
ਪੁਲਿਸ ਨੇ ਕਿਹਾ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ
ਹੈਦਰਾਬਾਦ: ਤੇਲਗੂ ਟੈਲੀਵਿਜ਼ਨ ਸੀਰੀਅਲ ਅਦਾਕਾਰ ਚੰਦਰਕਾਂਤ ਨੇ ਹੈਦਰਾਬਾਦ ਦੇ ਇਕ ਫਲੈਟ ’ਚ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਾਥੀ ਅਦਾਕਾਰਾ ਪਵਿੱਤਰ ਜੈਰਾਮ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਹ ਜਾਣਕਾਰੀ ਪੁਲਿਸ ਨੇ ਦਿਤੀ ।
ਕਿਹਾ ਜਾਂਦਾ ਹੈ ਕਿ ਉਹ (ਚੰਦਰਕਾਂਤ) ਪਵਿੱਤਰ ਦੇ ਨਾਲ ਇਕ ਫਲੈਟ ’ਚ ਇਕੱਠੇ ਰਹਿ ਰਹੇ ਸਨ। ਦਸਿਆ ਜਾ ਰਿਹਾ ਹੈ ਕਿ ਦੋਵੇਂ ਪ੍ਰੇਮ ਸਬੰਧਾਂ ’ਚ ਸਨ। ਅਦਾਕਾਰ ਚੰਦਰਕਾਂਤ (39) ਸ਼ੁਕਰਵਾਰ ਨੂੰ ਫਲੈਟ ’ਚ ਲਟਕਦੀ ਮਿਲੀ ਸੀ। ਦਸਿਆ ਜਾ ਰਿਹਾ ਹੈ ਕਿ ਪਵਿੱਤਰ ਦੀ ਮੌਤ ਤੋਂ ਬਾਅਦ ਉਹ ਡਿਪਰੈਸ਼ਨ ਤੋਂ ਪੀੜਤ ਸੀ।
ਪੁਲਿਸ ਨੇ ਕਿਹਾ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਚੰਦਰਕਾਂਤ ਦੇ ਪਿਤਾ ਨੇ ਇਕ ਬਿਆਨ ’ਚ ਕਿਹਾ ਕਿ ਅਦਾਕਾਰ ਪਿਛਲੇ ਕੁੱਝ ਦਿਨਾਂ ਤੋਂ ‘ਤਣਾਅ’ ’ਚ ਸੀ। ਚੰਦਰਕਾਂਤ ਦੇ ਪਿਤਾ ਵੈਂਕਟੇਸ਼ ਨੇ ਮੀਡੀਆ ਨੂੰ ਦਸਿਆ ਕਿ ਉਨ੍ਹਾਂ ਦੇ ਬੇਟੇ ਨੇ ਕਿਹਾ ਸੀ ਕਿ ਉਹ ਪਵਿੱਤਰ ਨਾਲ ਰਹਿਣਾ ਚਾਹੁੰਦਾ ਹੈ।
ਪੁਲਿਸ ਨੇ ਦਸਿਆ ਕਿ ਚੰਦਰਕਾਂਤ ਸ਼ੁਕਰਵਾਰ ਨੂੰ ਸਿਕੰਦਰਾਬਾਦ ਸਥਿਤ ਅਪਣੀ ਰਿਹਾਇਸ਼ ਛੱਡ ਕੇ ਫਲੈਟ ’ਚ ਚਲੇ ਗਏ ਸਨ। ਚੰਦਰਕਾਂਤ ਦੇ ਦੋਸਤਾਂ ਨੇ ਉਸ ਦੇ ਫੋਨ ’ਤੇ ਕਾਲ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁਕਿਆ। ਪੁਲਿਸ ਨੇ ਕਿਹਾ ਕਿ ਫਿਰ ਉਹ ਫਲੈਟ ’ਤੇ ਪਹੁੰਚੇ ਅਤੇ ਅਦਾਕਾਰ ਨੂੰ ਮ੍ਰਿਤਕ ਪਾਇਆ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਨਰਸਿੰਗੀ ਥਾਣੇ ਵਿਚ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 174 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।