
ਇਹ ਫ਼ਿਲਮ ਭਾਰਤ ਦੀ ਪ੍ਰਤੀਨਿਧਗੀ ਕਰਦੀ ਹੈ ਅਤੇ ਫ਼ਿਲਮ ਦਾ ਵਿਸ਼ਾ ਮਨੁੱਖ ਦੇ ਸਾਹਮਣੇ ਆਉਣ ਵਾਲੀ ਬਿਪਤਾ ਹੈ : ਫ਼ਿਲਮ ਫ਼ਾਊਂਡੇਸ਼ਨ ਆਫ਼ ਇੰਡੀਆ
ਚੇਨਈ: ਕੇਰਲ ’ਚ ਤਬਾਹੀ ਮਚਾਉਣ ਵਾਲੇ ਹੜ੍ਹਾਂ ’ਤੇ ਆਧਾਰਤ ਮਲਿਆਲਮ ਫਿਲਮ ‘2018-ਐਵਰੀਵਨ ਇਜ਼ ਹੀਰੋ’ ਨੂੰ ਅਕੈਡਮੀ ਐਵਾਰਡਜ਼ 2024 ਲਈ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਭੇਜਿਆ ਗਿਆ ਹੈ। ਫਿਲਮ ਫੈਡਰੇਸ਼ਨ ਆਫ ਇੰਡੀਆ (ਐਫ.ਐਫ.ਆਈ.) ਨੇ ਬੁਧਵਾਰ ਨੂੰ ਇੱਥੇ ਇਹ ਐਲਾਨ ਕੀਤਾ।
ਮਸ਼ਹੂਰ ਫਿਲਮ ਨਿਰਮਾਤਾ ਅਤੇ ਚੋਣ ਕਮੇਟੀ ਦੇ ਚੇਅਰਮੈਨ ਗਿਰੀਸ਼ ਕਾਸਰਾਵਲੀ ਨੇ ਇਕ ਪ੍ਰੈਸ ਕਾਨਫਰੰਸ ’ਚ ਐਲਾਨ ਕੀਤਾ ਕਿ ਮਲਿਆਲਮ ਫਿਲਮ ਦੀ ਚੋਣ ਜਲਵਾਯੂ ਪਰਿਵਰਤਨ ਦੇ ਬੇਹੱਦ ਸੰਬੰਧਤ ਵਿਸ਼ੇ ’ਤੇ ਆਧਾਰਤ ਹੋਣ ਲਈ ਕੀਤੀ ਗਈ ਹੈ। ਇਹ ਫਿਲਮ ਵਿਖਾਉਂਦੀ ਹੈ ਕਿ ਸਮਾਜ ’ਚ ਵਿਕਾਸ ਸਮਝੇ ਜਾਣ ਕਾਰਨ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐਫ.ਐਫ.ਆਈ. ਦੇ ਪ੍ਰਧਾਨ ਰਵੀ ਕੋਟਾਰਾਕਾਰਾ ਨੇ ਕਿਹਾ ਕਿ ਕਾਸਰਾਵਲੀ ਦੀ ਅਗਵਾਈ ਵਾਲੀ 16 ਮੈਂਬਰੀ ਚੋਣ ਕਮੇਟੀ ਨੇ ਕਈ ਫਿਲਮਾਂ ਵੇਖਣ ਤੋਂ ਬਾਅਦ ਇਹ ਚੋਣ ਕੀਤੀ ਹੈ।
ਜੂਡ ਐਂਥਨੀ ਜੋਸੇਫ ਵਲੋਂ ਨਿਰਦੇਸ਼ਿਤ ਇਸ ਫਿਲਮ ਦੀ ਚੋਣ ਕਰਨ ਤੋਂ ਪਹਿਲਾਂ, ‘ਦ ਕੇਰਲਾ ਸਟੋਰੀ’ (ਹਿੰਦੀ), ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ’, ‘ਸ਼੍ਰੀਮਤੀ ਚੈਟਰਜੀ ਵਰਸੇਜ ਨਾਰਵੇ’ (ਹਿੰਦੀ), ਬਲਗਾਮ (ਤੇਲੁਗੂ), ਵਲਾਵੀ (ਮਰਾਠੀ), ਬਾਪਾਲਯੋਕ (ਮਰਾਠੀ) ਅਤੇ 16 ਅਗੱਸਤ, 1947 (ਤਾਮਿਲ) ਸਮੇਤ ਫਿਲਮਾਂ ’ਤੇ ਵਿਚਾਰ ਕੀਤਾ ਗਿਆ।
ਟੋਵਿਨੋ ਥਾਮਸ ਅਤੇ ਕੁੰਚਾਕੋ ਬੋਬਨ ਦੀ ਅਦਾਕਾਰੀ ਵਾਲੀ ਫਿਲਮ 2018 ਦੇ ਹੜ੍ਹਾਂ ’ਤੇ ਅਧਾਰਤ ਹੈ ਜਿਸ ਨੇ ਕੇਰਲ ’ਚ ਭਾਰੀ ਤਬਾਹੀ ਮਚਾਈ ਸੀ। 2023 ’ਚ ਰਿਲੀਜ਼ ਹੋਈ ਇਸ ਬਲਾਕਬਸਟਰ ਫਿਲਮ ’ਚ ਤਨਵੀ ਰਾਮ ਅਤੇ ਅਪਰਨਾ ਬਾਲਮੁਰਲੀ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।