
ਮਲਕੀਤ ਰੌਣੀ ਦਾ ਕਹਿਣਾ ਹੈ ਕਿ ਸ਼ੂਟਿੰਗਾਂ ਬਕਾਇਦਾ ਇਜਾਜ਼ਤ ਲੈ ਕੇ ਕੀਤੀਆਂ ਜਾ ਰਹੀਆਂ ਹਨ ਤੇ ਅਜਿਹੇ ਚ ਕਾਰਵਾਈ ਸਹੀ ਨਹੀਂ
ਚੰਡੀਗੜ੍ਹ (ਸੁਰਜੀਤ ਸਿੰਘ ਸੱਤੀ): ਲਾਕਡਾਊਨ ਦੌਰਾਨ ਸੂਬੇ ’ਚ ਪੰਜਾਬੀ ਅਦਾਕਾਰਾਂ ਵਲੋਂ ਸ਼ੂਟਿੰਗਾਂ ਦਾ ਦੌਰ ਜਾਰੀ ਹੈ ਤੇ ਪਤਾ ਲਗਦੇ ਹੀ ਪੁਲਿਸ ਵੀ ਕਾਰਵਾਈ ਕਰਨ ’ਚ ਡਟੀ ਹੋਈ ਹੈ। ਪਿਛਲੇ ਕੁੱਝ ਦਿਨਾਂ ’ਚ ਹੀ ਤਿੰਨ ਨਾਮੀ ਪੰਜਾਬੀ ਫ਼ਿਲਮੀ ਕਲਾਕਾਰਾਂ ’ਤੇ ਪੁਲਿਸ ਕਾਰਵਾਈ ਹੋ ਚੁੱਕੀ ਹੈ। ਲੁਧਿਆਣਾ ’ਚ ਵੈਬ ਸੀਰੀਜ਼ ਦੀ ਸ਼ੂਟਿੰਗ ਕਰਨ ਕਾਰਨ ਪੁਲਿਸ ਨੇ ਜਿੰਮੀ ਸ਼ੇਰਗਿੱਲ ’ਤੇ ਮਾਮਲਾ ਦਰਜ ਕੀਤਾ ਸੀ ਤੇ ਇਸੇ ਤਰ੍ਹਾਂ ਬਨੂੜ ਵਿਖੇ ਗਿੱਪੀ ਗਰੇਵਾਲ ’ਤੇ ਵੀ ਸ਼ੂਟਿੰਗ ਕਾਰਨ ਕਾਰਵਾਈ ਹੋਈ ਸੀ ਤੇ ਫਿਰ ਉਪਾਸਨਾ ਸਿੰਘ ਵਲੋਂ ਕੀਤੀ ਜਾ ਰਹੀ ਸ਼ੂਟਿੰਗ ਦੌਰਾਨ ਪੁਲਿਸ ਕਾਰਵਾਈ ਦੀ ਖ਼ਬਰ ਹੈ।
Upasna Singh
ਪੁਲਿਸ ਵਲੋਂ ਇਹ ਕਾਰਵਾਈਆਂ ਕੋਰੋਨਾ ਕਾਲ ਲਈ ਲਗਾਈਆਂ ਬੰਦਸ਼ਾਂ ਦੀ ਕਥਿਤ ਉਲੰਘਣਾ ਕਾਰਨ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਨੌਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਗ਼ਲਤ ਕਰਾਰ ਦੇ ਰਹੀ ਹੈ। ਸੰਸਥਾ ਦੇ ਪ੍ਰਧਾਨ ਮਲਕੀਤ ਰੌਣੀ ਦਾ ਕਹਿਣਾ ਹੈ ਕਿ ਸ਼ੂਟਿੰਗਾਂ ਬਕਾਇਦਾ ਇਜਾਜ਼ਤ ਲੈ ਕੇ ਕੀਤੀਆਂ ਜਾ ਰਹੀਆਂ ਹਨ ਤੇ ਅਜਿਹੇ ਵਿਚ ਕਾਰਵਾਈ ਸਹੀ ਨਹੀਂ ਹੈ।
corona, lockdown
ਉਨ੍ਹਾਂ ਕਿਹਾ ਕਿ ਭਾਵੇਂ ਲਾਕਡਾਊਨ ਲਗਾਇਆ ਗਿਆ ਹੈ ਪਰ ਫ਼ਿਲਮਾਂ ਦੀ ਸ਼ੂਟਿੰਗ ਬਾਰੇ ਸਰਕਾਰ ਵਲੋਂ ਸਥਿਤੀ ਸਪਸ਼ਟ ਨਹੀਂ ਹੈ। ਕਾਰਵਾਈ ਕਰਨ ਤੋਂ ਚੰਗਾ ਹੁੰਦਾ ਕਿ ਲਾਕਡਾਊਨ ਦੇ ਤੈਅ ਸਮੇਂ ਲਈ ਸ਼ੂਟਿੰਗ ਸਬੰਧੀ ਸਥਿਤੀ ਸਪੱਸ਼ਟ ਕੀਤੀ ਜਾਂਦੀ ਤਾਂ ਜੋ ਕਲਾਕਾਰ ਉਸੇ ਹਿਸਾਬ ਨਾਲ ਚਲਦੇ।
Malkit Rauni
ਲਾਕਡਾਊਨ ’ਚ ਹੀ ਸ਼ੂਟਿੰਗ ਕਿਉਂ ਕੀਤੀ ਜਾ ਰਹੀ ਹੈ ਸਬੰਧੀ ਸੁਆਲ ਦੇ ਜਵਾਬ ’ਚ ਰੌਣੀ ਨੇ ਕਿਹਾ ਪਿਛਲੇ ਇਕ ਸਾਲ ਤੋਂ ਫ਼ਿਲਮੀ ਸਰਗਰਮੀਆਂ ਰੁਕੀਆਂ ਹੋਈਆਂ ਹਨ। ਸਥਾਪਤ ਕਲਾਕਾਰ ਤੰਗੀ ਝੱਲ ਸਕਦੇ ਹਨ ਪਰ ਸਹਿਯੋਗੀ ਸਟਾਰ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ।