ਹੁਣ ਇਕ ਦੀ ਬਜਾਏ ਮੋੜਨੇ ਪੈਣਗੇ ਦੋ ਕਰੋੜ ਰੁਪਏ
ਜਾਮਨਗਰ, 17 ਫ਼ਰਵਰੀ: ਚੈੱਕ ਭੁਗਤਾਨ ਦੇ ਇਕ ਮਾਮਲੇ ’ਚ ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਜਾਮਨਗਰ ਦੀ ਅਦਾਲਤ ਨੇ ਹੁਕਮ ਵਿਰੁਧ ਅਪੀਲ ਦਾਇਰ ਕਰਨ ਲਈ 30 ਦਿਨਾਂ ਤਕ ਸਜ਼ਾ ’ਤੇ ਰੋਕ ਲਾਉਣ ਦੀ ਸੰਤੋਸ਼ੀ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ।
‘ਘਾਇਲ’, ‘ਦਾਮਿਨੀ’ ਅਤੇ ‘ਘਾਤਕ’ ਵਰਗੀਆਂ ਫ਼ਿਲਮਾਂ ਦਾ ਨਿਰਦੇਸ਼ਨ ਕਰ ਕੇ ਸੰਤੋਸ਼ੀ ਨੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਕਰੀਅਰ ’ਚ ਵੱਡਾ ਰੋਲ ਅਦਾ ਕੀਤਾ ਸੀ। ਇਸ ਵੇਲੇ ਉਹ ਸੰਨੀ ਦਿਓਲ ਅਤੇ ਪ੍ਰੀਤੀ ਜ਼ਿੰਟਾ ਨਾਲ ‘ਲਾਹੌਰ 1947’ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ।
ਕਿਹਾ ਜਾ ਰਿਹਾ ਹੈ ਕਿ ਸੰਤੋਸ਼ੀ ਨੇ ਜਾਮਨਗਰ ਦੇ ਇਕ ਵਪਾਰੀ ਅਸ਼ੋਕ ਲਾਲ ਤੋਂ 2015 ’ਚ ਇਕ ਕਰੋੜ ਰੁਪਏ ਉਧਾਰ ਲਏ ਸਨ। ਪਰ ਉਹ ਇਸ ਰਕਮ ਨੂੰ ਵਾਪਸ ਨਹੀਂ ਮੋੜ ਸਕੇ। ਅਸ਼ੋਕ ਲਾਲ ਨੇ ਅਪਣੀ ਰਕਮ ਵਾਪਸ ਨਾ ਮਿਲਣ ’ਤੇ ਉਨ੍ਹਾਂ ਵਿਰੁਧ ਜਾਮਨਗਰ ਦੀ ਅਦਾਲਤ ’ਚ ਮਾਮਲਾ ਦਰਜ ਕਰਵਾਇਆ ਸੀ। ਅਸ਼ੋਕ ਲਾਲ ਦੇ ਵਕੀਲ ਦਾ ਕਹਿਣਾ ਹੈ ਕਿ ਇਕ ਸਮੇਂ ’ਚ ਦੋਹਾਂ ਵਿਚਕਾਰ ਕਾਫ਼ੀ ਚੰਗੀ ਦੋਸਤੀ ਸੀ। ਸੰਤੋਸ਼ੀ ਨੇ ਉਸ ਨੂੰ ਉਧਾਰ ਵਾਪਸ ਕਰਨ ਲਈ 10-10 ਲੱਖ ਰੁਪੲੈ ਦੇ ਚੈੱਕ ਵੀ ਦਿਤੇ ਸਨ ਪਰ ਉਹ 2016 ’ਚ ਬਾਊਂਸ ਹੋ ਗਏ।
ਅਦਾਲਤ ਨੇ ਇਸ ਮਾਮਲੇ ’ਚ ਰਾਜਕੁਮਾਰ ਸੰਤੋਸ਼ੀ ਨੂੰ ਸੰਮਨ ਵੀ ਜਾਰੀ ਕੀਤੇ ਸਨ ਅਤੇ ਹਰ ਚੈੱਕ ਬਾਊਂਸ ਹੋਣ ਲਈ 15-15 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ। ਪਰ ਸੰਤੋਸ਼ੀ ਨੇ ਸੰਮਨ ਨਹੀਂ ਲਏ ਅਤੇ ਨਾ ਹੀ ਅਦਾਲਤ ’ਚ ਹਾਜ਼ਰ ਹੋਏ। ਅਖ਼ੀਰ ਜਾਮਨਗਰ ਦੀ ਅਦਾਲਤ ਨੇ ਸਨਿਚਰਵਾਰ ਨੂੰ ਸੰਤੋਸ਼ੀ ਨੂੰ ਦੋ ਸਾਲ ਦੀ ਜੇਲ ਦੀ ਸਜ਼ਾ ਅਤੇ ਹੁਣ ਇਕ ਕਰੋੜ ਰੁਪਏ ਦੇ ਬਦਲੇ ਦੋ ਕਰੋੜ ਰੁਪਏ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ।