
ਜਾਂਚ ’ਚ ਪਤਾ ਲੱਗਿਆ ਕਿ ਉਹ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾ ਰਹੇ ਸਨ ਤੇ ਹਾਦਸਾ ਹੋਣ ਤੋਂ ਬਾਅਦ ਫਰਾਰ ਹੋ ਗਏ।
ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਸੀਨੀਅਰ ਅਦਾਕਾਰ ਦਲੀਪ ਤਾਹਿਲ ਨੂੰ 2 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ 5 ਸਾਲ ਪਹਿਲਾਂ 2018 ’ਚ ਦਲੀਪ ਤਾਹਿਲ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਇਕ ਆਟੋ ਨੂੰ ਟੱਕਰ ਮਾਰਨ ਦੇ ਦੋਸ਼ ਲੱਗੇ ਸਨ। ਜਾਂਚ ’ਚ ਪਤਾ ਲੱਗਿਆ ਕਿ ਉਹ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾ ਰਹੇ ਸਨ ਤੇ ਹਾਦਸਾ ਹੋਣ ਤੋਂ ਬਾਅਦ ਫਰਾਰ ਹੋ ਗਏ।
ਹਾਲਾਂਕਿ ਟਰੈਫਿਕ ਜਾਮ ਕਾਰਨ ਉਹ ਬਚ ਨਹੀਂ ਸਕੇ। ਉਸ ਨੂੰ ਮੌਕੇ ਤੋਂ ਖਾਰ ਥਾਣੇ ਲਿਆਂਦਾ ਗਿਆ, ਜਿਥੇ ਉਹ ਸ਼ਰਾਬੀ ਹਾਲਤ ’ਚ ਸਾਫ਼ ਨਜ਼ਰ ਆ ਰਿਹਾ ਸੀ। ਇਸ ਸਬੂਤ ਦੇ ਮੱਦੇਨਜ਼ਰ 5 ਸਾਲ ਬਾਅਦ ਉਸ ਨੂੰ ਮੈਜਿਸਟ੍ਰੇਟ ਦੀ ਅਦਾਲਤ ’ਚ ਦੋਸ਼ੀ ਪਾਇਆ ਗਿਆ ਤੇ ਹੁਣ 2 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ। ਪਿਛਲੀਆਂ ਰਿਪੋਰਟਾਂ ਅਨੁਸਾਰ ਦਲੀਪ ਤਾਹਿਲ ਨੇ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ
ਪਰ ਗਣੇਸ਼ ਵਿਸਰਜਨ ਹੋਣ ਕਾਰਨ ਉਹ ਭੀੜ ’ਚ ਫਸ ਗਿਆ ਤੇ ਲੋਕਾਂ ਨੇ ਉਸ ਨੂੰ ਫੜ ਲਿਆ। ਜਦੋਂ ਉਸ ਨੂੰ ਕਾਰ ’ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਥੇ ਮੌਜੂਦ ਲੋਕਾਂ ਨਾਲ ਉਸ ਦੀ ਹੱਥੋਪਾਈ ਹੋ ਗਈ। ਮੁੰਬਈ ਦੇ ਖਾਰ ਥਾਣੇ ਦੇ ਇਕ ਇੰਸਪੈਕਟਰ ਨੇ ਦੱਸਿਆ ਸੀ ਕਿ ਦਲੀਪ ਤਾਹਿਲ ਨੇ ਖ਼ੂਨ ਦੀ ਜਾਂਚ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਪੁਲਿਸ ਨੇ ਹਾਦਸੇ ਦਾ ਸ਼ਿਕਾਰ ਹੋਏ ਤਿੰਨਾਂ ਲੋਕਾਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਤਾਹਿਲ ਨੂੰ ਸ਼ਰਾਬੀ ਤੇ ਲਾਪਰਵਾਹੀ ਨਾਲ ਗੱਡੀ ਚਲਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਬਾਅਦ ’ਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਦਲੀਪ ਤਾਹਿਲ ‘ਬਾਜ਼ੀਗਰ’, ‘ਇਸ਼ਕ’ ਤੇ ‘ਰੇਸ’ ਵਰਗੀਆਂ ਮਸ਼ਹੂਰ ਫ਼ਿਲਮਾਂ ’ਚ ਨਜ਼ਰ ਆ ਚੁੱਕੇ ਹਨ।