
ਪਤਨੀ ਸ਼ਾਲਿਨੀ ਤਲਵਾੜ ਨੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਵਰਗੇ ਕਈ ਗੰਭੀਰ ਦੋਸ਼ ਲਗਾਏ ਸਨ।
ਮੁੰਬਈ- ਪੰਜਾਬੀ ਗਾਇਕ ਹਨੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਸ਼ਾਲਿਨੀ ਤਲਵਾਰ ਦਾ ਤਲਾਕ ਹੋ ਗਿਆ ਹੈ। ਸ਼ਾਲਿਨੀ ਤਲਵਾਰ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ’ਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ’ਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਵਰਗੇ ਕਈ ਗੰਭੀਰ ਦੋਸ਼ ਲਗਾਏ ਸਨ।
ਇਸ ਦੇ ਨਾਲ ਹੀ ਹਨੀ ਸਿੰਘ ਅਤੇ ਸ਼ਾਲਿਨੀ ਹੁਣ ਅਧਿਕਾਰਤ ਤੌਰ ’ਤੇ ਵੱਖ ਹੋ ਗਏ ਹਨ। ਸ਼ਾਲਿਨੀ ਤਲਵਾਰ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਹੁਣ ਦੋਵਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ। ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਫੈਮਿਲੀ ਕੋਰਟ ’ਚ ਸੀਲਬੰਦ ਲਿਫ਼ਾਫ਼ੇ ’ਚ 1 ਕਰੋੜ ਰੁਪਏ ਦਾ ਚੈੱਕ ਸ਼ਾਲਿਨੀ ਤਲਵਾਰ ਨੂੰ ਸੌਂਪਿਆ।
3 ਅਗਸਤ ਨੂੰ ਸ਼ਾਲਿਨੀ ਨੇ ਹਨੀ ਸਿੰਘ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਵਿਆਹ ਨੂੰ ਦਸ ਸਾਲ ਦਿੱਤੇ ਪਰ ਬਦਲੇ ’ਚ ਉਨ੍ਹਾਂ ਨੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਪੀੜਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਲਿਨੀ ਤਲਵਾੜ ਨੇ ਇਹ ਵੀ ਦੋਸ਼ ਲਾਇਆ ਸੀ ਕਿ ਗਾਇਕ ਅੰਤਰਰਾਸ਼ਟਰੀ ਟੂਰ ’ਤੇ ਜਾਣ ਦੇ ਬਹਾਨੇ ਕਈ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਉਂਦਾ ਹੈ। ਉਸ ਦੇ ਪਤੀ ਨੇ ਉਸ ਨਾਲ ਜਾਨਵਰਾਂ ਵਾਂਗ ਵਿਵਹਾਰ ਕੀਤਾ ਅਤੇ ਹੁਣ ਉਹ ਹਨੀ ਸਿੰਘ ਤੋਂ ਵੱਖ ਹੋਣਾ ਚਾਹੁੰਦੀ ਹੈ। ਸ਼ਾਲਿਨੀ ਨੇ 10 ਕਰੋੜ ਰੁਪਏ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਸੀ।
ਦੱਸ ਦਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਵਿਆਹ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਰਹੇ ਹਨ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ’ਚ ਬਦਲ ਗਈ ਅਤੇ ਸਾਲ 2011 ’ਚ ਉਨ੍ਹਾਂ ਨੇ ਦਿੱਲੀ ਦੇ ਇਕ ਗੁਰਦੁਆਰਾ ਸਾਹਿਬ ’ਚ ਵਿਆਹ ਕਰਵਾ ਲਿਆ। ਸਾਲ 2014 ’ਚ ਹਨੀ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਰਿਐਲਿਟੀ ਸ਼ੋਅ ਇੰਡੀਆਜ਼ ਰੋਸਟਰ ਸ਼ੋਅ ’ਚ ਇੰਟ੍ਰੋਡਿਊਸ ਕੀਤਾ ਸੀ।