
ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਅਪਣਾ ਯੋਗਦਾਨ ਪਾ ਰਹੀ ਹਾਂ : ਬਲਜੀਤ ਕੌਰ
ਅੰਮ੍ਰਿਤਸਰ : ਅੱਜ ਜਦੋਂ ਪੱਛਮਵਾਦ ਦੀ ਵਹਿ ਰਹੀ ਹਨੇਰੀ ਵਿਚ ਪੰਜਾਬੀ ਵਿਰਸਾ ਦਬ ਰਿਹਾ ਹੈ ਤੇ ਪੰਜਾਬੀ ਲੋਕ ਸਾਜ਼ਾਂ ਦੀ ਆਵਾਜ਼ ਪੱਛਮਵਾਦ ਦੇ ਸਾਜ਼ਾਂ ਦੀਆਂ ਕੰਨ ਪਾੜਵੀਆਂ ਧੁੰਨਾਂ 'ਚ ਗੁਆਚ ਰਹੀਆਂ ਹਨ। ਇਸ ਹਨ੍ਹੇਰੀ 'ਚ ਕੁੱਝ ਲੋਕ ਪੰਜਾਬੀ ਲੋਕ ਸਾਜ਼ਾਂ ਨੂੰ ਬਚਾਉਣ ਲਈ ਜਦੋ ਜਹਿਦ ਕਰ ਰਹੇ ਹਨ। ਉਨ੍ਹਾਂ ਵਿਚ ਇਕ ਅੰਮ੍ਰਿਤਸਰ ਦੀ ਬਲਜੀਤ ਕੌਰ ਦਾ ਨਾਮ ਵੀ ਸ਼ਾਮਲ ਹੈ ਜੋ ਕਰੀਬ 30 ਲੋਕ ਸਾਜ਼ ਵਜਾ ਲੈਂਦੀ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਵਿਚ ਕਲਚਰ ਅਧਿਆਪਕ ਬਲਜੀਤ ਕੌਰ ਨੇ ਦਸਿਆ ਕਿ ਜਿਹੜੇ ਸਾਜ਼ ਉਹ ਵਜਾ ਲੈਂਦੀ ਹੈ ਅਜੋਕੀ ਪੀੜ੍ਹੀ ਨੇ ਸ਼ਾਇਦ ਉਨ੍ਹਾਂ ਲੋਕ ਸਾਜ਼ਾਂ ਦਾ ਨਾਮ ਵੀ ਨਹੀਂ ਸੁਣਿਆ ਹੋਣਾ।
ਉਸ ਨੇ ਦਸਿਆ ਕਿ ਉਹ ਬੁਗਚੁ, ਅਲਗੋਜ਼ੇ, ਬੀਨ, ਸ਼ੰਖ, ਵੰਝਲੀ, ਮਟਕਾ, ਡਫ਼ਲੀ ਤੇ ਢੋਲ ਆਦਿ ਬਾਖ਼ੂਬੀ ਵਜਾ ਲੈਂਦੀ ਹੈ। ਉਸ ਨੇ ਦਸਿਆ ਕਿ ਪੰਜਾਬੀ ਲੋਕ ਸਾਜ਼ ਕੁਦਰਤ ਦੇ ਬਹੁਤ ਨੇੜੇ ਹਨ। ਇਹ ਲੋਕ ਸਾਜ਼ ਕੰਨ ਪੜਵੀਆਂ ਅਵਾਜ਼ਾਂ ਨਹੀਂ ਸਗੋਂ ਰੂਹ ਨੂੰ ਸ਼ਾਂਤੀ ਦੇਣ ਵਾਲੀਆਂ ਧੁਨਾਂ ਸੁਣਾਉਂਦੇ ਹਨ। ਉਨ੍ਹਾਂ ਦਸਿਆ ਕਿ ਉਹ ਅਜੋਕੀ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਲੋਕ ਸਾਜ਼ਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਮੁਫ਼ਤ ਸਿਖਲਾਈ ਵੀ ਦਿੰਦੀ ਹੈ।
ਕਿਸੇ ਵੀ ਸਰਕਾਰ ਵਲੋਂ ਮਦਦ ਬਾਰੇ ਬੋਲਦਿਆਂ ਬਲਜੀਤ ਕੌਰ ਨੇ ਕਿਹਾ,''ਅੱਜ ਤਕ ਕਿਸੇ ਨੇ ਮਦਦ ਨਹੀਂ ਕੀਤੀ ਬਸ ਗੱਲਾਂ ਹੀ ਕਰਦੇ, ਪਰ ਮੈਂ ਖ਼ੁਸ਼ ਹਾਂ ਕਿ ਪੰਜਾਬੀ ਸਭਿਆਚਾਰ ਨੂੰ ਬਚਾਉਣ ਲਈ ਮੈਂ ਅਪਣਾ ਯੋਗਦਾਨ ਪਾ ਰਹੀ ਹਾਂ।'' ਉਧਰ ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਨੇ ਕਿਹਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੀ ਅਧਿਆਪਕਾ ਦੀ ਪੰਜਾਬੀ ਸਭਿਆਚਾਰ ਦੀ ਕੀਤੀ ਜਾ ਰਹੀ ਇਸ ਸੇਵਾ ਲਈ ਦੀਵਾਨ ਉਸ ਨੂੰ ਸਹਿਯੋਗ ਕਰੇਗਾ।