ਦਿਲਜੀਤ ਨੇ ਗੁਰੂ ਘਰ ਵਿਖੇ ਕੀਰਤਨ ਸਰਵਣ ਵੀ ਕੀਤਾ
Diljit Dosanjh paid obeisance at Gurdwara Sri Fatehgarh Sahib: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅੱਜ ਆਪਣੇ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕੀਤਾ। ਫ਼ਿਲਮ ਸਟਾਰ ਦਿਲਜੀਤ ਤੜਕਸਾਰ ਗੁਰੂ ਘਰ ਪਹੁੰਚੇ।
ਦਿਲਜੀਤ ਨੇ ਸਖ਼ਤ ਸੁਰੱਖਿਆ ਹੇਠ ਗੁਰੂ ਘਰ ਵਿਖੇ ਕੀਰਤਨ ਸਰਵਣ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਸਿਰ ਝੁਕਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ। ਉਹ ਮੱਥਾ ਟੇਕਣ ਠੰਢਾ ਬੁਰਜ ਵੀ ਗਏ। ਇਸ ਅਸਥਾਨ 'ਤੇ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਸਨ। ਦਿਲਜੀਤ ਦੁਸਾਂਝ ਨੇ ਮੀਡੀਆ ਤੋਂ ਦੂਰੀ ਬਣਾਉਣ ਬਾਰੇ ਕਿਹਾ ਉਹ ਸਿਰਫ਼ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਹਨ।
ਬੀਤੀ ਰਾਤ ਸੀਐਮ ਪੰਜਾਬ ਨੂੰ ਮਿਲੇ ਸੀ ਦਿਲਜੀਤ ਦੋਸਾਂਝ
ਇਸ ਤੋਂ ਪਹਿਲਾਂ ਬੀਤੀ ਰਾਤ ਦਿਲਜੀਤ ਦੋਸਾਂਝ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਮੁਲਾਕਾਤ ਕੀਤੀ ਸੀ ਜਿਸ ਦੀ ਭਗਵੰਤ ਮਾਨ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ''ਪੰਜਾਬੀ ਬੋਲੀ ਅਤੇ ਗਾਇਕੀ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਵਾਲੇ ਛੋਟੇ ਵੀਰ ਦਿਲਜੀਤ ਦੁਸਾਂਝ ਨੂੰ ਮਿਲ ਕੇ ਬਹੁਤ ਖ਼ੁਸ਼ੀ ਤੇ ਸਕੂਨ ਮਿਲਿਆ। ਪਰਮਾਤਮਾ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੇ ਪ੍ਰਤੀਨਿਧੀਆਂ ਤੇ ਪਹਿਰੇਦਾਰਾਂ ਨੂੰ ਹਮੇਸ਼ਾ ਚੜ੍ਹਦੀਕਲਾ 'ਚ ਰੱਖੇ। ਪੰਜਾਬੀ ਆ ਗਏ ਓਏ, ਪੰਜਾਬੀ ਛਾ ਗਏ ਓਏ''