
ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਫਿਲਮਫੇਅਰ ਸਰਬੋਤਮ ਅਦਾਕਾਰ ਅਤੇ ਅਭਿਨੇਤਰੀ ਦਾ ਪੁਰਸਕਾਰ ਜਿੱਤਿਆ
ਨਵੀਂ ਦਿੱਲੀ: ਗੁਜਰਾਤ ’ਚ ਹੋਏ 69ਵੇਂ ਫਿਲਮਫੇਅਰ ਅਵਾਰਡ ਸਮਾਰੋਹ ’ਚ ਰਣਬੀਰ ਕਪੂਰ ਨੂੰ ‘ਐਨੀਮਲ’ ਲਈ ਬਿਹਤਰੀਨ ਅਦਾਕਾਰ ਦਾ ਪੁਰਸਕਾਰ ਅਤੇ ਆਲੀਆ ਭੱਟ ਨੂੰ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ।
ਵਿਧੂ ਵਿਨੋਦ ਚੋਪੜਾ ਦੀ ‘ਬਾਰ੍ਹਵੀਂ ਫੇਲ’ ਨੇ ਇਸ ਸਾਲ ਬਿਹਤਰੀਨ ਫਿਲਮ ਅਤੇ ਡਾਇਰੈਕਟਰ ਦਾ ਪੁਰਸਕਾਰ ਜਿੱਤਿਆ। ਗੁਜਰਾਤ ਟੂਰਿਜ਼ਮ ਨਾਲ ਕਰਵਾਏ 69ਵੇਂ ਹੁੰਡਈ ਫਿਲਮਫੇਅਰ ਅਵਾਰਡ 2024 ਦਾ ਸ਼ਾਨਦਾਰ ਪ੍ਰੋਗਰਾਮ ਗਿਫਟ ਸਿਟੀ ਗੁਜਰਾਤ ਵਿਖੇ ਕੀਤਾ ਗਿਆ। ਐਤਵਾਰ ਨੂੰ ਖ਼ਤਮ ਹੋਏ ਪੁਰਸਕਾਰ ਸਮਾਰੋਹ ਦੀ ਮੇਜ਼ਬਾਨੀ ਕਰਨ ਜੌਹਰ, ਆਯੁਸ਼ਮਾਨ ਖੁਰਾਣਾ ਅਤੇ ਮਨੀਸ਼ ਪਾਲ ਨੇ ਕੀਤੀ।
ਸ਼ਬਾਨਾ ਆਜ਼ਮੀ ਨੇ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ’ਚ ਅਪਣੀ ਅਦਾਕਾਰੀ ਲਈ ਸਰਬੋਤਮ ਸਹਾਇਕ ਅਭਿਨੇਤਰੀ ਦਾ ਫਿਲਮਫੇਅਰ ਪੁਰਸਕਾਰ ਜਿੱਤਿਆ। ਕਰਨ ਜੌਹਰ ਵਲੋਂ ਨਿਰਦੇਸ਼ਤ ਫਿਲਮ ਨੇ ‘ਝੁਮਕਾ ਗਿਰਾ ਰੇ’ ਗੀਤ ਲਈ ਬਿਹਤਰੀਨ ਸੰਵਾਦ ਅਤੇ ਸਰਬੋਤਮ ਕੋਰੀਓਗ੍ਰਾਫੀ ਦਾ ਪੁਰਸਕਾਰ ਵੀ ਜਿੱਤਿਆ। ਅਦਾਕਾਰ ਵਿੱਕੀ ਕੌਸ਼ਲ ਨੂੰ ਸਰਬੋਤਮ ਅਦਾਕਾਰ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਉਸ ਨੂੰ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ’ਚ ਅਪਣੀ ਅਦਾਕਾਰੀ ਲਈ ਬਿਹਤਰੀਨ ਸਹਾਇਕ ਅਦਾਕਾਰ ਦੇ ਪੁਰਸਕਾਰ ਨਾਲ ਸੰਤੁਸ਼ਟ ਹੋਣਾ ਪਿਆ।
ਇਸ ਸਾਲ ‘ਪਠਾਨ’, ‘ਜਵਾਨ’ ਅਤੇ ‘ਡੰਕੀ’ ਵਰਗੀਆਂ ਤਿੰਨ ਵੱਡੀਆਂ ਹਿੱਟ ਫਿਲਮਾਂ ਦੇਣ ਦੇ ਬਾਵਜੂਦ ਸ਼ਾਹਰੁਖ ਖਾਨ ਇਸ ਵਾਰ ਜੇਤੂਆਂ ਦੀ ਸੂਚੀ ’ਚ ਜਗ੍ਹਾ ਨਹੀਂ ਬਣਾ ਸਕੇ। ਉਨ੍ਹਾਂ ਦੀ ਫਿਲਮ ‘ਜਵਾਨ’ ਨੂੰ ਬੈਸਟ ਵੀ.ਐਫ.ਐਕਸ. ਅਤੇ ਐਕਸ਼ਨ ਲਈ ਚੁਣਿਆ ਗਿਆ ਸੀ।
‘ਐਨੀਮਲ’ ਨੂੰ ਬਿਹਤਰੀਨ ਸੰਗੀਤ ਐਲਬਮ ਪਲੇਬੈਕ ਮਿਊਜ਼ਿਕ ਐਵਾਰਡ ਮਿਲਿਆ, ਜਦਕਿ ਫਿਲਮ ਦੇ ਗੀਤ ‘ਅਰਜਨ ਵੈਲੀ’ ਲਈ ਬਿਹਤਰੀਨ ਪੁਰਸ਼ ਪਲੇਬੈਕ ਐਵਾਰਡ ਭੁਪਿੰਦਰ ਬੱਬਲ ਨੂੰ ਮਿਲਿਆ। ਅਦਾਕਾਰ ਵਿਕਰਾਂਤ ਮੈਸੀ ਨੇ ਫਿਲਮ ‘ਬਾਰ੍ਹਵੀਂ ਫੇਲ’ ਲਈ ਬਿਹਤਰੀਨ ਅਦਾਕਾਰ (ਆਲੋਚਕ) ਦਾ ਫਿਲਮਫੇਅਰ ਪੁਰਸਕਾਰ ਜਿੱਤਿਆ। ਫਿਲਮ ਨੇ ਸਕ੍ਰੀਨਪਲੇਅ ਅਤੇ ਸੰਪਾਦਨ ਸ਼੍ਰੇਣੀਆਂ ’ਚ ਟਰਾਫੀਆਂ ਵੀ ਜਿੱਤੀਆਂ। ਬਿਹਤਰੀਨ ਅਦਾਕਾਰਾ (ਆਲੋਚਕ) ਦੀ ਟਰਾਫੀ ਰਾਣੀ ਮੁਖਰਜੀ (ਮਿਸਿਜ਼ ਚੈਟਰਜੀ ਬਨਾਮ ਨਾਰਵੇ) ਅਤੇ ਸ਼ੇਫਾਲੀ ਸ਼ਾਹ (ਥ੍ਰੀ ਆਫ ਅਸ) ਨੇ ਸਾਂਝੀ ਕੀਤੀ। ‘ਥ੍ਰੀ ਆਫ ਅਸ’ ਦੇ ਨਿਰਦੇਸ਼ਕ ਅਵਿਨਾਸ਼ ਅਰੁਣ ਧਾਵਰੇ ਨੂੰ ਫਿਲਮ ਦੀ ਸਿਨੇਮੈਟੋਗ੍ਰਾਫੀ ਲਈ ਸਨਮਾਨ ਮਿਲਿਆ।