
''ਇਹ ਦਿਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਮੁਸ਼ਕਿਲ ਵਾਲਾ ਸੀ। ਅਸੀਂ ਅਜੇ ਵੀ ਸਦਮੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ''
ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖ਼ਾਨ 'ਤੇ ਬੀਤੀ ਰਾਤ ਹੋਏ ਹਮਲੇ ਤੋਂ ਹਰ ਕੋਈ ਚਿੰਤਤ ਹੈ। ਪੁਲਿਸ ਨੇ ਅੱਜ ਇਕ ਸ਼ੱਕੀ ਮੁਲਜ਼ਮ ਨੂੁੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੌਰਾਨ ਸੈਫ਼ ਦੀ ਪਤਨੀ ਅਤੇ ਅਦਾਕਾਰਾ ਕਰੀਨਾ ਕਪੂਰ ਖਾਨ ਦਾ ਹਮਲੇ ਤੋਂ ਬਾਅਦ ਪਹਿਲਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਸਾਰਿਆਂ ਦਾ ਦੁਆਵਾਂ ਲਈ ਧੰਨਵਾਦ ਕੀਤਾ ਹੈ। ਕਰੀਨਾ ਨੇ ਲੋਕਾਂ ਨੂੰ ਧੀਰਜ ਰੱਖਣ ਅਤੇ ਸਦਮੇ ਤੋਂ ਉਭਰਨ ਲਈ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਕਿਹਾ ਹੈ।
ਕਰੀਨਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਇਕ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਹੀ ਪਰੇਸ਼ਾਨੀ ਵਾਲਾ ਸੀ। ਅਸੀਂ ਅਜੇ ਵੀ ਸਦਮੇ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ।
ਕਰੀਨਾ ਨੇ ਅੱਗੇ ਮੀਡੀਆ ਅਤੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਸੇ ਤਰ੍ਹਾਂ ਦੀਆਂ ਅਟਕਲਾਂ ਨਾ ਲਗਾਓ ਅਤੇ ਲਗਾਤਾਰ ਕਵਰੇਜ ਨਾ ਕਰੋ। ਸਾਡਾ ਸਾਥ ਦੇਣ ਲਈ ਸਾਰਿਆਂ ਦਾ ਧੰਨਵਾਦ।
ਸੈਫ਼ ਅਲੀ ਖ਼ਾਨ 'ਤੇ ਹੋਏ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦੇਰ ਰਾਤ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਘਰ ਦਾਖ਼ਲ ਹੋਇਆ, ਉਨ੍ਹਾਂ 'ਤੇ ਚਾਕੂ ਨਾਲ ਹਮਲਾ ਕੀਤਾ ਅਤੇ ਫਿਰ ਉਥੋਂ ਭੱਜ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਅੱਜ ਮੁੰਬਈ ਪੁਲਿਸ ਨੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।