
'ਕੈਨੇਡੀਅਨ ਹੌਟ 100' ਦੀ ਸੂਚੀ 'ਚ 64ਵੇਂ ਨੰਬਰ ’ਤੇ ਆਇਆ ਮਰਹੂਮ ਗਾਇਕ ਦਾ ਗਾਣਾ
ਮੋਹਾਲੀ : ਮਰਹੂਮ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਵਾਰ' ਨੂੰ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਲਗਾਤਾਰ ਇਹ ਗੀਤ ਟਰੈਂਡਿੰਗ ਵਿੱਚ ਚੱਲ ਰਿਹਾ ਹੈ। ਹੁਣ ਸਿੱਧੂ ਮੂਸੇਵਾਲਾ ਦੇ ਇਸ ਗਾਣੇ ਨੇ ਨਵੀਂ ਉਪਲਭਦੀ ਹਾਸਲ ਕੀਤੀ ਹੈ।
ਤਾਜ਼ਾ ਜਾਣਕਾਰੀ ਅਨੁਸਾਰ ਨਵਾਂ ਗੀਤ 'ਵਾਰ' ਬਿਲਬੋਰਡ 'ਤੇ ਵੀ ਆਪਣੀ ਜਗ੍ਹਾ ਬਣਾ ਚੁੱਕਾ ਹੈ। ਇਸ ਗੀਤ ’ਚ ਸਿੱਧੂ ਮੂਸੇ ਵਾਲਾ ਨੇ ਹਰੀ ਸਿੰਘ ਨਲੂਆ ਦੀ ਜ਼ਿੰਦਗੀ ਨੂੰ ਦਰਸਾਇਆ ਸੀ। ‘ਬਿਲਬੋਰਡ’ ਦੀ ‘ਕੈਨੇਡੀਅਨ ਹੌਟ 100’ ਦੀ ਸੂਚੀ ਵਿੱਚ ਮਰਹੂਮ ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' ਨੇ 64ਵਾਂ ਨੰਬਰ ਹਾਸਲ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਇਹ ‘ਵਾਰ’ ਗੀਤ 8 ਨਵੰਬਰ ਨੂੰ ਯੂਟਿਊਬ ’ਤੇ ਰਿਲੀਜ਼ ਕੀਤਾ ਗਿਆ ਸੀ। ਇਹ ਗੀਤ ਅੱਜ ਵੀ ਯੂਟਿਊਬ ਦੀ ਮਿਊਜ਼ਿਕ ਕੈਟਾਗਰੀ ’ਚ ਪਹਿਲੇ ਨੰਬਰ ’ਤੇ ਟਰੈਂਡ ਕਰ ਰਿਹਾ ਹੈ। ਮੂਸੇਵਾਲਾ ਭਾਂਵੇਂ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਪਰ ਉਹ ਅਜੇ ਵੀ ਆਪਣੇ ਗੀਤਾਂ ਜ਼ਰੀਏ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ।