ਫੈਜ਼ਲ ਸ਼ੇਖ ਅਤੇ ਰੁਬੀਨਾ ਦਿਲਾਇਕ ਕ੍ਰਮਵਾਰ ਬਣੇ ਪਹਿਲਾ ਅਤੇ ਦੂਜਾ ਰਨਰ-ਅੱਪ
ਮੁੰਬਈ - ਲਗਭਗ ਤਿੰਨ ਮਹੀਨਿਆਂ ਬਾਅਦ, 'ਝਲਕ ਦਿਖਲਾ ਜਾ ਸੀਜ਼ਨ 10' ਨੂੰ ਗੁੰਜਨ ਸਿਨਹਾ ਦੇ ਰੂਪ 'ਚ ਆਪਣਾ ਵਿਜੇਤਾ ਮਿਲ ਗਿਆ ਹੈ। ਸੋਸ਼ਲ ਮੀਡੀਆ ਸਟਾਰ ਫੈਜ਼ਲ ਸ਼ੇਖ ਅਤੇ ਪ੍ਰਸਿੱਧ ਟੀ.ਵੀ. ਅਦਾਕਾਰਾ ਰੁਬੀਨਾ ਦਿਲਾਇਕ ਨੂੰ ਕ੍ਰਮਵਾਰ ਪਹਿਲੇ ਅਤੇ ਦੂਜੇ ਰਨਰ-ਅੱਪ ਐਲਾਨਿਆ ਗਿਆ। ਪਾਰਟਨਰ ਤੇਜਸ ਵਰਮਾ ਅਤੇ ਕੋਰੀਓਗ੍ਰਾਫਰ ਸਾਗਰ ਬੋਰਾ ਨਾਲ ਸ਼ੋਅ ਵਿੱਚ ਹਿੱਸਾ ਲੈਣ ਵਾਲੀ ਗੁੰਜਨ, ਵਿਜੇਤਾ ਟਰਾਫ਼ੀ ਅਤੇ 20 ਲੱਖ ਰੁਪਏ ਦਾ ਨਕਦ ਇਨਾਮ ਆਪਣੇ ਘਰ ਲਿਜਾ ਚੁੱਕੀ ਹੈ।
ਰਿਐਲਿਟੀ ਸ਼ੋਅ ਡਾਂਸ ਦੀਵਾਨੇ ਦੀ ਫ਼ਾਈਨਲਿਸਟ ਰਹਿ ਚੁੱਕੀ ਗੁੰਜਨ ਸਿਨਹਾ, ਇਸ ਸੀਜ਼ਨ ਦੇ ਸਭ ਤੋਂ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਇੱਕ ਰਹੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਚੈਂਪੀਅਨ ਗੁੰਜਨ ਹਫ਼ਤੇ ਦਰ ਹਫ਼ਤੇ ਜੱਜਾਂ ਨੂੰ ਪ੍ਰਭਾਵਿਤ ਕਰਦੀ ਚਲੀ ਗਈ। ਫ਼ਾਈਨਲ 'ਚ, ਆਪਣੇ ਮੁਕੰਮਲ ਸਕੋਰ ਨਾਲ ਉਸ ਨੇ ਬਾਕੀ ਪ੍ਰਤੀਯੋਗੀਆਂ ਨੂੰ ਪਛਾੜ ਦਿੱਤਾ।
ਸ਼ੋਅ ਜਿੱਤਣ 'ਤੇ ਗੁੰਜਨ ਨੇ ਕਿਹਾ, ''ਝਲਕ ਦਿਖਲਾ ਜਾ 10 ਦਾ ਸਫ਼ਰ ਬੜਾ ਰੋਮਾਂਚਕ ਰਿਹਾ ਹੈ। ਮੈਂ ਢੇਰ ਸਾਰੀਆਂ ਸੁੰਦਰ ਯਾਦਾਂ ਨਾਲ ਲੈ ਕੇ ਜਾ ਰਹੀ ਹਾਂ। ਮੇਰੇ ਸਾਥੀ ਤੇਜਸ ਵਰਮਾ ਅਤੇ ਕੋਰੀਓਗ੍ਰਾਫਰ ਸਾਗਰ ਬੋਰਾ ਦੀ ਮੈਂ ਧੰਨਵਾਦ ਕਰਦੀ ਹਾਂ, ਜਿਨ੍ਹਾਂ ਦੀ ਦਿੱਤੀ ਪ੍ਰੇਰਨਾ ਅਤੇ ਤਾਕਤ ਨਾਲ ਮੈਂ ਆਪਣੇ ਅੰਦਰਲੇ ਨ੍ਰਿਤ ਦੇ ਹੁਨਰ ਨੂੰ ਭਰ ਲਿਆ ਸਕੀ। ਮਾਧੁਰੀ ਦੀਕਸ਼ਿਤ ਨੇਨੇ, ਕਰਨ ਜੌਹਰ ਅਤੇ ਨੋਰਾ ਫ਼ਤੇਹੀ ਦੀ ਵੀ ਸ਼ੁਕਰਗ਼ੁਜ਼ਾਰ ਹਾਂ ਜਿਨ੍ਹਾਂ ਨੇ ਵੱਖ-ਵੱਖ ਪੜਾਵਾਂ 'ਤੇ ਮੈਨੂੰ ਕੀਮਤੀ ਮਾਰਗਦਰਸ਼ਨ ਦਿੱਤਾ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਟੀਮ ਨੇ ਭਾਰਤ ਦਾ ਸਭ ਤੋਂ ਵੱਡਾ ਡਾਂਸ ਸ਼ੋਅ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ।"
ਗੁੰਜਨ, ਫੈਜ਼ਲ ਅਤੇ ਰੁਬੀਨਾ ਤੋਂ ਇਲਾਵਾ, ਹੋਰ ਫ਼ਾਈਨਲਿਸਟਾਂ ਵਿੱਚ ਗਸ਼ਮੀਰ ਮਹਾਜਨੀ, ਸ੍ਰਿਤੀ ਝਾਅ ਅਤੇ ਨਿਸ਼ਾਂਤ ਭੱਟ ਸ਼ਾਮਲ ਸਨ। ਝਲਕ ਦਿਖਲਾ ਜਾ 10 ਦੇ ਜੱਜਾਂ ਦੀ ਭੂਮਿਕਾ ਮਾਧੁਰੀ ਦੀਕਸ਼ਿਤ, ਕਰਨ ਜੌਹਰ ਅਤੇ ਨੋਰਾ ਫ਼ਤੇਹੀ ਨੇ ਨਿਭਾਈ। ਕਲਰਜ਼ ਟੀਵੀ ਦੇ ਇਸ ਚਰਚਿਤ ਸ਼ੋਅ ਦੀ ਮੇਜ਼ਬਾਨੀ ਮਨੀਸ਼ ਪਾਲ ਨੇ ਕੀਤੀ। ਗ੍ਰੈਂਡ ਫ਼ਿਨਾਲੇ ਐਪੀਸੋਡ ਵਿੱਚ ਆਪਣੀ ਫਿਲਮ ਭੇੜੀਆ ਦੇ ਪ੍ਰੋਮੋਸ਼ਨ ਤਹਿਤ ਵਰੁਣ ਧਵਨ ਅਤੇ ਕ੍ਰਿਤੀ ਸੈਨਨ ਨੇ ਵੀ ਸ਼ਿਰਕਤ ਕੀਤੀ।