
ਫਿਲਮ 3 ਜੂਨ 2022 ਨੂੰ ਵਿਸ਼ਵ ਪੱਧਰ 'ਤੇ ਹੋਵੇਗੀ ਰਿਲੀਜ਼
ਚੰਡੀਗੜ੍ਹ - ਤੁਸੀਂ ਰੋਮਾਂਟਿਕ ਕਾਮੇਡੀ ਫ਼ਿਲਮਾਂ ਤਾਂ ਬਹੁਤ ਦੇਖੀਆਂ ਹੋਣਗੀਆਂ ਪਰ 'ਮਾਹੀ ਮੇਰਾ ਨਿੱਕਾ ਜਿਹਾ' ਦੀ ਕਹਾਣੀ ਇਹਨਾਂ ਸਾਰੀਆਂ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਲੱਗਦੀ ਹੈ। ਫਿਲਹਾਲ ਸਿਰਫ਼ ਪੋਸਟਰ ਹੀ ਰਿਲੀਜ਼ ਹੋਇਆ ਹੈ ਪਰ ਫਿਲਮ ਦੇ ਟਾਈਟਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਹਾਣੀ ਲਾੜਾ-ਲਾੜੀ ਦੇ ਬੇਮੇਲ ਕੱਦ-ਕਾਠ ਦੀ ਹੋਵੇਗੀ। ਆਮ ਤੌਰ 'ਤੇ ਕੁੜੀਆਂ ਅਤੇ ਮੁੰਡਿਆਂ ਦੇ ਆਪਣੇ ਜੀਵਨ ਸਾਥੀਆਂ ਦੀ ਦਿੱਖ, ਕੱਦ ਅਤੇ ਸ਼ਖਸੀਅਤ ਲਈ ਬਹੁਤ ਸਾਰੇ ਸੁਪਨੇ ਅਤੇ ਉਮੀਦਾਂ ਹੁੰਦੀਆਂ ਹਨ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਲਾੜਾ-ਲਾੜੀ ਦਾ ਕੱਦ ਮੇਲ ਖਾਂਦਾ ਹੋਵੇ।
Poster release of Punjabi movie 'Mahi Mera Nikka Jiha'
ਹਾਲਾਂਕਿ, ਫਿਲਮ ਦੀ ਮੁੱਖ ਅਦਾਕਾਰਾ, 'ਹਸ਼ਨੀਨ ਚੌਹਾਨ', ਅਦਾਕਾਰ 'ਪੁਖਰਾਜ ਭੱਲਾ' ਨਾਲ ਵਿਆਹ ਕਰੇਗੀ, ਜਿਸ ਦਾ ਕੱਦ ਛੋਟਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਇੱਕ ਦੂਜੇ ਨੂੰ ਕਿਵੇਂ ਮਿਲਣਗੇ, ਇਸ ਕਮੀ ਦੇ ਬਾਵਜੂਦ ਵਿਆਹ ਲਈ ਕਿਵੇਂ ਤਿਆਰ ਹੁੰਦੇ ਹਨ ਅਤੇ ਇੱਕ ਵਧੀਆ ਜੋੜਾ ਕਿਵੇਂ ਬਣਦੇ ਹਨ? ਕੀ ਇਹ ਪ੍ਰੇਮ ਵਿਆਹ ਹੋਵੇਗਾ ਜਾਂ ਘਰਦਿਆਂ ਦੇ ਕਹਿਣ 'ਤੇ? ਉਨ੍ਹਾਂ ਦੀ ਅਸਾਧਾਰਨ ਜੋੜੀ ਨੂੰ ਦੇਖ ਕੇ ਉਨ੍ਹਾਂ ਦੇ ਪਰਿਵਾਰ ਅਤੇ ਸਮਾਜ ਦੀ ਕੀ ਪ੍ਰਤੀਕਿਰਿਆ ਹੋਵੇਗੀ। ਆਮ ਤੌਰ 'ਤੇ ਭਾਰਤੀ ਸਮਾਜ ਵਿਚ ਪਤਨੀ ਦਾ ਪਤੀ ਨਾਲੋਂ ਛੋਟਾ ਹੋਣਾ ਸੁਭਾਵਿਕ ਮੰਨਿਆ ਜਾਂਦਾ ਹੈ ਪਰ ਜੇਕਰ ਪਤਨੀ ਪਤੀ ਤੋਂ ਲੰਬੀ ਹੋਵੇ ਤਾਂ ਇਹ ਉੰਗਲ ਉਠਾਉਣ ਦਾ ਵਿਸ਼ਾ ਬਣ ਜਾਂਦਾ ਹੈ।
Poster release of Punjabi movie 'Mahi Mera Nikka Jiha'
ਇਨ੍ਹਾਂ ਸਾਰੇ ਸਵਾਲਾਂ ਦੇ ਨਾਲ ਹੀ ਫ਼ਿਲਮ ਦੀ ਟੀਮ ਨੇ ਦਰਸ਼ਕਾਂ ਨੂੰ ਫ਼ਿਲਮ ਬਾਰੇ ਹੋਰ ਜਾਣਨ ਲਈ ਉਤਸੁਕ ਬਣਾਇਆ ਹੈ ਅਤੇ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਹ ਫਿਲਮ 3 ਜੂਨ 2022 ਨੂੰ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਪੁਖਰਾਜ ਅਤੇ ਹਸ਼ਨੀਨ ਤੋਂ ਇਲਾਵਾ, ਫਿਲਮ ਦੀ ਮਸ਼ਹੂਰ ਕਾਸਟ ਵਿੱਚ ਜਸਵਿੰਦਰ ਭੱਲਾ, ਕਰਨਵੀਰ ਦਿਓਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਹਨੀ ਮੱਟੂ, ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਹੋਰ ਨਾਮਵਰ ਕਲਾਕਾਰ ਹਨ। ਫਿਲਮ ਦੀ ਕਹਾਣੀ ਜਗਦੇਵ ਸੇਖੋਂ ਦੁਆਰਾ ਲਿਖੀ ਗਈ ਹੈ, ਸਤਿੰਦਰ ਸਿੰਘ ਦੇਵ ਦੁਆਰਾ ਨਿਰਦੇਸ਼ਿਤ ਅਤੇ ਰੰਜੀਵ ਸਿੰਗਲਾ ਦੁਆਰਾ ਨਿਰਮਿਤ ਹੈ। ਰੰਜੀਵ ਸਿੰਗਲਾ ਪ੍ਰੋਡਕਸ਼ਨ ਦੁਆਰਾ ਫਿਲਮ 'ਮਾਹੀ ਮੇਰਾ ਨਿੱਕਾ ਜਿਹਾ' ਦੁਨੀਆ ਭਰ ਵਿਚ ਪੇਸ਼ ਕੀਤੀ ਜਾਵੇਗੀ।