
ਰਾਜ ਕਪੂਰ ਦੇ ਪਰਵਾਰ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ, ਰਾਜ ਕਪੂਰ ਫਿਲਮ ਫੈਸਟੀਵਲ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਰਾਜ ਕਪੂਰ ਦਾ ਸ਼ਤਾਬਦੀ ਸਾਲ ਭਾਰਤੀ ਸਿਨੇਮਾ ਲਈ ਸੁਨਹਿਰੀ ਯੁੱਗ ਹੈ। ਉਸ ਨੇ ਸੁਝਾਅ ਦਿਤਾ ਕਿ ਰਾਜ ਕਪੂਰ ਦੇ ਪਰਵਾਰ ਨੂੰ ਸ਼ੋਅਮੈਨ ਦੀ ਕੌਮਾਂਤਰੀ ‘ਸਾਫਟ ਪਾਵਰ’ ’ਤੇ ਇਕ ਦਸਤਾਵੇਜ਼ੀ ਫਿਲਮ ਬਣਾ ਕੇ ਸ਼ੋਅਮੈਨ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਰਾਜ ਕਪੂਰ ਨੂੰ ਅਕਸਰ ਭਾਰਤੀ ਸਿਨੇਮਾ ਦਾ ਸੱਭ ਤੋਂ ਮਹਾਨ ‘ਸ਼ੋਅਮੈਨ’ ਕਿਹਾ ਜਾਂਦਾ ਹੈ। ਮੰਗਲਵਾਰ ਨੂੰ ਅਦਾਕਾਰ ਰਣਬੀਰ ਕਪੂਰ ਸਮੇਤ ਰਾਜ ਕਪੂਰ ਦੇ ਪਰਵਾਰ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਰਾਜ ਕਪੂਰ ਫਿਲਮ ਫੈਸਟੀਵਲ ’ਚ ਸ਼ਾਮਲ ਹੋਣ ਦਾ ਸੱਦਾ ਦਿਤਾ।
ਫਿਲਮ ਨਿਰਮਾਤਾ ਅਤੇ ਅਦਾਕਾਰ ਰਾਜ ਕਪੂਰ ਦਾ 100ਵਾਂ ਜਨਮ ਦਿਨ 14 ਦਸੰਬਰ ਨੂੰ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਰਾਜ ਕਪੂਰ ਦਾ 100ਵਾਂ ਜਨਮਦਿਨ ਭਾਰਤੀ ਸਿਨੇਮਾ ਦੇ ਸੁਨਹਿਰੀ ਸਫ਼ਰ ’ਚ ਇਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਯਾਤਰਾ 1947 ਦੇ ‘ਨੀਲ ਕਮਲ’ ਨਾਲ ਸ਼ੁਰੂ ਹੋਈ ਸੀ ਅਤੇ ਅਸੀਂ 2047 ਵਲ ਵਧ ਰਹੇ ਹਾਂ। ਜਦੋਂ ਅਸੀਂ 100 ਸਾਲਾਂ ਦੀ ਇਸ ਯਾਤਰਾ ’ਤੇ ਨਜ਼ਰ ਮਾਰਦੇ ਹਾਂ, ਤਾਂ ਇਹ ਦੇਸ਼ ਲਈ ਇਕ ਵੱਡਾ ਯੋਗਦਾਨ ਹੈ।’’
ਉਨ੍ਹਾਂ ਕਿਹਾ, ‘‘ਕੂਟਨੀਤਕ ਜਗਤ ’ਚ ਅਸੀਂ ਸਾਫਟ ਪਾਵਰ ਬਾਰੇ ਬਹੁਤ ਗੱਲਾਂ ਕਰਦੇ ਹਾਂ। ਅਤੇ ਉਸ ਸਮੇਂ ਜਦੋਂ ਇਹ ਵਾਕ ਮੌਜੂਦ ਵੀ ਨਹੀਂ ਸੀ, ਰਾਜ ਕਪੂਰ ਨੇ ਪੂਰੀ ਦੁਨੀਆਂ ’ਚ ਭਾਰਤ ਦੀ ‘ਸਾਫ਼ਟ ਪਾਵਰ’ ਸਥਾਪਤ ਕੀਤੀ। ਇਹ ਭਾਰਤ ਲਈ ਉਨ੍ਹਾਂ ਦੀ ਮਹਾਨ ਸੇਵਾ ਸੀ।’’
ਪ੍ਰਧਾਨ ਮੰਤਰੀ ਨੇ ਫਿਰ ਸੁਝਾਅ ਦਿਤਾ ਕਿ ਪਰਵਾਰ ਨੂੰ ਰਾਜ ਕਪੂਰ ਅਤੇ ਉਨ੍ਹਾਂ ਦੀਆਂ ਫਿਲਮਾਂ ਦੇ ਵਿਸ਼ਵਵਿਆਪੀ ਪ੍ਰਭਾਵ ਨੂੰ ਵਿਜ਼ੂਅਲ ਫਾਰਮੈਟਾਂ ਰਾਹੀਂ ਪੇਸ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘‘ਕੀ ਅਸੀਂ ਕੁੱਝ ਕਰ ਸਕਦੇ ਹਾਂ, ਸ਼ਾਇਦ ਇਕ ਅਜਿਹੀ ਫਿਲਮ ਜੋ ਮੱਧ ਏਸ਼ੀਆ ਦੇ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ’ਤੇ ਰਾਜ ਕਪੂਰ ਦੀ ਛਾਪ ਨੂੰ ਦਰਸਾਉਂਦੀ ਹੋਵੇ। ਮੱਧ ਏਸ਼ੀਆ ’ਚ ਉਨ੍ਹਾਂ ਦੇ ਜੀਵਨ ’ਤੇ ਉਨ੍ਹਾਂ ਦਾ ਵੱਡਾ ਪ੍ਰਭਾਵ ਸੀ ਅਤੇ ਮੈਨੂੰ ਲਗਦਾ ਹੈ ਕਿ ਸਾਨੂੰ ਇਸ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ ਅਤੇ ਇਸ ਨੂੰ ਨਵੀਂ ਪੀੜ੍ਹੀ ਨਾਲ ਜੋੜਨਾ ਚਾਹੀਦਾ ਹੈ। ਸਾਨੂੰ ਇਸ ਨੂੰ ਜੋੜਨ ਲਈ ਕੁੱਝ ਕਰਨਾ ਚਾਹੀਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਸੰਭਵ ਹੈ।’’
ਰਾਜ ਕਪੂਰ ਦੀਆਂ ਫਿਲਮਾਂ ਦੀ ਤਾਕਤ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨਾਲ ਜੁੜੀ ਇਕ ਘਟਨਾ ਸੁਣਾਈ।
ਉਨ੍ਹਾਂ ਕਿਹਾ, ‘‘ਜਨਸੰਘ ਦੇ ਦੌਰ ’ਚ ਦਿੱਲੀ ’ਚ ਚੋਣਾਂ ਹੋਈਆਂ ਅਤੇ ਉਹ ਚੋਣਾਂ ਹਾਰ ਗਏ। ਇਸ ਲਈ ਅਡਵਾਨੀ ਜੀ ਅਤੇ ਅਟਲ ਜੀ ਨੇ ਕਿਹਾ, ‘ਅਸੀਂ ਚੋਣ ਹਾਰ ਗਏ ਹਾਂ, ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਆਓ ਇਕ ਫਿਲਮ ਵੇਖੀਏ।’’ ਉਨ੍ਹਾਂ ਕਿਹਾ, ‘‘ਅਸੀਂ ਇਕ ਫਿਲਮ ਵੇਖਣ ਗਏ ਸਨ ਅਤੇ ਇਹ ਰਾਜ ਕਪੂਰ ਦੀ ਫਿਲਮ ‘ਫਿਰ ਸੁਬਾਹ ਹੋਗੀ’ (1958) ਸੀ ਅਤੇ ਫਿਰ ਇਕ ਨਵੀਂ ਸਵੇਰ ਹੋਈ।’’
ਉਨ੍ਹਾਂ ਨੇ ਇਹ ਵੀ ਦਸਿਆ ਕਿ ਇਕ ਵਾਰ ਉਹ ਚੀਨ ਗਏ ਸਨ, ਜਿੱਥੇ ਮੇਜ਼ਬਾਨ ਰਾਜ ਕਪੂਰ ਦੀਆਂ ਫਿਲਮਾਂ ਦੇ ਗਾਣੇ ਵਜਾ ਰਿਹਾ ਸੀ। ਮੋਦੀ ਨੇ ਪਰਵਾਰ ਨੂੰ ਕਿਹਾ, ‘‘ਮੈਂ ਅਪਣੀ ਟੀਮ ਨੂੰ ਇਸ ਨੂੰ ਮੋਬਾਈਲ ’ਤੇ ਰੀਕਾਰਡ ਕਰਨ ਲਈ ਕਿਹਾ ਅਤੇ ਰਿਸ਼ੀ ਜੀ ਨੂੰ ਭੇਜ ਦਿਤਾ। ਉਹ ਬਹੁਤ ਖੁਸ਼ ਸੀ।’’
ਆਲੀਆ ਭੱਟ, ਜੋ ਅਪਣੇ ਪਤੀ ਰਣਬੀਰ ਕਪੂਰ ਨਾਲ ਸੀ, ਨੇ ਦੁਨੀਆਂ ਭਰ ’ਚ ਹਿੰਦੀ ਗਾਣਿਆਂ ਦੀ ਪ੍ਰਸਿੱਧੀ ਬਾਰੇ ਗੱਲ ਕੀਤੀ ਅਤੇ ਪ੍ਰਧਾਨ ਮੰਤਰੀ ਨੂੰ ਪੁਛਿਆ ਕਿ ਕੀ ਉਨ੍ਹਾਂ ਨੂੰ ਗਾਣੇ ਸੁਣਨ ਦਾ ਸਮਾਂ ਮਿਲਦਾ ਹੈ। ਉਨ੍ਹਾਂ ਕਿਹਾ, ‘‘ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਗਾਣੇ ਸੁਣਨਾ ਪਸੰਦ ਕਰਦਾ ਹਾਂ।’’
ਮੋਦੀ ਨੇ ਕਿਹਾ ਕਿ ਉਹ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਦੋ ਬੱਚਿਆਂ ਤੈਮੂਰ ਅਤੇ ਜੇਹ ਨੂੰ ਮਿਲਣ ਲਈ ਉਤਸੁਕ ਸਨ। ਗੱਲਬਾਤ ਦੌਰਾਨ ਸੈਫ ਨੇ ਮੋਦੀ ਨੂੰ ਦਸਿਆ ਕਿ ਉਹ ਅਪਣੀ ਜ਼ਿੰਦਗੀ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਉਹ ਮਿਲੇ ਸਨ। ਉਨ੍ਹਾਂ ਕਿਹਾ, ‘‘ਤੁਸੀਂ ਪਹਿਲੇ ਪ੍ਰਧਾਨ ਮੰਤਰੀ ਹੋ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ। ਤੁਸੀਂ ਬਹੁਤ ਊਰਜਾਵਾਨ ਹੋ ਅਤੇ ਤੁਸੀਂ ਬਹੁਤ ਸਖਤ ਮਿਹਨਤ ਕਰਦੇ ਹੋ। ਤੁਸੀਂ ਜੋ ਵੀ ਕਰੋ, ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ। ਅਪਣੇ ਦਰਵਾਜ਼ੇ ਖੋਲ੍ਹਣ ਅਤੇ ਸਾਡੇ ਲਈ ਉਪਲਬਧ ਹੋਣ ਲਈ ਤੁਹਾਡਾ ਧੰਨਵਾਦ।’’
ਪ੍ਰਧਾਨ ਮੰਤਰੀ ਮੋਦੀ ਨੇ ਫਿਰ ਅਦਾਕਾਰ ਨੂੰ ਦਸਿਆ ਕਿ ਉਹ ਸੈਫ ਦੇ ਪਿਤਾ ਮੰਸੂਰ ਅਲੀ ਖਾਨ ਪਟੌਦੀ ਨੂੰ ਮਿਲੇ ਸਨ ਅਤੇ ਹੁਣ ਅਗਲੀ ਪੀੜ੍ਹੀ ਨੂੰ ਮਿਲਣ ਲਈ ਉਤਸੁਕ ਹਨ। ਉਨ੍ਹਾਂ ਕਿਹਾ, ‘‘ਮੈਂ ਤੁਹਾਡੇ ਪਿਤਾ ਨੂੰ ਮਿਲਿਆ ਹਾਂ ਅਤੇ ਮੈਂ ਸੋਚਿਆ ਸੀ ਕਿ ਅੱਜ ਮੈਂ ਤੀਜੀ ਪੀੜ੍ਹੀ (ਤੈਮੂਰ ਅਤੇ ਜੇਹ) ਨੂੰ ਵੀ ਮਿਲਾਂਗਾ, ਪਰ ਤੁਸੀਂ ਉਨ੍ਹਾਂ ਨੂੰ ਨਹੀਂ ਲੈ ਕੇ ਆਏ।’’
ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੈਫ ਨੇ ਕਿਹਾ ਕਿ ਸਾਡੇ ਦੇਸ਼ ਦੇ ਮੁਖੀ ਨਾਲ ਗੱਲ ਕਰਨਾ ਇਕ ਨਿੱਘਾ ਤਜਰਬਾ ਸੀ। ਕਪੂਰ ਪਰਵਾਰ ’ਚ ਨੀਤੂ ਕਪੂਰ, ਕਰਿਸ਼ਮਾ ਕਪੂਰ, ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ, ਆਦਰ ਜੈਨ, ਅਰਮਾਨ ਜੈਨ ਅਤੇ ਅਨੀਸਾ ਮਲਹੋਤਰਾ ਵੀ ਸ਼ਾਮਲ ਸਨ। ਕਪੂਰ ਪਰਵਾਰ ਨੇ ਪ੍ਰਧਾਨ ਮੰਤਰੀ ਨੂੰ ਆਉਣ ਵਾਲੇ ਰਾਜ ਕਪੂਰ ਫਿਲਮ ਫੈਸਟੀਵਲ ਲਈ ਸੱਦਾ ਦਿਤਾ।
13 ਤੋਂ 15 ਦਸੰਬਰ ਤਕ 34 ਸ਼ਹਿਰਾਂ ਦੇ 101 ਸਿਨੇਮਾਘਰਾਂ ’ਚ ਹੋਣ ਵਾਲਾ ਇਹ ਫੈਸਟੀਵਲ ਰਾਜ ਕਪੂਰ ਦੇ ਸਿਨੇਮਾ ਨੂੰ ਸਮਰਪਿਤ ਹੁਣ ਤਕ ਦਾ ਸੱਭ ਤੋਂ ਵਿਆਪਕ ਪਿਛੋਕੜ ਵਾਲਾ ਫੈਸਟੀਵਲ ਹੋਵੇਗਾ। ਰਣਬੀਰ ਕਪੂਰ ਨੇ ਕਿਹਾ ਕਿ ਉਹ ਪਰਵਾਰ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਪ੍ਰਧਾਨ ਮੰਤਰੀ ਮੋਦੀ ਦੇ ਧੰਨਵਾਦੀ ਹਨ।
ਉਨ੍ਹਾਂ ਕਿਹਾ, ‘‘ਸਾਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ’ਚ ਬਹੁਤ ਮਜ਼ਾ ਆਇਆ ਅਤੇ ਅਸੀਂ ਉਨ੍ਹਾਂ ਤੋਂ ਬਹੁਤ ਸਾਰੇ ਨਿੱਜੀ ਸਵਾਲ ਪੁੱਛੇ। ਮੀਟਿੰਗ ਤੋਂ ਪਹਿਲਾਂ ਅਸੀਂ ਬਹੁਤ ਅਸਹਿਜ ਸੀ ਪਰ ਉਹ ਬਹੁਤ ਵਧੀਆ ਹੈ ਅਤੇ ਉਸ ਨੇ ਸਾਨੂੰ ਆਰਾਮਦਾਇਕ ਮਹਿਸੂਸ ਕਰਵਾਇਆ ਅਤੇ ਮੈਂ ਸੱਚਮੁੱਚ ਉਸ ਦਾ ਧੰਨਵਾਦ ਕਰਦਾ ਹਾਂ।’’
ਅਦਾਕਾਰਾ ਕਰੀਨਾ ਕਪੂਰ ਖਾਨ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਾ ਉਨ੍ਹਾਂ ਦਾ ਸੁਪਨਾ ਸੀ। ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਦਾਦਾ ਜੀ ਦੇ 100ਵੇਂ ਜਨਮਦਿਨ ਦੇ ਮੌਕੇ ’ਤੇ ਸਾਨੂੰ ਇਹ ਮੌਕਾ ਮਿਲਿਆ। ਉਸ ਕੋਲ ਬਹੁਤ ਸਕਾਰਾਤਮਕ ਊਰਜਾ ਹੈ ਅਤੇ ਉਹ ਇਕ ਸੱਚਾ ਗਲੋਬਲ ਨੇਤਾ ਹੈ।’’ ਆਲੀਆ ਭੱਟ ਨੇ ਕਿਹਾ ਕਿ ਕਪੂਰ ਪਰਵਾਰ ਲਈ ਇਹ ਮਾਣ ਵਾਲੀ ਗੱਲ ਹੈ।
ਕਰਿਸ਼ਮਾ ਕਪੂਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਬਹੁਤ ਖੁਸ਼ ਹਨ। ਉਨ੍ਹਾਂ ਕਹਿਾ, ‘‘ਉਨ੍ਹਾਂ ਨੇ ਮੇਰੇ ਦਾਦਾ ਜੀ ਅਤੇ ਪਰਵਾਰ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿਤਾ। ਮੈਨੂੰ ਲਗਦਾ ਹੈ ਕਿ ਇਹ ਸਾਡੀ ਜ਼ਿੰਦਗੀ ਦਾ ਇਕ ਮਹੱਤਵਪੂਰਨ ਅਤੇ ਯਾਦਗਾਰੀ ਦਿਨ ਹੈ। ਇਸ ਲਈ ਮੋਦੀ ਜੀ, ਸਾਨੂੰ ਤੁਹਾਡੇ ਨਾਲ ਸਮਾਂ ਬਿਤਾਉਣ ਅਤੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦੇਣ ਲਈ ਤੁਹਾਡਾ ਧੰਨਵਾਦ।’’