
ਕਿਹਾ, ਮੇਰੇ ਬੇਟੇ ਨੂੰ ਫਸਾਇਆ ਜਾ ਰਿਹਾ ਹੈ, ਰਿਹਾਈ ਲਈ ਭਾਰਤੀ ਹਾਈ ਕਮਿਸ਼ਨ ਨਾਲ ਸੰਪਰਕ ਕਰਾਂਗਾ
ਕਿਹਾ, ਸੀ.ਸੀ.ਟੀ.ਵੀ. ’ਚ ਦਿਸਣ ਵਾਲਾ ਵਿਅਕਤੀ ਸ਼ਰੀਫ਼ੁਲ ਨਹੀਂ
ਨਵੀਂ ਦਿੱਲੀ : ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਚਾਕੂ ਨਾਲ ਹਮਲਾ ਕਰਨ ਦੇ ਮੁਲਜ਼ਮ ਬੰਗਲਾਦੇਸ਼ੀ ਵਿਅਕਤੀ ਦੇ ਪਿਤਾ ਅਪਣੇ ਪੁੱਤਰ ਦੀ ਰਿਹਾਈ ਲਈ ਛੇਤੀ ਹੀ ਦੇਸ਼ ਦੇ ਵਿਦੇਸ਼ ਮੰਤਰਾਲੇ ਅਤੇ ਭਾਰਤੀ ਹਾਈਕਮਿਸ਼ਨ ਨਾਲ ਸੰਪਰਕ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਫਸਾਇਆ ਜਾ ਰਿਹਾ ਹੈ, ਪਰ ਇਸ ਦਾ ਕਾਰਨ ਉਨ੍ਹਾਂ ਨੂੰ ਨਹੀਂ ਪਤਾ।
ਸ਼ਰੀਫੁਲ ਦੇ ਪਿਤਾ ਮੁਹੰਮਦ ਰਹੁਲ ਨੇ ਬੰਗਲਾਦੇਸ਼ ਤੋਂ ਫ਼ੋਨ ’ਤੇ ਖ਼ਬਰ ਏਜੰਸੀ ਪੀ.ਟੀ.ਆਈ. ਨੂੰ ਦਿਤੀ ਇੰਟਰਵਿਊ ’ਚ ਕਿਹਾ ਕਿ ਉਨ੍ਹਾਂ ਦੇ ਪੁੱਤਰ ਕੋਲ ਭਾਰਤ ’ਚ ਰਹਿਣ ਲਈ ਲੋੜੀਂਦੇ ਦਸਤਾਵੇਜ਼ ਨਹੀਂ ਸਨ ਅਤੇ ਉਸ ਨੂੰ ਗ੍ਰਿਫ਼ਤਾਰ ਹੋਣ ਦਾ ਡਰ ਲਗਾਤਾਰ ਸਤਾਉਂਦਾ ਰਿਹਾ ਸੀ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ. ’ਚ ਦਿਸਣ ਵਾਲਾ ਵਿਅਕਤੀ ਸ਼ਰੀਫ਼ੁਲ ਨਹੀਂ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਫਸਾਇਆ ਜਾ ਰਿਹਾ ਹੈ। ਰਾਹੁਲ ਨੇ ਕਿਹਾ, ‘‘ਮੈਂ ਬੰਗਲਾਦੇਸ਼ੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਾਂਗਾ ਅਤੇ ਅਪਣੇ ਪੁੱਤਰ ਦੀ ਰਿਹਾਈ ਲਈ ਢਾਕਾ ਸਥਿਤ ਭਾਰਤੀ ਹਾਈਕਮਿਸ਼ਨ ਤੋਂ ਵੀ ਮਦਦ ਮੰਗਾਂਗਾ।’’
ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਪਣੇ ਪੁੱਤਰ ਦੀ ਗ੍ਰਿਫ਼ਤਾਰੀ ਬਾਰੇ ਫੇਸਬੁਕ ਅਤੇ ਟੀ.ਵੀ. ਤੋਂ ਪਤਾ ਲਗਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਰੀਫੁਲ ਨੇ ਪਿਛਲੇ ਸਾਲ ਮਾਰਚ ਦੇ ਆਖ਼ਰੀ ਹਫ਼ਤੇ ਭਾਰਤ ’ਚ ਕਦਮ ਰਖਿਆ ਸੀ।
ਦੂਜੇ ਪਾਸੇ ਮੁੰਬਈ ਪੁਲਿਸ ਨੇ ਸ਼ੁਕਰਵਾਰ ਨੂੰ ਇਥੋਂ ਦੀ ਇਕ ਅਦਾਲਤ ਨੂੰ ਦਸਿਆ ਕਿ ਉਸ ਨੇ ਸ਼ਰੀਫ਼ੁਲ ਦੇ ਚਿਹਰੇ ਦੀ ਪਛਾਣ ਦੀ ਪੁਸ਼ਟੀ ਕਰਨੀ ਹੈ, ਤਾਕਿ ਇਹ ਪਤਾ ਕੀਤਾ ਜਾ ਸਕੇ ਕਿ ਇਹ ਉਹੀ ਵਿਅਕਤੀ ਹੈ ਜੋ ਬਾਂਦਰਾ ’ਚ ਅਦਾਕਾਰ ਦੀ ਇਮਾਰਤ ਦੇ ਸੀ.ਸੀ.ਟੀ.ਵੀ. ਫੁਟੇਜ ’ਚ ਦਿਸਿਆ ਸੀ। ਪੁਲਿਸ ਨੇ 30 ਸਾਲ ਦੇ ਸ਼ਰੀਫ਼ੁਲ ਨੂੰ ਪਿਛਲੀ ਹਿਰਾਸਤ ਦਾ ਸਮਾਂ ਖ਼ਤਮ ਹੋਣ ’ਤੇ ਬਾਂਦਰਾ ਦੀ ਇਕ ਮੈਜਿਸਟ?ਰੇਟ ਅਦਾਲਤ ’ਚ ਪੇਸ਼ ਕੀਤਾ, ਜਿਸ ਨੇ ਉਸ ਦੀ ਪੁਲਿਸ ਹਿਰਾਸਤ 29 ਜਨਵਰੀ ਤਕ ਲਈ ਵਧਾ ਦਿਤੀ।