
SardaarJi-3 ਵਿਵਾਦ ’ਤੇ ਬੋਲੇ ਅਨੁਪਮ ਖੇਰ, ਦਿਲਜੀਤ ਦੋਸਾਂਝ ਦੀ ਕੀਤੀ ਆਲੋਚਨਾ
Diljit Dosanjh controversy: ਇਨ੍ਹੀਂ ਦਿਨੀਂ ‘ਤਨਵੀ ਦ ਗ੍ਰੇਟ’ ਵਿਚ ਖ਼ਬਰਾਂ ਵਿਚ ਰਹਿਣ ਵਾਲੇ ਅਨੁਪਮ ਖੇਰ ਨੇ ਹਾਲ ਹੀ ਵਿਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕਰਨ ਲਈ ਦਿਲਜੀਤ ਦੋਸਾਂਝ ਦੀ ਆਲੋਚਨਾ ਕੀਤੀ ਹੈ। ਅਨੁਪਮ ਨੇ ਕਿਹਾ ਹੈ ਕਿ ਜੇ ਉਹ ਦਿਲਜੀਤ ਦੀ ਜਗ੍ਹਾ ਹੁੰਦੇ, ਤਾਂ ਉਹ ਕਦੇ ਵੀ ਅਜਿਹਾ ਨਾ ਕਰਦੇ।
ਐਨਡੀਟੀਵੀ ਨੂੰ ਦਿਤੇ ਇਕ ਹਾਲੀਆ ਇੰਟਰਵਿਊ ਵਿਚ, ਅਨੁਪਮ ਖੇਰ ਨੇ ਦਿਲਜੀਤ ਦੇ ਵਿਵਾਦ ਬਾਰੇ ਗੱਲ ਕਰਦਿਆਂ ਕਿਹਾ, “ਇਹ ਉਸ ਦਾ ਅਧਿਕਾਰ ਹੈ। ਇਹ ਉਸ ਦਾ ਮੌਲਿਕ ਅਧਿਕਾਰ ਹੈ। ਉਸ ਨੂੰ ਇਸ ਅਧਿਕਾਰ ਦਾ ਅਭਿਆਸ ਕਰਨ ਦੀ ਪੂਰੀ ਇਜਾਜ਼ਤ ਹੈ ਅਤੇ ਇਹ ਉਸ ਨੂੰ ਦਿਤਾ ਜਾਣਾ ਚਾਹੀਦਾ ਹੈ। ਮੈਂ ਅਪਣੇ ਦ੍ਰਿਸ਼ਟੀਕੋਣ ਤੋਂ ਕਹਿ ਸਕਦਾ ਹਾਂ ਕਿ ਮੈਂ ਸ਼ਾਇਦ ਅਜਿਹਾ ਨਹੀਂ ਕਰਦਾ। ਕੋਈ ਮੇਰੀ ਮਾਂ ਨੂੰ ਥੱਪੜ ਮਾਰਦਾ ਹੈ ਜਾਂ ਮੇਰੀ ਭੈਣ ਨਾਲ ਛੇੜਛਾੜ ਕਰਦਾ ਹੈ ਜਾਂ ਮੇਰੇ ਪਿਤਾ ਨੂੰ ਸੜਕ 'ਤੇ ਥੱਪੜ ਮਾਰਦਾ ਹੈ ਪਰੰਤੂ ਗੁਆਂਢੀ ਬਹੁਤ ਵਧੀਆ ਗਾਉਂਦਾ ਹੈ।”
ਅਨੁਪਮ ਖੇਰ ਨੇ ਅੱਗੇ ਕਿਹਾ, “ਮੈਂ ਕਹਿੰਦਾ ਹਾਂ ਕਿ ਇਹ ਠੀਕ ਹੈ ਪੁੱਤਰ, ਤੂੰ ਮੇਰੇ ਪਿਤਾ ਨੂੰ ਥੱਪੜ ਮਾਰਿਆ ਪਰ ਤੂੰ ਬਹੁਤ ਵਧੀਆ ਗਾਉਂਦਾ ਹੈਂ। ਤੂੰ ਬਹੁਤ ਵਧੀਆ ਤਬਲਾ ਵਜਾਉਂਦਾ ਹੈਂ। ਮੇਰੇ ਘਰ ਆ ਕੇ ਵਜਾਉ ਤਬਲਾ। ਮੈਂ ਇਹ ਨਹੀਂ ਕਰ ਸਕਾਂਗਾ। ਮੇਰੇ ਕੋਲ ਇੰਨੀ ਮਹਾਨਤਾ ਨਹੀਂ ਹੈ।” 'ਮੈਂ ਉਸ ਨੂੰ ਜ਼ਰੂਰ ਨਹੀਂ ਮਾਰਾਂਗਾ ਪਰ ਮੈਂ ਉਸ ਨੂੰ ਇਹ ਅਧਿਕਾਰ ਨਹੀਂ ਦੇਵਾਂਗਾ। ਮੈਂ ਅਜਿਹਾ ਵਿਅਕਤੀ ਹਾਂ ਕਿ ਜੋ ਨਿਯਮ ਮੈਂ ਅਪਣੇ ਘਰ ਵਿਚ ਵਰਤਦਾ ਹਾਂ, ਉਹੀ ਨਿਯਮ ਮੈਂ ਅਪਣੇ ਦੇਸ਼ ਲਈ ਵਰਤਦਾ ਹਾਂ। ਮੇਰੇ ਕੋਲ ਇੰਨੀ ਮਹਾਨਤਾ ਨਹੀਂ ਹੈ ਕਿ ਮੈਂ ਅਪਣੇ ਪਰਵਾਰ ਦੇ ਮੈਂਬਰਾਂ ਨੂੰ ਕਲਾ ਲਈ ਕੁੱਟਦੇ ਦੇਖ ਸਕਾਂ। ਅਪਣੀ ਭੈਣ ਦੇ ਸਿੰਦੂਰ ਨੂੰ ਲੁੱਟਦੇ ਦੇਖ ਸਕਾ ਪਰ ਕਿਉਂਕਿ ਤੁਸੀਂ ਬਹੁਤ ਚੰਗੇ ਕਲਾਕਾਰ ਹੋ ਅਤੇ ਤੁਸੀਂ ਮੇਰੇ ਗੁਆਂਢੀ ਹੋ, ਤੁਹਾਨੂੰ ਮੇਰੇ ਘਰ ਆ ਕੇ ਤਬਲਾ ਵਜਾਉਣਾ ਚਾਹੀਦਾ ਹੈ। ਤੁਹਾਨੂੰ ਹਾਰਮੋਨੀਅਮ ਵਜਾਉਣਾ ਚਾਹੀਦਾ ਹੈ। ਮੈਂ ਇਹ ਨਹੀਂ ਕਰ ਸਕਦਾ ਅਤੇ ਜੋ ਇਹ ਕਰ ਸਕਦੇ ਹਨ ਉਨ੍ਹਾਂ ਨੂੰ ਆਜ਼ਾਦੀ ਹੈ।”
ਤੁਹਾਨੂੰ ਦਸ ਦਈਏ ਕਿ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ, ਸਾਰੇ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਵਿਚ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ। ਇਸ ਦੇ ਬਾਵਜੂਦ, ਦਿਲਜੀਤ ਦੋਸਾਂਝ ਨੇ ਫ਼ਿਲਮ ਸਰਦਾਰਜੀ 3 ਵਿਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨਾਲ ਕੰਮ ਕੀਤਾ ਹੈ।
ਵਿਵਾਦ ਤੋਂ ਬਚਣ ਲਈ, ਇਹ ਫ਼ਿਲਮ ਭਾਰਤ ਦੀ ਬਜਾਏ ਵਿਦੇਸ਼ਾਂ ਵਿਚ ਰਿਲੀਜ਼ ਕੀਤੀ ਗਈ ਹੈ। ਨਿਰਮਾਤਾਵਾਂ ਨੇ ਦਲੀਲ ਦਿਤੀ ਹੈ ਕਿ ਇਹ ਫ਼ਿਲਮ ਪਹਿਲਗਾਮ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ ਅਤੇ ਇਸ 'ਤੇ ਕਰੋੜਾਂ ਰੁਪਏ ਖ਼ਰਚ ਕੀਤੇ ਗਏ ਸਨ ਪਰ ਉਹ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ, ਇਸ ਲਈ ਉਹ ਇਸ ਨੂੰ ਭਾਰਤ ਵਿਚ ਰਿਲੀਜ਼ ਨਹੀਂ ਕਰ ਰਹੇ ਹਨ। ਦੂਜੇ ਪਾਸੇ, ਭਾਰਤ ਵਿਚ, ਦਿਲਜੀਤ 'ਤੇ ਦੇਸ਼ਧ੍ਰੋਹ ਦਾ ਦੋਸ਼ ਲਗਾ ਕੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।