
ਕਿਹਾ- ਸ਼ਰਮਨਾਕ ਘਟਨਾ ,ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣ
Punjabi News : ਲੰਡਨ 'ਚ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਦੇ ਸ਼ੋਅ ਦੌਰਾਨ ਉਨ੍ਹਾਂ 'ਤੇ ਬੂਟ ਸੁੱਟਿਆ ਗਿਆ, ਜੋ ਸਿੱਧਾ ਗਾਇਕ ਦੇ ਮੂੰਹ 'ਤੇ ਵੱਜਿਆ। ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ। ਇਸ ਸਬੰਧੀ ਅੱਜ ਜਲੰਧਰ ਵਿਖੇ ਪੰਜਾਬੀ ਗਾਇਕ ਬੱਬੂ ਮਾਨ ਨੇ ਉਕਤ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ।
ਬੱਬੂ ਮਾਨ ਨੇ ਕਿਹਾ ਕਿ ਇਹ ਘਟਨਾ ਸ਼ਰਮਨਾਕ ਹੈ, ਕਰਨ ਬਹੁਤ ਪਿਆਰਾ ਬੱਚਾ ਹੈ। ਕਰਨ ਮੇਰਾ ਛੋਟਾ ਭਰਾ ਹੈ ਅਤੇ ਪੰਜਾਬ ਦਾ ਨਵਾਂ ਕਲਾਕਾਰ ਹੈ। ਉਸ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਸ ਨਾਲ ਜੋ ਹੋਇਆ ,ਉਹ ਬਹੁਤ ਗਲਤ ਹੈ। ਉਨ੍ਹਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣ।
'ਤੌਬਾ-ਤੌਬਾ' ਗੀਤ ਨਾਲ ਬਾਲੀਵੁੱਡ 'ਚ ਮਿਲੀ ਪਛਾਣ
ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂਕੇ ਟੂਰ 'ਤੇ ਹਨ। ਲੰਡਨ 'ਚ ਉਨ੍ਹਾਂ ਦੇ ਸ਼ੋਅ ਦੌਰਾਨ ਕਿਸੇ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ। ਇਸ ਤੋਂ ਗੁੱਸੇ 'ਚ ਆ ਕੇ ਕਰਨ ਔਜਲਾ ਨੇ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ਜੁੱਤੀ ਮਾਰੋ।
ਜੇਕਰ ਤੁਹਾਨੂੰ ਮੇਰੇ ਨਾਲ ਕੋਈ ਸਮੱਸਿਆ ਹੈ ਤਾਂ ਸਿੱਧੇ ਸਟੇਜ 'ਤੇ ਆ ਕੇ ਗੱਲ ਕਰੋ। ਇਸ ਦੌਰਾਨ ਸੁਰੱਖਿਆ ਗਾਰਡ ਬੂਟ ਸੁੱਟਣ ਵਾਲੇ ਨੂੰ ਫੜ ਕੇ ਲੈ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅੰਤ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਸਨਮਾਨ ਦੇਣ ਦੀ ਅਪੀਲ ਕੀਤੀ।