ਲਾਰੈਂਸ ਗੈਂਗ ਦੇ ਮੈਂਬਰ ਨੇ ਮੰਗੀ 10 ਕਰੋੜ ਰੁਪਏ ਦੀ ਫਿਰੌਤੀ
ਨਵੀਂ ਦਿੱਲੀ : ਮਸ਼ਹੂਰ ਬਾਲੀਵੁੱਡੀ ਗਾਇਕ ਬੀ. ਪਰਾਕ ਨੂੰ ਲਾਰੈਂਸ ਗੈਂਗ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਫਿਰੌਤੀ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਲਾਰੈਂਸ ਗੈਂਗ ਦੇ ਮੈਂਬਰ ਗੈਂਗਸਟਰ ਆਰਜੂ ਬਿਸ਼ਨੋਈ ਨੇ ਗਾਇਕ ਦੇ ਇਕ ਨਜ਼ਦੀਕੀ ਸਾਥੀ ਨੂੰ ਧਮਕੀ ਭਰਿਆ ਵੌਇਸ ਸੁਨੇਹਾ ਭੇਜਿਆ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ, ਭਾਵੇਂ ਉਹ ਕਿਸੇ ਵੀ ਦੇਸ਼ ਵਿਚ ਜਾਵੇ। ਇਸ ਤੋਂ ਬਾਅਦ ਬੀ. ਪਰਾਕ ਦੇ ਕਰੀਬੀ ਸਾਥੀ ਪੰਜਾਬੀ ਗਾਇਕ ਦਿਲਨੂਰ ਨੇ ਮੋਹਾਲੀ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਕੀਤੀ ਹੈ।
ਦਿਲਨੂਰ ਨੇ ਕਿਹਾ ਕਿ ਉਹ ਧਮਕੀਆਂ ਕਾਰਨ ਆਪਣਾ ਘਰ ਛੱਡਣ ਤੋਂ ਅਸਮਰੱਥ ਹੈ। ਉਸ ਨੇ ਪੁਲਿਸ ਨੂੰ ਗੈਂਗ ਵਿਰੁੱਧ ਕਾਰਵਾਈ ਕਰਨ ਅਤੇ ਉਸ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਅਪੀਲ ਕੀਤੀ, ਕਿਉਂਕਿ ਉਸਨੂੰ ਆਪਣੀ ਜਾਨ ਦਾ ਡਰ ਹੈ। ਦਿਲਨੂਰ ਦੀ ਸ਼ਿਕਾਇਤ ਦੇ ਆਧਾਰ 'ਤੇ ਮੋਹਾਲੀ ਵਿਚ ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਇਕ ਬੀ. ਪਰਾਕ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਵੀ ਹਾਈ ਅਲਰਟ 'ਤੇ ਹੈ।
