ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ
ਮੁੰਬਈ/ਸਾਹ : ਬਾਲੀਵੁੱਡ ਦੀਆਂ ਕਈ ਫਿਲਮੀ ਹਸਤੀਆਂ ਦਾ ਨਾਮ ਅੰਡਰਵਰਲਡ ਡੌਨ ਦਾਊਦ ਇਬਰਾਹੀਮ ਦੇ ਡਰੱਗ ਸਿੰਡੀਕੇਟ ਦੀ ਡਰੱਗ ਪਾਰਟੀ ਨਾਲ ਜੁੜਦਾ ਦਿਖਾਈ ਦੇ ਰਿਹਾ ਏ, ਜਿਸ ਸਬੰਧੀ ਖ਼ੁਲਾਸੇ ਦਾਊਦ ਲਈ ਕੰਮ ਕਰਨ ਵਾਲੇ ਡਰੱਗ ਤਸਕਰ ਸਲੀਮ ਡੋਲਾ ਦੇ ਬੇਟੇ ਤਾਹਿਰ ਡੋਲਾ ਵੱਲੋਂ ਕੀਤੇ ਗਏ ਨੇ, ਜਿਸ ਨੂੰ ਐਂਟੀ ਨਾਰਕੋਟਿਕ ਸੈੱਲ ਵੱਲੋਂ ਦੁਬਈ ਤੋਂ ਹਵਾਲਗੀ ਰਾਹੀਂ ਭਾਰਤ ਲਿਆਂਦਾ ਗਿਆ ਏ।
ਇਕ ਰਿਪੋਰਟ ਦੇ ਅਨੁਸਾਰ ਤਾਹਿਰ ਡੋਲਾ ਵੱਲੋਂ ਦਾਅਵਾ ਕੀਤਾ ਗਿਆ ਏ ਕਿ ਉਸ ਦੇ ਵੱਲੋਂ ਭਾਰਤ ਅਤੇ ਵਿਦੇਸ਼ਾਂ ਵਿਚ ਕਰਵਾਈਆਂ ਜਾਣ ਵਾਲੀਆਂ ਡਰੱਗ ਪਾਰਟੀਆਂ ਵਿਚ ਬਾਲੀਵੁੱਡ ਦੇ ਐਕਟਰ, ਮਾਡਲਾਂ, ਰੈਪਰਜ਼, ਫਿਲਮ ਮੇਕਰਜ਼ ਅਤੇ ਇੱਥੋਂ ਤੱਕ ਕਿ ਦਾਊਦ ਦੇ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਸੀ। ਰਿਪੋਰਟ ਮੁਤਾਬਕ ਤਾਹਿਰ ਡੋਲਾ ਨੇ ਕਈ ਬਾਲੀਵੁੱਡ ਹਸਤੀਆਂ ਦੇ ਨਾਮ ਵੀ ਲਏ ਨੇ ਜੋ ਇਨ੍ਹਾਂ ਡਰੱਗ ਪਾਰਟੀਆਂ ਦਾ ਹਿੱਸਾ ਬਣਦੇ ਨੇ ਅਤੇ ਇਨ੍ਹਾਂ ਨੂੰ ਡਰੱਗ ਦੀ ਸਪਲਾਈ ਕੀਤੀ ਜਾਂਦੀ ਐ। ਇਨ੍ਹਾਂ ਬਾਲੀਵੁੱਡ ਹਸਤੀਆਂ ਵਿਚ ਸ਼ਰਧਾ ਕਪੂਰ, ਉਸ ਦਾ ਭਰਾ ਸਿਧਾਰਥ ਕਪੂਰ, ਹਸੀਨਾ ਪਾਰਕਰ ਦਾ ਬੇਟਾ ਅਲੀਸ਼ਾ ਪਾਰਕਰ, ਨੋਰਾ ਫਾਤਿਹੀ, ਓਰੀ ਫਰਫ ਓਹਰਾਨ ਅਵਤਣਮਣੀ, ਮਸ਼ਹੂਰ ਫਿਲਮ ਮੇਕਰ ਜੋੜੀ ਅੱਬਾਸ-ਮਸਤਾਨ, ਰੈਪਰ ਲੋਕਾ ਅਤੇ ਬਾਬਾ ਸਿੱਦੀਕੀ ਦਾ ਬੇਟਾ ਜੀਸ਼ਾਨ ਸਿੱਦੀਕੀ ਵੀ ਸ਼ਾਮਲ ਦੱਸਿਆ ਜਾ ਰਿਹਾ ਏ।
ਉਧਰ ਇਸ ਮਾਮਲੇ ਵਿਚ ਆਪਣਾ ਨਾਮ ਆਉਣ ਤੋਂ ਬਾਅਦ ਨੋਰਾ ਫਾਤਿਹੀ ਵੱਲੋਂ ਸਫ਼ਾਈ ਦਿੰਦਿਆਂ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਗਿਆ, ‘‘ਮੈਂ ਪਾਰਟੀਆਂ ਵਿਚ ਨਹੀਂ ਜਾਂਦੀ, ਮੈਂ ਹਮੇਸ਼ਾਂ ਫਲਾਈਟਸ ’ਤੇ ਰਹਿੰਦੀ ਹਾਂ, ਮੈਂ ਵਰਕ ਹਾਲਿਕ ਹਾਂ, ਮੇਰੀ ਕੋਈ ਪਰਸਨਲ ਲਾਈਫ਼ ਨਹੀਂ, ਮੈਂ ਅਜਿਹੇ ਲੋਕਾਂ ਦੇ ਨਾਲ ਜੁੜੀ ਵੀ ਨਹੀਂ ਹਾਂ ਅਤੇ ਆਪਣੀ ਛੁੱਟੀ ਦੇ ਦਿਨਾਂ ਵਿਚ ਮੈਂ ਦੁਬਈ ਵਿਚ ਬੀਚ ਜਾਂ ਫਿਰ ਆਪਣੇ ਹਾਈ ਸਕੂਲ ਦੇ ਦੋਸਤਾਂ ਨਾਲ ਘਰ ’ਤੇ ਰਹਿੰਦੀ ਹਾਂ ਅਤੇ ਆਪਣਾ ਪੂਰਾ ਦਿਨ ਅਤੇ ਰਾਤ ਆਪਣੇ ਸੁਪਨਿਆਂ ਅਤੇ ਲਕਸ਼ ਨੂੰ ਪੂਰਾ ਕਰਨ ਵਿਚ ਲਗਾਉਂਦੀ ਹਾਂ।’’
ਦੱਸ ਦਈਏ ਕਿ ਇਸ ਮਾਮਲੇ ਵਿਚ ਸ਼ਰਧਾ ਕਪੂਰ ਦਾ ਨਾਮ ਵੀ ਸਾਹਮਣੇ ਆ ਰਿਹਾ ਏ,, ਜਿਸ ਨੇ ਸਾਲ 2017 ਵਿਚ ਰਿਲੀਜ਼ ਹੋਈ ਦਾਊਦ ਇਬਰਾਹੀਮ ਦੀ ਭੈਣ ਹਸੀਨਾ ਪਾਰਕਰ ਵਿਚ ਹਸੀਨਾ ਦਾ ਰੋਲ ਅਦਾ ਕੀਤਾ ਸੀ, ਜਦਕਿ ਉਸ ਦੇ ਭਰਾ ਸਿਧਾਰਥ ਕਪੂਰ ਨੇ ਦਾਊਦ ਇਬਰਾਹੀਮ ਦਾ ਰੋਲ ਨਿਭਾਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਐ, ਜਾਂਚ ਤੋਂ ਬਾਅਦ ਹੀ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕੇਗਾ।
