
ਅਪਰਾਧ ਦੀ ਨਿੰਦਾ ਕਰਨਾ ਠੀਕ ਹੈ, ਪਰ ਸਾਨੂੰ ਹੱਲ ਦੀ ਲੋੜ ਹੈ: ਨੀਨਾ ਗੁਪਤਾ
ਮੁੰਬਈ: ਅਦਾਕਾਰਾ ਨੀਨਾ ਗੁਪਤਾ ਨੇ ਕੋਲਕਾਤਾ ਦੇ ਸਰਕਾਰੀ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਪੋਸਟ ਗ੍ਰੈਜੂਏਟ ਸਿਖਾਂਦਰੂ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕੋਈ ਹੱਲ ਲੱਭਣ ਦੀ ਲੋੜ ਹੈ।
ਅਦਾਕਾਰਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ’ਚ ਉਨ੍ਹਾਂ ਨੇ ਔਰਤਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਬਹੁਤ ਸੋਚਿਆ ਹੈ। ਨੀਨਾ ਗੁਪਤਾ ਨੇ ਕਿਹਾ, ‘‘ਅਪਰਾਧ ਦੀ ਨਿੰਦਾ ਕਰਨਾ ਠੀਕ ਹੈ ਪਰ ਸਾਨੂੰ ਹੱਲ ਦੀ ਜ਼ਰੂਰਤ ਹੈ। ਹੱਲ ਕੀ ਹੋ ਸਕਦਾ ਹੈ, ਸਾਡਾ ਦੇਸ਼ ਬਹੁਤ ਵੱਡਾ ਹੈ। ਹਰ ਸੂਬੇ, ਜ਼ਿਲ੍ਹੇ, ਖੇਤਰ ਜਾਂ ਪਿੰਡ ’ਚ ਕਮੇਟੀਆਂ ਹੋਣ ਜਿੱਥੇ ਉਹ (ਔਰਤਾਂ) ਕੰਮ ਕਰਨਗੀਆਂ, ਨਿਗਰਾਨੀ ਕਰਨਗੀਆਂ ਅਤੇ ਰੀਪੋਰਟਾਂ ਦਾਇਰ ਕਰਨਗੀਆਂ।’’
ਉਨ੍ਹਾਂ ਕਿਹਾ, ‘‘ਉਦਾਹਰਣ ਵਜੋਂ, ਇਕ ਪਿੰਡ ’ਚ, ਇਕ ਅਧਿਆਪਕਾ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਘਰ ਪਹੁੰਚਣ ਤੋਂ ਪਹਿਲਾਂ ਕਈ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ... ਅਜਿਹੇ ’ਚ ਜੋ ਔਰਤਾਂ ਸੁਰੱਖਿਆ ਲਈ ਜਾਂਦੀਆਂ ਹਨ ਉਨ੍ਹਾਂ ਨੂੰ ਵੀ ਖਤਰਾ ਹੈ। ਮੈਂ ਬਹੁਤ ਸੋਚਿਆ ਪਰ ਕੋਈ ਹੱਲ ਨਹੀਂ ਲੱਭ ਸਕਿਆ। ਸਮਾਜ ਨੂੰ ਬਦਲਣ ’ਚ ਬਹੁਤ ਸਮਾਂ ਲੱਗੇਗਾ।’’
ਸਰਕਾਰ ਦੀ ‘ਬੇਟੀ ਬਚਾਓ ਬੇਟੀ ਪੜ੍ਹਾਉੁ’ ਯੋਜਨਾ ਦਾ ਜ਼ਿਕਰ ਕਰਦਿਆਂ ਅਦਾਕਾਰਾ ਨੇ ਕਿਹਾ ਕਿ ਸਿੱਖਿਆ ਤੋਂ ਬਾਅਦ ਅਗਲਾ ਕਦਮ ਰੁਜ਼ਗਾਰ ਵਲ ਹੈ ਪਰ ਧੀਆਂ ਕੰਮ ਵਾਲੀ ਥਾਂ ’ਤੇ ਸੁਰੱਖਿਅਤ ਨਹੀਂ ਹਨ।
ਨੀਨਾ ਗੁਪਤਾ ਨੇ ਕਿਹਾ, ‘‘ਬੇਟੀ ਪੜ੍ਹਾਓ ਤੋਂ ਬਾਅਦ ਬੇਟੀ ਕੰਮ ਤਾਂ ਕਰੇਗੀ ਨਾ। ਕੰਮ ਕਰੇਗੀ ਤਾਂ ਵੀ ਸੁਰੱਖਿਅਤ ਨਹੀਂ ਹੈ, ਇਸ ਲਈ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਹੱਲ ਕੀ ਹੈ।’’