ਬਿਨਾਂ ਕਾਰਨ ਦੱਸੇ ਅਚਾਨਕ ਛੱਡੀ ਫਿਲਮ
ਮੁੰਬਈ: ਫਿਲਮ ਨਿਰਮਾਤਾ ਕੁਮਾਰ ਮੰਗਤ ਪਾਠਕ ਨੇ ਸਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਕਸ਼ੈ ਖੰਨਾ ਨੂੰ ਅਪਣੀ ਆਉਣ ਵਾਲੀ ਫਿਲਮ ‘ਦ੍ਰਿਸ਼ਿਅਮ 3’ ਲਈ ਸਮਝੌਤੇ ਦੀ ਉਲੰਘਣਾ ਕਰਨ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਮੰਗਤ ਪਾਠਕ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਖੰਨਾ ਨਾਲ ‘ਦ੍ਰਿਸ਼ਿਅਮ 3’ ਲਈ ਇਕ ਸਮਝੌਤਾ ਕੀਤਾ ਸੀ ਅਤੇ ਅਦਾਕਾਰ ਨੂੰ ਅਗਾਊਂ ਭੁਗਤਾਨ ਵੀ ਦਿਤਾ ਗਿਆ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਸ਼ੁਕਰਵਾਰ ਨੂੰ ਜੈਦੀਪ ਅਹਿਲਾਵਤ ਨੂੰ ਇਹ ਰੋਲ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਨ੍ਹਾਂ ਦੀ ਸ਼ੂਟਿੰਗ ਪ੍ਰਭਾਵਤ ਹੋ ਰਹੀ ਸੀ।
ਅਭਿਸ਼ੇਕ ਪਾਠਕ ਵਲੋਂ ਲਿਖੀ ਅਤੇ ਨਿਰਦੇਸ਼ਤ ਇਸ ਫਿਲਮ ਨੂੰ ਸਟਾਰ ਸਟੂਡੀਓ 18 ਵਲੋਂ ਪੇਸ਼ ਕੀਤਾ ਗਿਆ ਹੈ। ਇਸ ਨੂੰ ਆਲੋਕ ਜੈਨ, ਅਜੀਤ ਅੰਧਾਰੇ, ਕੁਮਾਰ ਮੰਗਤ ਪਾਠਕ ਅਤੇ ਅਭਿਸ਼ੇਕ ਨੇ ਪ੍ਰੋਡਿਊਸ ਕੀਤਾ ਹੈ।
ਓਮਕਾਰਾ, ਨੋ ਸਮੋਕਿੰਗ ਅਤੇ ਸੈਕਸ਼ਨ 375 ਵਰਗੀਆਂ ਫ਼ਿਲਮਾਂ ਦੇਣ ਵਾਲੇ ਮੰਗਤ ਪਾਠਕ ਨੇ ਕਿਹਾ, ‘‘ਅਸੀਂ ਦੋ ਸਾਲਾਂ ਤੋਂ ‘ਦ੍ਰਿਸ਼ਿਅਮ 3’ ਉਤੇ ਕੰਮ ਕਰ ਰਹੇ ਸੀ ਅਤੇ ਅਕਸ਼ੈ ਨੂੰ ਇਸ ਬਾਰੇ ਪਤਾ ਸੀ। ਅਸੀਂ ਉਸ ਨੂੰ ਪੂਰੀ ਪਟਕਥਾ ਸੁਣਾਈ ਸੀ ਅਤੇ ਉਸ ਨੂੰ ਇਹ ਪਸੰਦ ਆਈ ਸੀ। ਸਮਝੌਤੇ ਉਤੇ ਦਸਤਖਤ ਕਰਨ ਤੋਂ ਪਹਿਲਾਂ ਅਸੀਂ ਉਸ ਦੀ ਫੀਸ ਉਤੇ ਗੱਲਬਾਤ ਦੀ ਮੁਕੰਮਲ ਕਰ ਲਈ ਸੀ। ਅਸੀਂ ਸਮਝੌਤੇ ਉਤੇ ਦਸਤਖਤ ਕੀਤੇ ਅਤੇ ਉਨ੍ਹਾਂ ਨੂੰ ਦਸਤਖਤ ਕਰਨ ਦੀ ਰਕਮ ਦਿਤੀ।’’
ਖੰਨਾ ਅਤੇ ਉਸ ਦੀ ਟੀਮ ਨਾਲ ਟਿਪਣੀ ਲਈ ਸੰਪਰਕ ਕੀਤਾ ਗਿਆ ਸੀ। ਉਨ੍ਹਾਂ ਨੇ ਅਜੇ ਨਿਰਮਾਤਾ ਦੇ ਦਾਅਵੇ ਦਾ ਜਵਾਬ ਨਹੀਂ ਦਿਤਾ ਹੈ। ਦਸਤਖਤ ਦੀ ਸਹੀ ਰਕਮ ਦਾ ਪ੍ਰਗਟਾਵਾ ਕੀਤੇ ਬਿਨਾਂ, ਮੰਗਤ ਪਾਠਕ ਨੇ ਕਿਹਾ ਕਿ ਉਨ੍ਹਾਂ ਨੂੰ ‘ਜੋ ਵੀ ਫੀਸ ਮੰਗੀ ਸੀ’ ਦਿਤੀ ਗਈ ਸੀ, ਜੋ ਕਿ ‘ਦ੍ਰਿਸ਼ਿਅਮ 2’ ਨਾਲੋਂ ਤਿੰਨ ਗੁਣਾ ਵੱਧ ਹੈ।
ਉਨ੍ਹਾਂ ਕਿਹਾ, ‘‘ਇਕ ਦਿਨ ਖੰਨਾ ਨੇ ਮੈਸੇਜ ਕੀਤਾ, ‘ਮੈਂ ਫਿਲਮ ਨਹੀਂ ਕਰ ਰਿਹਾ’ ਅਤੇ ਜਦੋਂ ਉਸ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸ ਨੇ ਕਾਲਾਂ ਅਤੇ ਸੰਦੇਸ਼ਾਂ ਦਾ ਜਵਾਬ ਨਹੀਂ ਦਿਤਾ। ਉਨ੍ਹਾਂ ਦਾ ਸੁਨੇਹਾ ‘ਧੁਰੰਦਰ’ ਦੀ ਰਿਲੀਜ਼ ਤੋਂ ਇਕ ਜਾਂ ਦੋ ਦਿਨ ਪਹਿਲਾਂ ਆਇਆ ਸੀ।’’
‘ਦ੍ਰਿਸ਼ਿਅਮ 3’ ’ਚ ਮੁੱਖ ਭੂਮਿਕਾ ਅਜੈ ਦੇਵਗਨ ਨਿਭਾ ਰਹੇ ਹਨ। ਤੱਬੂ ਨੂੰ ਸਾਬਕਾ ਪੁਲਿਸ ਅਧਿਕਾਰੀ ਮੀਰਾ ਦੇਸ਼ਮੁਖ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ। ‘ਦ੍ਰਿਸ਼ਿਅਮ 2’ ’ਚ ਖੰਨਾ ਨੇ ਆਈ.ਜੀ. ਤਰੁਣ ਅਹਿਲਾਵਤ ਦੀ ਭੂਮਿਕਾ ਨਿਭਾਈ ਸੀ, ਜੋ ਮੀਰਾ ਦੇ ਬੇਟੇ ਸੈਮ ਦੇ ਕਤਲ ਦੀ ਜਾਂਚ ਕਰ ਰਹੇ ਸਨ। ਇਹ ਫਿਲਮ 2 ਅਕਤੂਬਰ, 2026 ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।
