
ਭਾਰਤ ’ਚੋਂ ਸ਼ਬਾਨਾ ਆਜ਼ਮੀ, ਐਸ.ਐਸ. ਰਾਜਾਮੌਲੀ, ਰਵੀ ਵਰਮਨ ਨੂੰ ਮਿਲਿਆ ਆਸਕਰ ਅਕੈਡਮੀ ’ਚ ਸ਼ਾਮਲ ਹੋਣ ਦਾ ਸੱਦਾ
ਨਵੀਂ ਦਿੱਲੀ: ਅਦਾਕਾਰਾ ਸ਼ਬਾਨਾ ਆਜ਼ਮੀ, ‘ਆਰ.ਆਰ.ਆਰ.’ ਦੇ ਨਿਰਦੇਸ਼ਕ ਐਸ.ਐਸ. ਰਾਜਾਮੌਲੀ, ਨਿਰਮਾਤਾ ਰਿਤੇਸ਼ ਸਿਧਵਾਨੀ ਅਤੇ ਪ੍ਰਸਿੱਧ ਸਿਨੇਮੈਟੋਗ੍ਰਾਫਰ ਰਵੀ ਵਰਮਨ ਉਨ੍ਹਾਂ 487 ਨਵੇਂ ਮੈਂਬਰਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਇਸ ਸਾਲ ਸੱਦਾ ਦਿਤਾ ਹੈ।
ਅਕੈਡਮੀ ਦੀ ਵੈੱਬਸਾਈਟ ’ਤੇ ਮੰਗਲਵਾਰ ਰਾਤ ਨੂੰ ਜਾਰੀ ਇਕ ਬਿਆਨ ਮੁਤਾਬਕ ਇਸ ਸੂਚੀ ’ਚ ਉਨ੍ਹਾਂ ਕਲਾਕਾਰਾਂ ਅਤੇ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਥੀਏਟਰ ਮੋਸ਼ਨ ਪਿਕਚਰਜ਼ ’ਚ ਅਪਣੇ ਯੋਗਦਾਨ ਲਈ ਅਪਣੀ ਪਛਾਣ ਬਣਾਈ ਹੈ।
ਲਾਸ ਏਂਜਲਸ ਸਥਿਤ ਸੰਸਥਾ ਦੇ ਅਨੁਸਾਰ, ਇਸ ਦੇ ਮੈਂਬਰਾਂ ਦੀ ਚੋਣ ਪੇਸ਼ੇਵਰ ਯੋਗਤਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ।
ਭਾਰਤੀ ਫਿਲਮ ਇੰਡਸਟਰੀ ਤੋਂ ਏ.ਆਰ. ਰਹਿਮਾਨ, ਅਮਿਤਾਭ ਬੱਚਨ, ਸ਼ਾਹਰੁਖ ਖਾਨ, ਕਾਜੋਲ ਸੂਰੀਆ, ਵਿਦਿਆ ਬਾਲਨ, ਆਮਿਰ ਖਾਨ, ਸਲਮਾਨ ਖਾਨ, ਅਲੀ ਫਜ਼ਲ, ਆਦਿਤਿਆ ਚੋਪੜਾ, ਗੁਨੀਤ ਮੋਂਗਾ, ਰੀਮਾ ਕਾਗਤੀ, ਏਕਤਾ ਕਪੂਰ ਅਤੇ ਸ਼ੋਭਾ ਕਪੂਰ ਪਹਿਲਾਂ ਹੀ ਇਸ ਦੇ ਮੈਂਬਰ ਹਨ।