
ਮਾਲਕ ਨੇ ਨੌਕਰੀ ਤੋਂ ਕਢਿਆ, ਮੰਗਣੀ ਵੀ ਟੁੱਟੀ, ਸੈਫ ਅਲੀ ਖਾਨ ਦੀ ਇਮਾਰਤ ਦੇ ਬਾਹਰ ਖੜ੍ਹੇ ਹੋ ਕੇ ਮੰਗਾਂਗਾ ਨੌਕਰੀ : ਆਕਾਸ਼ ਕੰਨੌਜੀਆ
ਮੁੰਬਈ : ਛੱਤੀਸਗੜ੍ਹ ਦੇ ਦੁਰਗ ’ਚ ਅਦਾਕਾਰ ਸੈਫ ਅਲੀ ਖਾਨ ’ਤੇ ਹੋਏ ਹਮਲੇ ਦੇ ਮਾਮਲੇ ’ਚ ਸ਼ੱਕੀ ਦੇ ਤੌਰ ’ਤੇ ਹਿਰਾਸਤ ’ਚ ਲਏ ਗਏ ਇਕ ਵਿਅਕਤੀ ਨੇ ਐਤਵਾਰ ਨੂੰ ਕਿਹਾ ਕਿ ਪੁਲਿਸ ਕਾਰਵਾਈ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਖਿੰਡ-ਪੁੰਡ ਗਈ ਹੈ, ਉਸ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਪਰਵਾਰ ਦੀ ਬਦਨਾਮੀ ਹੋ ਰਹੀ ਹੈ।
ਰੇਲਵੇ ਸੁਰੱਖਿਆ ਬਲ (ਆਰ.ਪੀ.ਐਫ.) ਨੇ ਮੁੰਬਈ ਪੁਲਿਸ ਤੋਂ ਗੁਪਤ ਸੂਚਨਾ ਮਿਲਣ ਤੋਂ ਬਾਅਦ 18 ਜਨਵਰੀ ਨੂੰ ਦੁਰਗ ਸਟੇਸ਼ਨ ’ਤੇ ਮੁੰਬਈ ਲੋਕਮਾਨਿਆ ਤਿਲਕ ਟਰਮੀਨਸ-ਕੋਲਕਾਤਾ ਸ਼ਾਲੀਮਾਰ ਗਿਆਨੇਸ਼ਵਰੀ ਐਕਸਪ੍ਰੈਸ ਤੋਂ ਡਰਾਈਵਰ ਆਕਾਸ਼ ਕਨੌਜੀਆ (31) ਨੂੰ ਹਿਰਾਸਤ ’ਚ ਲਿਆ ਸੀ।
19 ਜਨਵਰੀ ਦੀ ਸਵੇਰ ਨੂੰ ਮੁੰਬਈ ਪੁਲਿਸ ਨੇ ਗੁਆਂਢੀ ਠਾਣੇ ਤੋਂ ਬੰਗਲਾਦੇਸ਼ੀ ਨਾਗਰਿਕ ਸ਼ਰੀਫੁਲ ਇਸਲਾਮ ਸ਼ਹਿਜ਼ਾਦ, ਮੁਹੰਮਦ ਰੋਹਿਲਾ, ਅਮੀਨ ਫਕੀਰ ਉਰਫ ਵਿਜੇ ਦਾਸ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਕਨੌਜੀਆ ਨੂੰ ਦੁਰਗ ਆਰ.ਪੀ.ਐਫ. ਨੇ ਰਿਹਾਅ ਕਰ ਦਿਤਾ ਸੀ।
ਜ਼ਿਕਰਯੋਗ ਹੈ ਕਿ 15 ਜਨਵਰੀ ਦੀ ਰਾਤ ਨੂੰ ਮੁੰਬਈ ਦੇ ਬਾਂਦਰਾ ਇਲਾਕੇ ’ਚ ਸਤਿਗੁਰੂ ਸ਼ਰਨ ਦੀ 12ਵੀਂ ਮੰਜ਼ਿਲ ’ਤੇ ਸਥਿਤ ਸੈਫ ਅਲੀ ਖਾਨ ਦੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ’ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਖਾਨ ਦੀ ਸਰਜਰੀ ਹੋਈ ਅਤੇ ਬਾਅਦ ’ਚ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ।
ਕਨੌਜੀਆ ਨੇ ਕਿਹਾ, ‘‘ਜਦੋਂ ਮੀਡੀਆ ਨੇ ਮੇਰੀਆਂ ਤਸਵੀਰਾਂ ਵਿਖਾਉਣੀਆਂ ਸ਼ੁਰੂ ਕੀਤੀਆਂ ਅਤੇ ਦਾਅਵਾ ਕੀਤਾ ਕਿ ਮੈਂ ਇਸ ਮਾਮਲੇ ਦਾ ਮੁੱਖ ਸ਼ੱਕੀ ਹਾਂ ਤਾਂ ਮੇਰਾ ਪਰਵਾਰ ਹੈਰਾਨ ਰਹਿ ਗਿਆ ਅਤੇ ਹੰਝੂਆਂ ਨਾਲ ਭਰ ਗਿਆ। ਮੁੰਬਈ ਪੁਲਿਸ ਦੀ ਇਕ ਗਲਤੀ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿਤੀ ਹੈ। ਉਹ ਇਹ ਧਿਆਨ ਦੇਣ ’ਚ ਅਸਫਲ ਰਹੇ ਕਿ ਮੇਰੀਆਂ ਮੁੱਛਾਂ ਹਨ ਅਤੇ ਅਦਾਕਾਰ ਦੀ ਇਮਾਰਤ ’ਚ ਲੱਗੇ ਸੀ.ਸੀ.ਟੀ.ਵੀ. ਫੁਟੇਜ ’ਚ ਵਿਖਾਈ ਦੇ ਰਹੇ ਵਿਅਕਤੀ ਦੀਆਂ ਮੁੱਛਾਂ ਨਹੀਂ ਸਨ।’’
ਉਨ੍ਹਾਂ ਦਾਅਵਾ ਕੀਤਾ, ‘‘ਘਟਨਾ ਤੋਂ ਬਾਅਦ ਮੈਨੂੰ ਪੁਲਿਸ ਦਾ ਫੋਨ ਆਇਆ ਅਤੇ ਉਨ੍ਹਾਂ ਨੇ ਮੈਨੂੰ ਪੁਛਿਆ ਕਿ ਮੈਂ ਕਿੱਥੇ ਹਾਂ। ਜਦੋਂ ਮੈਂ ਉਨ੍ਹਾਂ ਨੂੰ ਦਸਿਆ ਕਿ ਮੈਂ ਘਰ ’ਚ ਹਾਂ ਤਾਂ ਫੋਨ ਕੱਟ ਦਿਤਾ ਗਿਆ। ਮੈਂ ਅਪਣੀ ਹੋਣ ਵਾਲੀ ਲਾੜੀ ਨੂੰ ਮਿਲਣ ਜਾ ਰਿਹਾ ਸੀ ਜਦੋਂ ਮੈਨੂੰ ਦੁਰਗ ’ਚ ਹਿਰਾਸਤ ’ਚ ਲੈ ਲਿਆ ਗਿਆ ਅਤੇ ਫਿਰ ਰਾਏਪੁਰ ਲਿਜਾਇਆ ਗਿਆ। ਉੱਥੇ ਪਹੁੰਚੀ ਮੁੰਬਈ ਪੁਲਿਸ ਦੀ ਟੀਮ ਨੇ ਮੇਰੀ ਕੁੱਟਮਾਰ ਵੀ ਕੀਤੀ।’’
ਕਨੌਜੀਆ ਨੇ ਕਿਹਾ ਕਿ ਰਿਹਾਅ ਹੋਣ ਤੋਂ ਬਾਅਦ ਉਸ ਦੀ ਮਾਂ ਨੇ ਉਸ ਨੂੰ ਘਰ ਆਉਣ ਲਈ ਕਿਹਾ ਪਰ ਉਦੋਂ ਤੋਂ ਹੀ ਉਸ ਦੀ ਜ਼ਿੰਦਗੀ ਉਥਲ-ਪੁਥਲ ਵਿਚ ਹੈ। ਕਨੌਜੀਆ ਨੇ ਕਿਹਾ, ‘‘ਜਦੋਂ ਮੈਂ ਅਪਣੇ ਮਾਲਕ ਨੂੰ ਫੋਨ ਕੀਤਾ, ਤਾਂ ਉਨ੍ਹਾਂ ਨੇ ਮੈਨੂੰ ਕੰਮ ’ਤੇ ਨਾ ਆਉਣ ਲਈ ਕਿਹਾ। ਉਨ੍ਹਾਂ ਨੇ ਮੇਰੀ ਗੱਲ ਸੁਣਨ ਤੋਂ ਇਨਕਾਰ ਕਰ ਦਿਤਾ। ਫਿਰ ਮੇਰੀ ਦਾਦੀ ਨੇ ਮੈਨੂੰ ਦਸਿਆ ਕਿ ਮੇਰੀ ਹੋਣ ਵਾਲੀ ਲਾੜੀ ਦੇ ਪਰਵਾਰ ਨੇ ਮੇਰੀ ਨਜ਼ਰਬੰਦੀ ਤੋਂ ਬਾਅਦ ਵਿਆਹ ਦੀਆਂ ਗੱਲਾਂ ਨੂੰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿਤਾ ਹੈ।’’
ਕਨੌਜੀਆ ਨੇ ਦਾਅਵਾ ਕੀਤਾ ਕਿ ਲੰਮੇ ਇਲਾਜ ਤੋਂ ਬਾਅਦ ਉਸ ਦੇ ਭਰਾ ਦੀ ਮੌਤ ਹੋ ਗਈ, ਜਿਸ ਕਾਰਨ ਉਸ ਦੇ ਪਰਵਾਰ ਨੂੰ ਵਿਰਾਰ ਵਿਚ ਅਪਣਾ ਘਰ ਵੇਚਣਾ ਪਿਆ ਅਤੇ ਕਫ ਪਰੇਡ ਵਿਚ ਰਹਿਣਾ ਪਿਆ।
ਉਨ੍ਹਾਂ ਕਿਹਾ, ‘‘ਕਫ ਪਰੇਡ ’ਚ ਮੇਰੇ ਵਿਰੁਧ ਦੋ ਅਤੇ ਗੁਰੂਗ੍ਰਾਮ ’ਚ ਇਕ ਮਾਮਲਾ ਦਰਜ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਨੂੰ ਇਸ ਤਰ੍ਹਾਂ ਦੇ ਸ਼ੱਕੀ ਵਜੋਂ ਫੜਿਆ ਜਾਣਾ ਚਾਹੀਦਾ ਹੈ ਅਤੇ ਫਿਰ ਅੱਧਵਿਚਕਾਰ ਛੱਡ ਦਿਤਾ ਜਾਣਾ ਚਾਹੀਦਾ ਹੈ। ਮੈਂ ਸੈਫ ਅਲੀ ਖਾਨ ਦੀ ਇਮਾਰਤ ਦੇ ਬਾਹਰ ਖੜ੍ਹੇ ਹੋਣ ਅਤੇ ਨੌਕਰੀ ਮੰਗਣ ਦੀ ਯੋਜਨਾ ਬਣਾ ਰਿਹਾ ਹਾਂ ਕਿਉਂਕਿ ਉਨ੍ਹਾਂ ਨਾਲ ਜੋ ਹੋਇਆ ਉਸ ਕਾਰਨ ਮੈਂ ਸੱਭ ਕੁੱਝ ਗੁਆ ਦਿਤਾ ਹੈ।’’
ਕਨੌਜੀਆ ਨੇ ਕਿਹਾ, ‘‘ਇਹ ਰੱਬ ਦੀ ਕਿਰਪਾ ਹੈ ਕਿ ਮੈਨੂੰ ਹਿਰਾਸਤ ’ਚ ਲਏ ਜਾਣ ਦੇ ਕੁੱਝ ਘੰਟਿਆਂ ਦੇ ਅੰਦਰ ਹੀ ਸ਼ਰੀਫੁਲ ਨੂੰ ਫੜ ਲਿਆ ਗਿਆ। ਨਹੀਂ ਤਾਂ ਕੌਣ ਜਾਣਦਾ ਹੈ ਕਿ ਮੈਨੂੰ ਇਸ ਮਾਮਲੇ ’ਚ ਦੋਸ਼ੀ ਬਣਾਇਆ ਜਾ ਸਕਦਾ ਸੀ। ਮੈਂ ਹੁਣ ਨਿਆਂ ਚਾਹੁੰਦਾ ਹਾਂ।’’