
ਮੁੰਬਈ ਆਉਣ ਤੋਂ ਪਹਿਲਾਂ ਦਿੱਲੀ ’ਚ ਵੱਡੇ ਹੋਏ ਸ਼ਾਹਰੁਖ ਨੇ ਕੁੱਝ ਸਾਲ ਪਹਿਲਾਂ ਅਪਣੀ ਜ਼ਿੰਦਗੀ ’ਤੇ ਡਿਸੂਜ਼ਾ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ।
ਪਣਜੀ: ਕਾਂਗਰਸ ਦੀ ਇਕ ਨੇਤਾ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਹੋਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੋਆ ਦੇ ਪਣਜੀ ’ਚ ਗੰਭੀਰ ਬੀਮਾਰੀ ਤੋਂ ਪੀੜਤ ਅਪਣੇ ਸਾਬਕਾ ਅਧਿਆਪਕ ਬ੍ਰਦਰ ਐਰਿਕ ਡਿਸੂਜ਼ਾ ਨੂੰ ਮਿਲਣ ਜਾਣ।
ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤੇ ਗਏ ਇਕ ਵੀਡੀਉ ਸੰਦੇਸ਼ ਵਿਚ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਕੱਤਰ ਸਜਾਰਿਤਾ ਲੈਤਾਫਲਾਂਗ ਨੇ ਕਿਹਾ ਕਿ ਉਹ ਡਿਸੂਜ਼ਾ ਨੂੰ ਮਿਲਣ ਲਈ ਗੋਆ ਗਈ ਸੀ, ਜੋ ਉਨ੍ਹਾਂ ਦੇ ਸਾਬਕਾ ਅਧਿਆਪਕ ਅਤੇ ਸਲਾਹਕਾਰ ਵੀ ਸਨ। ਡਿਸੂਜ਼ਾ ਦਿੱਲੀ ਦੇ ਸੇਂਟ ਕੋਲੰਬਾ ਸਕੂਲ ’ਚ ਪੜ੍ਹ ਰਹੇ ਬਹੁਤ ਸਾਰੇ ਵਿਦਿਆਰਥੀਆਂ ਦੀ ਜ਼ਿੰਦਗੀ ’ਚ ਇਕ ਮਹੱਤਵਪੂਰਨ ਸ਼ਖਸੀਅਤ ਸਨ। ਉਸ ਨੇ ਸ਼ਾਹਰੁਖ ਦੇ ਵਿਦਿਆਰਥੀ ਜੀਵਨ ਨੂੰ ਆਕਾਰ ਦੇਣ ’ਚ ਮਹੱਤਵਪੂਰਣ ਭੂਮਿਕਾ ਨਿਭਾਈ।
ਐਕਸ ’ਤੇ ਪੋਸਟ ਕੀਤੇ ਗਏ ਇਕ ਵੀਡੀਉ ’ਚ, ਉਸ ਨੇ ਕਿਹਾ, ‘‘ਸ਼ਾਹਰੁਖ, ਇਹ ਤੁਹਾਡੇ ਲਈ ਇਕ ਸੰਦੇਸ਼ ਹੈ। ਮੈਂ ਆਮ ਤੌਰ ’ਤੇ ਅਜਿਹਾ ਨਹੀਂ ਕਰਦੀ ਪਰ ਮੈਂ ਗੋਆ ਵਿਚ ਹਾਂ ਅਤੇ ਹੁਣੇ-ਹੁਣੇ ਮੈਂ ਬ੍ਰਦਰ ਏਰਿਕ ਡਿਸੂਜ਼ਾ ਨੂੰ ਮਿਲਣ ਆਈ ਹਾਂ ਅਤੇ ਅਸੀਂ ਉਸ ਨੂੰ ‘ਦਾਸੂ’ ਦੇ ਨਾਂ ਨਾਲ ਜਾਣਦੇ ਹਾਂ। ਸਾਡੇ ’ਚੋਂ ਜ਼ਿਆਦਾਤਰ ਲੋਕ ਉਸ ਨੂੰ ‘ਦਾਸੂ’ ਦੇ ਨਾਮ ਨਾਲ ਜਾਣਦੇ ਹੋਏ ਵੱਡੇ ਹੋਏ ਹਨ।’’
ਉਨ੍ਹਾਂ ਕਿਹਾ, ‘‘ਮੈਂ ਜਾਣਦੀ ਹਾਂ ਕਿ ਤੁਸੀਂ ਅਪਣੇ ਸ਼ੂਟਿੰਗ, ਆਈ.ਪੀ.ਐਲ., ਸਹੁੰ ਚੁੱਕ ਸਮਾਰੋਹ ਅਤੇ ਫਿਰ ਹੋਰ ਸਾਰੇ ਪ੍ਰੋਗਰਾਮਾਂ ’ਚ ਬਹੁਤ ਰੁੱਝੇ ਹੋਏ ਹੋ, ਪਰ ਬੇਨਤੀ ਹੈ ਕਿ ਜੇ ਤੁਸੀਂ ਥੋੜ੍ਹਾ ਸਮਾਂ ਕੱਢੋ ਅਤੇ ਕੁੱਝ ਮਿੰਟਾਂ ਦੀ ਦੂਰੀ ’ਤੇ ਉਨ੍ਹਾਂ ਨੂੰ ਮਿਲਣ ਲਈ ਆਉ। ਮੁੰਬਈ ਅਸਲ ’ਚ ਗੋਆ ਤੋਂ ਬਹੁਤ ਦੂਰ ਨਹੀਂ ਹੈ, ਜਹਾਜ਼ ਰਾਹੀਂ ਸਿਰਫ ਇਕ ਘੰਟੇ ਦੀ ਦੂਰੀ ’ਤੇ ਹੈ। ਇਹ ਸੱਚਮੁੱਚ ਬਹੁਤ ਚੰਗਾ ਹੋਵੇਗਾ। ਉਨ੍ਹਾਂ ਦੀ ਸਿਹਤ ਸੱਚਮੁੱਚ ਵਿਗੜ ਰਹੀ ਹੈ ਅਤੇ ਉਹ ਹੁਣ ਗੱਲ ਨਹੀਂ ਕਰ ਸਕਦੇ ਹਨ।’’
ਮੁੰਬਈ ਆਉਣ ਤੋਂ ਪਹਿਲਾਂ ਦਿੱਲੀ ’ਚ ਵੱਡੇ ਹੋਏ ਸ਼ਾਹਰੁਖ ਨੇ ਕੁੱਝ ਸਾਲ ਪਹਿਲਾਂ ਅਪਣੀ ਜ਼ਿੰਦਗੀ ’ਤੇ ਡਿਸੂਜ਼ਾ ਦੇ ਪ੍ਰਭਾਵ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ। ਸਜਾਰਿਤਾ ਨੇ ਅਪਣੇ ਵੀਡੀਉ ’ਚ ਕਿਹਾ, ‘‘ਉਥੋਂ ਦੀਆਂ ਜ਼ਿਆਦਾਤਰ ਭੈਣਾਂ (ਨਰਸਾਂ) ਉਨ੍ਹਾਂ (ਡਿਸੂਜ਼ਾ) ਨਾਲ ਮਜ਼ਾਕ ਕਰਦੀਆਂ ਹਨ। ਕੀ ਤੁਸੀਂ ਸੱਚਮੁੱਚ ਸ਼ਾਹਰੁਖ ਦੇ ਆਉਣ ਦੀ ਉਡੀਕ ਕਰ ਰਹੇ ਹੋ?’’