
‘ਅੰਸਾਰੀ’ ਗੀਤ ’ਚ ਹਿੰਦੂ ਦੇਵਤਿਆਂ ਦਾ ਅਪਮਾਨ ਕਰਨ ਦਾ ਲੱਗਿਆ ਆਰੋਪ
ਪਠਾਨਕੋਟ : ਪਠਾਨਕੋਟ ’ਚ ਹਿੰਦੂ ਸੰਗਠਨਾਂ ਵੱਲੋਂ ਪੰਜਾਬੀ ਗਾਇਕ ਬਾਗੀ ਦਾ ਵਿਰੋਧ ਕੀਤਾ ਗਿਆ। ਗਾਇਕ ਬਾਗੀ ਬੁੱਧਵਾਰ ਨੂੰ ਪਠਾਨਕੋਟ ਦੇ ਕੋਟਲੀ ਵਿੱਚ ਇੱਕ ਨਿੱਜੀ ਕਾਲਜ ਵਿੱਚ ਪ੍ਰੋਗਰਾਮ ਕਰਨ ਲਈ ਪਹੁੰਚੇ ਸਨ। ਜਦੋਂ ਸ਼ਿਵ ਸੈਨਾ ਅਤੇ ਸਮਾਜਿਕ ਸੰਗਠਨਾਂ ਸਮੇਤ ਹਿੰਦੂ ਸੰਗਠਨਾਂ ਦੇ ਮੈਂਬਰਾਂ ਨੂੰ ਉਨ੍ਹਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਕਾਲਜ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਗਾਇਕ ਬਾਗੀ ਦੀ ਕਾਰ ਨੂੰ ਘੇਰ ਲਿਆ ਅਤੇ ਉਸ ਦੇ ਬਾਊਂਸਰਾਂ ਨੇ ਉਸਨੂੰ ਭੀੜ ਤੋਂ ਬਾਹਰ ਕੱਢ ਦਿੱਤਾ। ਹਿੰਦੂ ਸੰਗਠਨਾਂ ਦੇ ਆਗੂਆਂ ਨੇ ਕਿਹਾ ਕਿ ਬਾਗੀ ਨੂੰ ਮੁਆਫ਼ੀ ਮੰਗਣ ਤੋਂ ਬਾਅਦ ਜਾਣ ਦਿੱਤਾ ਗਿਆ।
ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਬਾਗੀ ਨੇ 2025 ’ਚ ਰਿਲੀਜ਼ ਆਪਣੇ ਗੀਤ ‘ਅੰਸਾਰੀ’ ਵਿਚ ਹਿੰਦੂ ਦੇਵਤਿਆਂ ਦਾ ਅਪਮਾਨ ਕੀਤਾ ਹੈ। ਜਿਸ ਦੇ ਖਿਲਾਫ਼ ਪਠਾਨਕੋਟ ਦੇ ਥਾਣੇ ਵਿਚ ਸ਼ਿਕਾਇਤ ਵੀ ਦਿੱਤੀ ਹੋਈ ਹੈ ਪਰ ਗਾਇਕ ਪੁਲਿਸ ਵੱਲੋਂ ਬੁਲਾਏ ਜਾਣ ’ਤੇ ਵੀ ਨਹੀਂ ਪਹੁੰਚਿਆ, ਜਿਸ ਦੇ ਚਲਦਿਆਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ।
ਗਾਇਕ ਬਾਗੀ ਨੇ ‘ਅੰਸਾਰੀ’ ਗੀਤ ਗਾਇਆ ਹੈ ਜਿਸ ਵਿੱਚ ਯਮਰਾਜ ਨੂੰ ਬੰਨ੍ਹ ਕੇ ਕੁੱਟਣ ਦੀ ਗੱਲ ਕਹੀ ਗਈ ਹੈ। ਗੀਤ ਵਿੱਚ ਕਿਹਾ ਗਿਆ ਹੈ ਕਿ ‘ਮੈਥੋਂ ਬਿਨਾ ਪੁੱਛੇ ਯਮਰਾਜ ਸੀ ਆ ਗਿਆ, ਥੰਮ ਨਾਲ ਬੰਨ੍ਹ ਕੇ ਕੁੱਟਿਆ, ਕਹਿੰਦਾ ਜਦੋਂ ਕਹੋਗੇ ਆਊਂ ਵੀਰ ਜੀ, ਮਿੰਨਤਾਂ ਕਰਕੇ ਛੁੱਟਿਆ’। ਭਾਵ ਇਕ ਵਾਰ ਯਮਰਾਜ ਵੀ ਮੈਨੂੰ ਬਿਨਾ ਪੁੱਛੇ ਆ ਗਿਆ ਸੀ, ਮੈਂ ਉਸ ਨੂੰ ਬੰਨ੍ਹ ਕੇ ਬਹੁਤ ਕੁੱਟਿਆ, ਇਸ ਤੋਂ ਬਾਅਦ ਉਸ ਨੇ ਹੱਥ ਜੋੜ੍ਹ ਕੇ ਮੁਆਫ਼ੀ ਮੰਗੀ ਅਤੇ ਕਿਹਾ ਜਦੋਂ ਤੁਸੀਂ ਕਹੋਗੇ, ਅੱਗੇ ਤੋਂ ਉਦੋਂ ਹੀ ਆਊਂਗਾ ਵੀਰ ਜੀ। ਹਿੰਦੂ ਸੰਗਠਨਾਂ ਨੇ ਇਕਜੁੱਟ ਹੋ ਕੇ ਗਾਇਕ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਮੰਗ ਕੀਤੀ ਕਿ ਗਾਇਕ ਆਪਣੇ ਵਿਵਾਦਤ ਗੀਤ ਵਿਚੋਂ ਯਮਰਾਜ ਵਾਲੀ ਲਾਈਨ ਨੂੰ ਹਟਾਉਣ। ਕਿਉਂਕਿ ਇਸ ਨਾਲ ਹਿੰਦੂਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।