ ਅਤੇ ਅਭਿਸ਼ਾਨ ਜੀਵਿੰਤ ਦੀ ਤਮਿਲ ਫ਼ਿਲਮ ‘ਟੂਰਿਸਟ ਫ਼ੈਮਿਲੀ’ ਸ਼ਾਮਲ ਹਨ।
ਇਸ ਤੋਂ ਇਲਾਵਾ, ਬ੍ਰਿਟੇਨ ਅਤੇ ਭਾਰਤ ਦੇ ਸਹਿਯੋਗ ਨਾਲ ਬਣੀ ਰਾਧਿਕਾ ਆਪਟੇ ਦੀ ਹਿੰਦੀ ਭਾਸ਼ੀ ਫ਼ਿਲਮ ‘ਸਿਸਟਰ ਮਿਡਨਾਈਟ’ ਵੀ ਇਸ ਸੂਚੀ ਵਿਚ ਥਾਂ ਬਣਾਉਣ ’ਚ ਸਫ਼ਲ ਰਹੀ ਹੈ।
ਅਕਾਦਮੀ ਅਨੁਸਾਰ, ਕੁਲ 317 ਫ਼ਿਲਮਾਂ 98ਵੇਂ ਅਕਾਦਮੀ ਪੁਰਸਕਾਰਾਂ ਲਈ ਪਾਤਰ ਹਨ, ਜਿਨ੍ਹਾਂ ’ਚੋਂ 201 ਫ਼ਿਲਮਾਂ ਬਿਹਤਰੀਨ ਸ਼੍ਰੇਣੀ ’ਚ ਵਿਚਾਰ ਲਈ ਜ਼ਰੂਰੀ ਵਾਧੂ ਪਾਤਰਤਾ ਮਾਨਦੰਡਾਂ ਨੂੰ ਪੂਰਾ ਕਰਦੀ ਹੈ। ਹਾਲਾਂਕਿ, ਸ਼ੁਰੂਆਤੀ ਸੂਚੀ ’ਚ ਸ਼ਾਮਲ ਹੋਣਾ ਨਾਮਜ਼ਦਗੀਆਂ ਦੀ ਗਾਰੰਟੀ ਨਹੀਂ ਹੈ ਅਤੇ ਫ਼ਿਲਮਾਂ ਨੂੰ ਅਜੇ ਅਕਾਦਮੀ ਦੀ ਵੋਟਿੰਗ ਪ੍ਰਕਿਰਿਆ ’ਚੋਂ ਲੰਘਣਾ ਹੋਵੇਗਾ।
ਆਮ ਸ਼੍ਰੇਣੀਆਂ ਦੀ ਪਾਤਰਤਾ ਲਈ ਫ਼ਿਲਮਾਂ ਦਾ ਇਕ ਜਨਵਰੀ ਤੋਂ 31 ਦਸੰਬਰ 2025 ਵਿਚਕਾਰ ਅਮਰੀਕਾ ਦੇ ਛੇ ਮਹਾਂਨਗਰੀ ਖੇਤਰਾਂ ਲਾਸ ਏਂਜਲਿਸ ਕਾਊਂਟੀ, ਨਿਊਯਾਰਕ ਸਿਟੀ, ਬੇਅ ਏਰੀਆ, ਸ਼ਿਕਾਗੋ, ਡਲਾਸ-ਫ਼ੋਰਟ ਬਰਥ ਅਤੇ ਅਟਲਾਂਟਾ ’ਚ ’ਚੋਂ ਕਿਸੇ ਇਕ ’ਚ ਸਿਨੇਮਾਘਰ ਅੰਦਰ ਪ੍ਰਦਰਸ਼ਿਤ ਹੋਣਾ ਜ਼ਰੂਰੀ ਹੈ। ਨਾਲ ਹੀ, ਉਨ੍ਹਾਂ ਨੂੰ ਉਸੇ ਸਿਨੇਮਾ ਘਰ ’ਚ ਲਗਾਤਾਰ ਘੱਟ ਤੋਂ ਘੱਟ ਸੱਤ ਦਿਨਾਂ ਤਕ ਵਿਖਾਇਆ ਜਾਣਾ ਚਾਹੀਦਾ ਹੈ।
ਇਸ ਵਾਰੀ ਦੇ ਆਸਕਰ ਸਮਾਰੋਹ ’ਚ 15 ਮਾਰਚ ਨੂੰ ਕੁਲ 24 ਸ਼੍ਰੇਣੀਆਂ ’ਚ ਪੁਰਸਕਾਰ ਦਿਤੇ ਜਾਣਗੇ। ਬਿਹਤਰੀਨ ਫ਼ਿਲਮ ਨੂੰ ਛੱਡ ਕੇ ਹਰ ਸ਼੍ਰੇਣੀ ’ਚ ਪੰਜ ਨਾਮਜ਼ਦਗੀਆਂ ਹੋਣਗੀਆਂ, ਜਦਕਿ ਬਿਹਤਰੀਨ ਫ਼ਿਲਮ ਸ਼੍ਰੇਣੀ ’ਚ 10 ਨਾਮਜ਼ਦਗੀਆਂ ਹੋਣਗੀਆਂ।
