ਫਿਲਮ ‘ਮਿਰਜ਼ਾ ਸਾਹਿਬਾਂ’ ਨਾਲ ਕੀਤੀ ਸੀ ਸ਼ੁਰੂਆਤ
ਮੁੰਬਈ/ਸ਼ਾਹ : ਬਾਲੀਵੁੱਡ ਦੇ ਨਾਲ-ਨਾਲ ਅੱਜ ਪੰਜਾਬੀ ਸਿਨੇਮਾ ਵੀ ਕਾਫ਼ੀ ਬੁਲੰਦੀਆਂ ਛੂਹ ਰਿਹਾ ਏ...ਪਰ ਉਹ ਵੀ ਕੋਈ ਸਮਾਂ ਸੀ ਜਦੋਂ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਹੋਈ ਸੀ ਅਤੇ ਉਸ ਸਮੇਂ ਬਹੁਤ ਸਾਰੇ ਅਜਿਹੇ ਅਦਾਕਾਰ ਹੋਏ ਜੋ ਸਿਨੇਮਾ ਇਤਿਹਾਸ ਦੇ ਪੰਨਿਆਂ ’ਤੇ ਆਪਣੀਆਂ ਅਮਿੱਟ ਪੈੜਾਂ ਛੱਡ ਗਏ, ਉਨ੍ਹਾਂ ਵਿਚੋਂ ਇਕ ਨਾਮ ਐ ਖ਼ੁਰਸ਼ੀਦ ਬਾਨੋ...ਜਿਨ੍ਹਾਂ ਨੂੰ ਪੰਜਾਬੀ ਸਿਨੇਮਾ ਦੀ ਪਹਿਲੀ ਅਦਾਕਾਰਾ ਹੋਣ ਦਾ ਮਾਣ ਹਾਸਲ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਸੀ ਖ਼ੁਰਸ਼ੀਦ ਬਾਨੋ ਅਤੇ ਕਿਵੇਂ ਹੋਈ ਉਨ੍ਹਾਂ ਦੀ ਪੰਜਾਬੀ ਸਿਨੇਮਾ ’ਚ ਐਂਟਰੀ?
ਖ਼ੁਰਸ਼ੀਦ ਬਾਨੋ ਦਾ ਅਸਲ ਨਾਮ ਇਰਸ਼ਾਦ ਸੀ,, ਉਨ੍ਹਾਂ ਦਾ ਜਨਮ ਜ਼ਿਲ੍ਹਾ ਲਾਹੌਰ ਵਿਚ ਪੈਂਦੇ ਪਿੰਡ ਚੂਣੀਆਂ ਵਿਖੇ ਇਕ ਮੁਸਲਿਮ ਪਰਿਵਾਰ ਵਿਚ ਹੋਇਆ ਸੀ। ਇਹ ਪਿੰਡ ਹੁਣ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਵਿਚ ਪੈਂਦਾ ਏ। ਖ਼ੁਰਸ਼ੀਦ ਬਾਨੋ ਇਕ ਪੜ੍ਹੇ ਲਿਖੇ ਰਸੂਖ਼ਦਾਰ ਨਾਲ ਪਰਿਵਾਰ ਨਾਲ ਸਬੰਧਤ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਅਦਾਲਤ ਵਿਚ ਨੌਕਰੀ ਕਰਦੇ ਸੀ। ਖ਼ੁਰਸ਼ੀਦ ਬਾਨੋ ਦੇ ਅੰਦਰ ਬਚਪਨ ਤੋਂ ਹੀ ਇਕ ਕਲਾਕਾਰ ਬਣਨ ਦੀ ਚਿਣਗ ਸੀ, ਉਹ ਅਕਸਰ ਹੀ ਫਿਲਮਾਂ ਦੇਖਦੀ ਹੁੰਦੀ ਸੀ ਅਤੇ ਫਿਰ ਐਕਟਰਾਂ ਵਾਂਗ ਨਕਲਾਂ ਕਰਨ ਲਗਦੀ। ਉਹ ਜਿੱਥੇ ਕੁਰਆਨ ਸ਼ਰੀਫ਼ ਪੜ੍ਹੀ ਹੋਈ ਸੀ, ਉਥੇ ਹੀ ਉਹ ਪੰਜਾਬੀ, ਹਿੰਦੀ ਅਤੇ ਉਰਦੂ ਤੋਂ ਇਲਾਵਾ ਅੰਗਰੇਜ਼ੀ ਵੀ ਬੋਲ ਲੈਂਦੀ ਸੀ। ਖ਼ੁਰਸ਼ੀਦ ਬਾਨੋ ਦਾ ਪਰਿਵਾਰ ਭਾਵੇਂ ਇਕ ਮੁਸਲਿਮ ਪਰਿਵਾਰ ਸੀ ਪਰ ਉਸ ਦੇ ਪਰਿਵਾਰ ਵਾਲੇ ਅਗਾਂਹਵਧੂ ਸੋਚ ਦੇ ਧਾਰਨੀ ਸਨ। ਉਹ ਅਜਿਹਾ ਸਮਾਂ ਸੀ ਜਦੋਂ ਕੁੜੀਆਂ ਲਈ ਸਿਨੇਮਾ ਵਿਚ ਕੰਮ ਕਰਨਾ ਚੰਗਾ ਨਹੀਂ ਸਮਝਿਆ ਜਾਂਦਾ ਸੀ ਪਰ ਫਿਰ ਵੀ ਉਨ੍ਹਾਂ ਦੇ ਪਰਿਵਾਰ ਨੇ ਖ਼ੁਰਸ਼ੀਦ ਬਾਨੋ ਦਾ ਪੂਰਾ ਸਾਥ ਦਿੱਤਾ। ਖ਼ੁਰਸ਼ੀਦ ਬਾਨੋ ਦਾ ਘਰ ਉਰਦੂ ਦੇ ਮਹਾਨ ਸ਼ਾਇਰ ਅਲਾਮਾ ਇਕਬਾਲ ਦੇ ਘਰ ਨੇੜੇ ਹੀ ਸਥਿਤ ਸੀ, ਜਿਸ ਕਰਕੇ ਖ਼ੁਰਸ਼ੀਦ ’ਤੇ ਮਹਾਨ ਸ਼ਾਇਰ ਦੀ ਸ਼ਖ਼ਸ਼ੀਅਤ ਦਾ ਵੀ ਕਾਫ਼ੀ ਅਸਰ ਸੀ, ਜਿਸ ਕਰਕੇ ਉਸ ਨੂੰ ਗਾਉਣ ਦਾ ਵੀ ਬਹੁਤ ਸ਼ੌਕ ਸੀ।
ਜੇਕਰ ਪੰਜਾਬੀ ਫਿਲਮਾਂ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਸਾਂਝੇ ਪੰਜਾਬ ਦੌਰਾਨ ਲਾਹੌਰ ਵਿਚ ਫਿਲਮਾਂ ਬਣਾਏ ਜਾਣ ਦਾ ਰੁਝਾਨ ਸੰਨ 1929 ਵਿਚ ਸ਼ੁਰੂ ਹੋਇਆ, ਜਦੋਂ ਪਹਿਲੀ ਫਿਲਮ ‘ਡਾਕਟਰ ਆਫ਼ ਟੂਡੇ ਉਰਫ਼ ਪ੍ਰੇਮ ਪ੍ਰੀਕਸ਼ਾ’ ਰਿਲੀਜ਼ ਹੋਈ,, ਉਂਝ ਇਸ ਫਿਲਮ ਨੂੰ ਪੰਜਾਬੀ ਫਿਲਮ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਇਸ ਵਿਚ ਕੋਈ ਆਵਾਜ਼ ਹੀ ਨਹੀਂ ਸੀ। ਇਸ ਮਗਰੋਂ ਸਾਲ 1932 ਵਿਚ ‘ਹੀਰ ਰਾਂਝਾ ਨਾਮੀ ਪਹਿਲੀ ਉਰਦੂ ਫਿਲਮ ਰਿਲੀਜ਼ ਹੋਈ। ਇਕ ਜਾਣਕਾਰੀ ਅਨੁਸਾਰ ਪਹਿਲੀ ਪੰਜਾਬੀ ਫਿਲਮ ‘ਇਸ਼ਕ-ਏ-ਪੰਜਾਬ’ ਸੀ, ਜਿਸ ਵਿਚ ਮਿਰਜ਼ਾ ਸਾਹਿਬਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਸੀ। ਇਸ ਪਹਿਲੀ ਪੰਜਾਬੀ ਫਿਲਮ ਵਿਚ ਖ਼ੁਰਸ਼ੀਦ ਬਾਨੋ ਨੂੰ ਹੀਰੋਇਨ ਵਜੋਂ ਅਦਾਕਾਰੀ ਕਰਨ ਦਾ ਮੌਕਾ ਮਿਲਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਪਹਿਲੀ ਪੰਜਾਬੀ ਅਦਾਕਾਰਾ ਮੰਨਿਆ ਜਾਂਦਾ ਏ। ਖ਼ੁਰਸ਼ੀਦ ਬਾਨੋ ਇੰਨੀ ਖ਼ੂਬਸੂਰਤ ਸੀ ਕਿ ਝੱਟ ਉਨ੍ਹਾਂ ਨੂੰ ਸਾਹਿਬਾਂ ਦੇ ਕਿਰਦਾਰ ਲਈ ਚੁਣ ਲਿਆ ਗਿਆ। ਜਾਣਕਾਰੀ ਅਨੁਸਾਰ ਫਿਲਮ ਵਿਚ ਮਿਰਜ਼ੇ ਦਾ ਕਿਰਦਾਰ ਨਿਭਾਉਣ ਵਾਲਾ ਅੰਮ੍ਰਿਤਸਰ ਦੇ ਰਬਾਬੀਆਂ ਦਾ ਮੁੰਡਾ ਸੀ, ਜਿਸ ਦਾ ਨਾਮ ਭਾਈ ਦੇਸਾ ਸੀ।
ਜਾਣਕਾਰੀ ਅਨੁਸਾਰ ਇਹ ਫਿਲਮ ਸੰਨ 1933 ਵਿਚ ਬਣਨੀ ਸ਼ੁਰੂ ਹੋਈ ਸੀ, ਜੋ ਕਰੀਬ ਦੋ ਸਾਲ ਮਗਰੋਂ ਸੰਨ 1935 ਵਿਚ ਜਾ ਕੇ ਰਿਲੀਜ਼ ਹੋਈ। ਉਦੋਂ ਹੀ ਖ਼ੁਰਸ਼ੀਦ ਬਾਨੋ ਦਾ ਨਾਮ ਇਰਸ਼ਾਦ ਤੋਂ ਬਦਲ ਦੇ ਖ਼ੁਰਸ਼ੀਦ ਬਾਨੋ ਰੱਖਿਆ ਗਿਆ ਸੀ। ਇਹ ਫਿਲਮ ਤਾਂ ਭਾਵੇਂ ਕੋਈ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ ਪਰ ਫਿਲਮ ਤੋਂ ਬਾਅਦ ਖ਼ੁਰਸ਼ੀਦ ਬਾਨੋ ਨੇ ਭਾਈ ਦੇਸੇ ਨਾਲ ਵਿਆਹ ਕਰਵਾ ਲਿਆ ਜੋ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਉਸ ਸਮੇਂ ਲਾਹੌਰ ਤੋਂ ਇਲਾਵਾ ਬੰਬੇ ਅਤੇ ਕਲਕੱਤਾ ਵੱਡੀਆਂ ਫਿਲਮਾਂ ਦੇ ਹੱਬ ਸਨ,,, ਹਰ ਕਿਸੇ ਦੀ ਚਾਹਨਾ ਹੁੰਦੀ ਸੀ ਕਿ ਉਹ ਬੰਬੇ ਜਾ ਕੇ ਫਿਲਮਾਂ ਵਿਚ ਕੰਮ ਕਰਨ। ਪਹਿਲੀ ਫਿਲਮ ਤੋਂ ਬਾਅਦ ਹੀ ਖ਼ੁਰਸ਼ੀਦ ਬੰਬੇ ਦੇ ਫਿਲਮ ਡਾਇਰੈਕਟਰਾਂ ਦੀ ਨਜ਼ਰ ਵਿਚ ਆ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਹਿੰਦੀ ਫਿਲਮਾਂ ਵਿਚ ਆਉਣ ਦਾ ਮੌਕਾ ਮਿਲਿਆ। ਸੰਨ 1935 ਵਿਚ ਹੀ ਖ਼ੁਰਸ਼ੀਦ ਬਾਨੋ ਦੀ ਪਹਿਲੀ ਹਿੰਦੀ ਫਿਲਮ ‘ਸਵਰਗ ਕੀ ਸੀੜ੍ਹੀ’ ਵਿਚ ਕੰਮ ਕੀਤਾ, ਜੋ ਲਾਹੌਰ ਵਿਚ ਹੀ ਬਣਾਈ ਗਈ, ਇਸ ਫਿਲਮ ਵਿਚ ਉਸ ਨੇ ਖਲਨਾਇਕਾ ਦਾ ਕਿਰਦਾਰ ਨਿਭਾਇਆ ਸੀ। ਇਸ ਮਗਰੋਂ ਖ਼ੁਰਸ਼ੀਦ ਬੰਬੇ ਚਲੇ ਗਈ ਅਤੇ ਉਥੇ ਜਾ ਕੇ ਪਹਿਲੇ ਹੀ ਸਾਲ 5 ਫਿਲਮਾਂ ਕੀਤੀਆਂ।
ਇਕ ਸਮਾਂ ਇਹ ਆ ਗਿਆ ਕਿ ਖ਼ੁਰਸ਼ੀਦ ਬਾਨੋ ਹਰ ਫਿਲਮ ਡਾਇਰੈਕਟਰ ਦੀ ਪਹਿਲੀ ਪਸੰਦ ਬਣ ਗਈ। ਉਸ ਨੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿਚ ਤਾਨਸੇਨ ਤੇ ਭਗਤ ਸੂਰਦਾਸ ਵਰਗੀਆਂ ਫਿਲਮਾਂ ਸ਼ਾਮਲ ਨੇ। ਇਨ੍ਹਾਂ ਫਿਲਮਾਂ ਨੇ ਖ਼ੁਰਸ਼ੀਦ ਬਾਨੋ ਨੂੰ ਤਰੱਕੀ ਦੀਆਂ ਉਚ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਸੀ। ਪਹਿਲੇ ਵਿਆਹ ਦੇ ਤਲਾਕ ਮਗਰੋਂ ਖ਼ੁਰਸ਼ੀਦ ਬਾਨੋ ਨੇ ਹਿੰਦੀ ਫਿਲਮ ਅਦਾਕਾਰ ਲਾਲਾ ਯਾਕੂਬ ਦੇ ਨਾਲ ਵਿਆਹ ਕਰਵਾ ਲਿਆ, ਜਿਨ੍ਹਾਂ ਨੇ ਮਿਲ ਕੇ ਮਾਡਰਨ ਪਿਕਚਰਜ਼ ਬੰਬੇ ਨਾਂਅ ਦੀ ਫਿਲਮ ਕੰਪਨੀ ਬਣਾਈ। ਸੰਨ 1942 ਵਿਚ ਖ਼ੁਰਸ਼ੀਦ ਬਾਨੋ ਨੇ ਪੰਜਾਬੀ ਫਿਲਮ ‘ਪਟੋਲਾ’ ਬਣਾਈ ਜੋ ਉਸ ਦੀ ਦੂਜੀ ਪੰਜਾਬੀ ਫਿਲਮ ਸੀ। ਇਸ ਫਿਲਮ ਵਿਚ ਹੀਰੋ ਦੀ ਭੂਮਿਕਾ ਗੁਲਸ਼ਨ ਸਿੰਘ ਅਹੂਜਾ ਉਰਫ਼ ਅਰੁਣ ਵੱਲੋਂ ਨਿਭਾਈ ਗਈ ਜੋ ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਪਿਤਾ ਸਨ। ਖ਼ੁਰਸ਼ੀਦ ਬਾਨੋ ਦੀਆਂ ਸੁਪਰਹਿੱਟ ਫਿਲਮਾਂ ਦਾ ਸਿਲਸਿਲਾ ਕਾਫ਼ੀ ਸਮੇਂ ਤੱਕ ਜਾਰੀ ਰਿਹਾ। ਇਸੇ ਦੌਰਾਨ ਲਾਲਾ ਯਾਕੂਬ ਦੇ ਨਾਲ ਵੀ ਉਸ ਦਾ ਤਲਾਕ ਹੋ ਗਿਆ। ਸੰਨ 1947 ਵਿਚ ਜਦੋਂ ਦੇਵ ਆਨੰਦ ਦੀ ਐਂਟਰੀ ਹੋਈ ਤਾਂ ਉਨ੍ਹਾਂ ਦੀ ਪਹਿਲੀ ਹੀਰੋਇਨ ਖ਼ੁਰਸ਼ੀਦ ਬਾਨੋ ਹੀ ਬਣੀ ਸੀ।
ਸੰਨ 1947 ਦੀ ਵੰਡ ਮਗਰੋਂ ਬਹੁਤ ਸਾਰੇ ਮੁਸਲਿਮ ਪੰਜਾਬੀ ਪਰਿਵਾਰਾਂ ਨੂੰ ਪਾਕਿਸਤਾਨ ਵਾਲੇ ਪਾਸੇ ਜਾਣਾ ਪਿਆ, ਜਿਨ੍ਹਾਂ ਵਿਚ ਖ਼ੁਰਸ਼ੀਦ ਬਾਨੋ ਵੀ ਸ਼ਾਮਲ ਸੀ,, ਪਰ ਕਰੀਬ ਦੋ ਸਾਲ ਬਾਅਦ ਆਪਣੀਆਂ ਅਧੂਰੀਆਂ ਫਿਲਮਾਂ ਪੂਰੀਆਂ ਕਰਨ ਵਾਸਤੇ ਉਹ ਫਿਰ ਤੋਂ ਬੰਬੇ ਆਈ,,,ਇਸ ਮਗਰੋਂ ਉਸ ਨੇ ਮਹਿਜ਼ ਦੋ ਤੋਂ ਤਿੰਨ ਫਿਲਮਾਂ ਹੀ ਕੀਤੀਆਂ ਅਤੇ ਆਖ਼ਰਕਾਰ ਉਸ ਨੂੰ ਵਾਪਸ ਪਾਕਿਸਤਾਨ ਜਾਣਾ ਪਿਆ। ਦੂਜੇ ਵਿਆਹ ਦੇ ਤਲਾਕ ਤੋਂ ਬਾਅਦ ਉਸ ਨੇ ਪਾਕਿਸਤਾਨ ਜਾ ਕੇ ਇਕ ਵੱਡੇ ਕਾਰੋਬਾਰੀ ਯੂਸਫ਼ ਭਾਈ ਮੀਆਂ ਨਾਲ ਤੀਜਾ ਵਿਆਹ ਕਰਵਾਇਆ ਅਤੇ ਫਿਲਮੀ ਦੁਨੀਆ ਨੂੰ ਪੂਰੀ ਤਰ੍ਹਾਂ ਅਲਵਿਦਾ ਆਖ ਦਿੱਤਾ। ਇਹ ਵੀ ਕਿਹਾ ਜਾਂਦੈ ਕਿ ਜਿੰਨੀਆਂ ਵੀ ਫਿਲਮਾਂ ਖ਼ੁਰਸ਼ੀਦ ਵੱਲੋਂ ਕੀਤੀਆਂ ਗਈਆਂ, ਉਨ੍ਹਾਂ ਵਿਚ ਖ਼ੁਰਸ਼ੀਦ ਦਾ ਇਕ ਕੋਈ ਨਾ ਕੋਈ ਗੀਤ ਜ਼ਰੂਰ ਹੁੰਦਾ ਸੀ, ਜਿਨ੍ਹਾਂ ਵਿਚੋਂ ਬਹੁਤ ਸਾਰੇ ਗੀਤ ਉਸ ਦੇ ਸੁਪਰਹਿੱਟ ਵੀ ਹੋਏ। ਉਸ ਸਮੇਂ ਰੇਡੀਓ ’ਤੇ ਵੀ ਅਕਸਰ ਹੀ ਖ਼ੁਰਸ਼ੀਦ ਬਾਨੋ ਦੇ ਗਾਏ ਗੀਤ ਵੱਜਦੇ ਸੀ। ਖ਼ੁਰਸ਼ੀਦ ਬਾਨੋ ਦੀ ਇਕ ਹੋਰ ਖ਼ਾਸ ਗੱਲ ਇਹ ਰਹੀ ਕਿ ਜਦੋਂ ਵੀ ਫਿਲਮਾਂ ਦੇ ਪੋਸਟਰ ਬਣਦੇ ਸੀ ਤਾਂ ਉਸ ਵਿਚ ਖ਼ੁਰਸ਼ੀਦ ਬਾਨੋ ਦੀ ਤਸਵੀਰ ਅਤੇ ਉਸ ਦਾ ਨਾਮ ਹੀ ਪ੍ਰਮੁੱਖ ਹੁੰਦਾ ਸੀ,,, ਬਲਕਿ ਕਈ ਪੋਸਟਰਾਂ ’ਤੇ ਤਾਂ ਇਕੱਲੇ ਖ਼ੁਰਸ਼ੀਦ ਦੀ ਹੀ ਤਸਵੀਰ ਹੁੰਦੀ ਸੀ।
ਦੱਸ ਦਈਏ ਕਿ ਖ਼ੁਰਸ਼ੀਦ ਦਾ ਕਿਰਦਾਰ ਇੰਨਾ ਉਚਾ ਸੀ ਕਿ ਉਹ ਫਿਲਮੀ ਦੁਨੀਆ ਦੇ ਗ਼ਲਤ ਮਨਸੂਬਿਆਂ ਵਿਚ ਕਦੇ ਨਹੀਂ ਆਈ, ਜਿੰਨਾ ਚਿਰ ਫਿਲਮਾਂ ਵਿਚ ਕੰਮ ਕੀਤਾ, ਆਪਣੇ ਆਚਰਣ ’ਤੇ ਕੋਈ ਦਾਗ਼ ਨਹੀਂ ਲੱਗਣ ਦਿੱਤਾ। 18 ਅਪ੍ਰੈਲ 2001 ਨੂੰ ਪਾਕਿਸਤਾਨ ਦੇ ਕਰਾਚੀ ਵਿਖੇ ਖ਼ੁਰਸ਼ੀਦ ਬਾਨੋ ਨੇ 87 ਵਰਿ੍ਹਆਂ ਦੀ ਉਮਰ ਵਿਚ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ। ਅੱਜ ਭਾਵੇਂ ਖ਼ੁਰਸ਼ੀਦ ਬਾਨੋ ਸਾਡੇ ਵਿਚਕਾਰ ਨਹੀਂ ਰਹੇ, ਪਰ ਭਾਰਤੀ ਸਿਨੇਮਾ ਲਈ ਉਨ੍ਹਾਂ ਦੇ ਕੀਤੇ ਕੰਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਬਿਊਰੋ ਰਿਪੋਰਟ, ਰੋਜ਼ਾਨਾ ਸਪੋਕਸਮੈਨ ਟੀਵੀ
