
ਅਮਰੀਕੀ ਨਿਰਦੇਸ਼ਕ ਸੀਨ ਬੇਕਰ ਦੀ ਫਿਲਮ ‘ਅਨੋਰਾ’ ਨੇ ਜਿੱਤਿਆ ‘ਪਾਲਮੇ ਡੀ’ਓਰ’
ਕਾਨਸ: ਫਿਲਮ ਨਿਰਮਾਤਾ ਪਾਇਲ ਕਪਾਡੀਆ ਅਪਣੀ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਲਈ ਵੱਕਾਰੀ ਕਾਨਸ ਫਿਲਮ ਫੈਸਟੀਵਲ ’ਚ ਗ੍ਰੈਂਡ ਪ੍ਰਿਕਸ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਨਿਰਮਾਤਾ ਬਣ ਗਈ ਹੈ।
‘ਪਾਲਮੇ ਡੀ’ਓਰ’ ਤੋਂ ਬਾਅਦ ਇਹ ਤਿਉਹਾਰ ਦਾ ਦੂਜਾ ਸੱਭ ਤੋਂ ਵੱਕਾਰੀ ਪੁਰਸਕਾਰ ਹੈ। ਅਮਰੀਕੀ ਨਿਰਦੇਸ਼ਕ ਸੀਨ ਬੇਕਰ ਦੀ ਫਿਲਮ ‘ਅਨੋਰਾ’ ਨੇ ਸਨਿਚਰਵਾਰ ਰਾਤ ਨੂੰ ਸਮਾਪਤ ਹੋਏ ਫੈਸਟੀਵਲ ’ਚ ਸੱਭ ਤੋਂ ਵੱਕਾਰੀ ਪੁਰਸਕਾਰ ਜਿੱਤਿਆ।
ਕਪਾਡੀਆ ਦੀ ਇਹ ਫਿਲਮ ਵੀਰਵਾਰ ਰਾਤ ਨੂੰ ਰਿਲੀਜ਼ ਹੋਈ। ਇਹ ਕਿਸੇ ਭਾਰਤੀ ਮਹਿਲਾ ਨਿਰਦੇਸ਼ਕ ਦੀ ਪਹਿਲੀ ਭਾਰਤੀ ਫਿਲਮ ਹੈ ਜੋ 30 ਸਾਲਾਂ ਦੌਰਾਨ ਪਹਿਲੀ ਵਰੀ ਮੁੱਖ ਮੁਕਾਬਲੇ ’ਚ ਪ੍ਰਦਰਸ਼ਿਤ ਕੀਤੀ ਗਈ ਹੈ। ਮੁੱਖ ਮੁਕਾਬਲੇ ਲਈ ਚੁਣੀ ਜਾਣ ਵਾਲੀ ਆਖਰੀ ਭਾਰਤੀ ਫਿਲਮ 1994 ’ਚ ਸ਼ਾਜੀ ਐਨ. ਕਰੁਣ ਦੀ ‘ਸਵਾਹਮ’ ਸੀ।
ਕਪਾਡੀਆ ਨੂੰ ਅਮਰੀਕੀ ਅਦਾਕਾਰਾ ਵਿਓਲਾ ਡੇਵਿਸ ਤੋਂ ‘ਗ੍ਰੈਂਡ ਪ੍ਰੀ’ ਪੁਰਸਕਾਰ ਮਿਲਿਆ। ਪੁਰਸਕਾਰ ਮਨਜ਼ੂਰ ਕਰਦੇ ਹੋਏ ਉਨ੍ਹਾਂ ਨੇ ਫਿਲਮ ’ਚ ਮੁੱਖ ਭੂਮਿਕਾ ਨਿਭਾਉਣ ਵਾਲੀਆਂ ਤਿੰਨ ਅਦਾਕਾਰਾਵਾਂ ਕਾਨੀ ਕੁਸ਼ਰੂਤੀ, ਦਿਵਿਆ ਪ੍ਰਭਾ ਅਤੇ ਛਾਇਆ ਕਦਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਬਿਨਾਂ ਇਹ ਫਿਲਮ ਨਹੀਂ ਬਣ ਸਕਦੀ ਸੀ।
ਕਪਾਡੀਆ ਨੇ ਕਿਹਾ, ‘‘ਮੈਂ ਬਹੁਤ ਘਬਰਾਈ ਹੋਈ ਹਾਂ ਇਸ ਲਈ ਮੈਂ ਕੁੱਝ ਲਿਖਿਆ ਹੈ। ਇੱਥੇ ਸਾਡੀ ਫਿਲਮ ਵਿਖਾਉਣ ਲਈ ਕਾਨਸ ਫਿਲਮ ਫੈਸਟੀਵਲ ਦਾ ਧੰਨਵਾਦ। ਕਿਰਪਾ ਕਰ ਕੇ ਕਿਸੇ ਹੋਰ ਭਾਰਤੀ ਫਿਲਮ ਲਈ ਹੋਰ 30 ਸਾਲਾਂ ਦੀ ਉਡੀਕ ਨਾ ਕਰਿਉ।’’
ਉਨ੍ਹਾਂ ਕਿਹਾ, ‘‘ਇਹ ਫਿਲਮ ਦੋਸਤੀ ਬਾਰੇ ਤਿੰਨ ਬਹੁਤ ਵੱਖ-ਵੱਖ ਮਿਜਾਜ਼ਦ ਦੀਆਂ ਔਰਤਾਂ ਬਾਰੇ ਹੈ। ਕਈ ਵਾਰ ਔਰਤਾਂ ਨੂੰ ਇਕ ਦੂਜੇ ਦੇ ਵਿਰੁਧ ਖੜਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸਾਡਾ ਸਮਾਜ ਬਣਿਆ ਹੈ ਅਤੇ ਇਹ ਬਹੁਤ ਮੰਦਭਾਗਾ ਹੈ, ਪਰ ਮੇਰੇ ਲਈ ਦੋਸਤੀ ਇਕ ਬਹੁਤ ਮਹੱਤਵਪੂਰਨ ਰਿਸ਼ਤਾ ਹੈ ਕਿਉਂਕਿ ਇਹ ਵਧੇਰੇ ਏਕਤਾ, ਸਮਾਵੇਸ਼ੀ ਅਤੇ ਹਮਦਰਦੀ ਪੈਦਾ ਕਰਦਾ ਹੈ।’’
ਮਲਿਆਲਮ-ਹਿੰਦੀ ਫੀਚਰ ਫਿਲਮ ‘ਆਲ ਵੀ ਇਮੇਜਿਨ ਐਜ਼ ਲਾਈਟ’ ਇਕ ਨਰਸ ਪ੍ਰਭਾ ਦੀ ਕਹਾਣੀ ਹੈ, ਜਿਸ ਨੂੰ ਅਪਣੇ ਲੰਮੇ ਸਮੇਂ ਤੋਂ ਵੱਖ ਰਹਿ ਰਹੇ ਪਤੀ ਤੋਂ ਇਕ ਅਚਾਨਕ ਤੋਹਫ਼ਾ ਮਿਲਦਾ ਹੈ, ਜਿਸ ਨਾਲ ਉਸ ਦੀ ਜ਼ਿੰਦਗੀ ਨੂੰ ਤਹਿਸ-ਨਹਿਸ ਹੋ ਜਾਂਦੀ ਹੈ।
ਕਾਨਸ ਫੈਸਟੀਵਲ ’ਚ ਸਕ੍ਰੀਨਿੰਗ ਤੋਂ ਬਾਅਦ ਇਹ ਫਿਲਮ ਪੁਰਸਕਾਰ ਲਈ ਸੱਭ ਤੋਂ ਅੱਗੇ ਸੀ, ਜਿਸ ’ਚ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾਰੀਫ ਕੀਤੀ ਅਤੇ ਕੌਮਾਂਤਰੀ ਆਲੋਚਕਾਂ ਤੋਂ ਸ਼ਾਨਦਾਰ ਸਮੀਖਿਆਵਾਂ ਮਿਲੀਆਂ।
ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਬੁਲਗਾਰੀਆ ਦੇ ਨਿਰਦੇਸ਼ਕ ਕੌਨਸਟਾਂਟਿਨ ਬੋਜਾਨੋਵ ਦੀ ਹਿੰਦੀ ਭਾਸ਼ਾ ਦੀ ਫਿਲਮ ‘ਦਿ ਸ਼ੇਮਲੇਸ’ ਦੀ ਪ੍ਰਮੁੱਖ ਅਦਾਕਾਰਾਂ ਵਿਚੋਂ ਇਕ ਅਨਸੂਆ ਸੇਨਗੁਪਤਾ ਨੇ 2024 ਕਾਨਸ ਫਿਲਮ ਫੈਸਟੀਵਲ ਵਿਚ ‘ਅਨ ਸਟੀਕ ਰਿਸਰਟ’ ਸ਼੍ਰੇਣੀ ਵਿਚ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿਤਾ ਸੀ।