ਫ਼ਿਲਮ 7 ਨਵੰਬਰ 2025 ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ: ਫ਼ਿਲਮ 'ਬੜਾ ਕਰਾਰਾ ਪੂਦਣਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਇਕ ਭਾਵੁਕ ਪਰਿਵਾਰਕ ਮਨੋਰੰਜਕ ਫ਼ਿਲਮ ਹੈ ਜੋ ਔਰਤਾਂ ਦੀ ਮਜ਼ਬੂਤੀ, ਪਰਿਵਾਰਕ ਰਿਸ਼ਤਿਆਂ ਅਤੇ ਪੰਜਾਬੀ ਸਭਿਆਚਾਰ ਦੇ ਰੰਗਾਂ ਦਾ ਜਸ਼ਨ ਮਨਾਉਂਦੀ ਹੈ। ਇਸਦੀ ਕਹਾਣੀ ਲੰਡਨ ਦੀ ਬਹੁ-ਸੱਭਿਆਚਾਰਕ ਪਿਛੋਕੜ ‘ਤੇ ਆਧਾਰਿਤ ਹੈ।
ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਡਾਇਰੈਕਟਰ ਪਰਵੀਨ ਕੁਮਾਰ (ਨੀ ਮੈਂ ਸੱਸ ਕੁਟਣੀ, ਦਰੜਾ) ਨੇ ਕੀਤਾ ਹੈ। ਕਹਾਣੀ ਅਮਨ ਸਿੱਧੂ ਵੱਲੋਂ ਲਿਖੀ ਗਈ ਹੈ ਅਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਇਸ ਵਿਚ ਉਪਾਸਨਾ ਸਿੰਘ, ਕੁਲਰਾਜ ਰੰਧਾਵਾ, ਸ਼ਿਬਾ, ਆਕਾਸ਼ਦੀਪ ਸਾਬਿਰ, ਰਾਜ ਧਾਲੀਵਾਲ, ਮੰਨਤ ਸਿੰਘ ਅਤੇ ਕਮਲਜੀਤ ਨੀਰੂ ਵਰਗੇ ਮਸ਼ਹੂਰ ਕਲਾਕਾਰ ਆਪਣੀਆਂ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ।
ਕਹਾਣੀ ਛੇ ਵਿਛੜੀਆਂ ਭੈਣਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿਸਮਤ ਨਾਲ ਦੁਬਾਰਾ ਇਕੱਠੀਆਂ ਹੁੰਦੀਆਂ ਹਨ ਜਦੋਂ ਉਹਨਾਂ ਨੂੰ ਅਚਾਨਕ ਹੋਏ ਗਿੱਧਾ ਮੁਕਾਬਲੇ ‘ਚ ਹਿੱਸਾ ਲੈਣਾ ਪੈਂਦਾ ਹੈ। ਜੋ ਸ਼ੁਰੂ ‘ਚ ਯਾਦਾਂ ਦਾ ਮਿਲਾਪ ਹੁੰਦਾ ਹੈ, ਉਹ ਅੱਗੇ ਚੱਲ ਕੇ ਆਪਣੇ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ, ਟੁੱਟੇ ਰਿਸ਼ਤੇ ਜੋੜਨ ਅਤੇ ਇਕ ਦੂਜੇ ਵਿੱਚ ਹੌਸਲਾ ਲੱਭਣ ਦਾ ਸਫ਼ਰ ਬਣ ਜਾਂਦਾ ਹੈ।
ਟ੍ਰੇਲਰ ਵਿਚ ਭਾਵਨਾਵਾਂ ਅਤੇ ਪੰਜਾਬੀ ਸਭਿਆਚਾਰ ਦੀ ਰੂਹ ਨੂੰ ਖੂਬਸੂਰਤੀ ਨਾਲ ਦਰਸਾਇਆ ਗਿਆ ਹੈ। ਇਹ ਫ਼ਿਲਮ ਦੇ ਵਿਸ਼ਾਲ ਪੱਧਰ, ਅਸਲੀ ਪੰਜਾਬੀ ਲੋਕ-ਸੰਗੀਤ, ਰਵਾਇਤੀ ਨੱਚ ਤੇ ਜੋੜਨ ਵਾਲੀ ਕਹਾਣੀ ਦੀ ਝਲਕ ਦਿੰਦਾ ਹੈ।
ਫ਼ਿਲਮ 7 ਨਵੰਬਰ 2025 ਨੂੰ ਵਿਸ਼ਵ ਪੱਧਰ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੇ ਪਿੱਛੇ EmVeeBee Media (P) Ltd ਦੀ ਪ੍ਰੋਡਿਊਸਰ ਮਾਧੁਰੀ ਭੋਸਲੇ ਦਾ ਇਹ ਵਿਸ਼ਵਾਸ ਹੈ ਕਿ ਔਰਤਾਂ ਵਿਸ਼ਵਾਸ, ਸਭਿਆਚਾਰ ਤੇ ਭਾਵਨਾਵਾਂ ਦੀ ਤਾਕਤ ਨੂੰ ਮਨਾਉਣਾ ਹੀ ਅਸਲੀ ਸਿਨੇਮਾ ਹੈ — ਜੋ ਪੰਜਾਬੀ ਭੈਣਚਾਰੇ ਨੂੰ ਵਿਸ਼ਵ ਮੰਚ ਤੱਕ ਲੈ ਜਾਂਦਾ ਹੈ।
