
ਪਿੰਡ ਜਵਾਹਰਕੇ ਨੇੜੇ ਸਿੱਧੂ ਮੂਸੇਵਾਲਾ 'ਤੇ ਚੱਲੀਆਂ ਸਨ ਗੋਲੀਆਂ
ਮਾਨਸਾ : ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੁਭਜੀਤ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ’ਤੇ ਇਹ ਹਮਲਾ ਪਿੰਡ ਜਵਾਹਰ ਕੇ ਵਾਲਾ ਨੇੜੇ ਹੋਇਆ ਹੈ।
Sidhu Moose Wala
ਗੋਲ਼ੀਆਂ ਲੱਗਣ ਕਾਰਣ ਸਿੱਧੂ ਮੂਸੇਵਾਲ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਤੁਰੰਤ ਮਾਨਸਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿਆਸੀ ਲੀਡਰਾਂ ਦੇ ਟਵੀਟ
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ CM ਮਾਨ ਦਾ ਟਵੀਟ
''ਸਿੱਧੂ ਮੂਸੇਵਾਲਾ ਦੇ ਬੇਹੱਦ ਭਿਆਨਕ ਕਤਲ ਤੋਂ ਡੂੰਘੇ ਦੁੱਖ ਅਤੇ ਸਦਮੇ 'ਚ ਹਾਂ। ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੇਰੀ ਦਿਲੋਂ ਹਮਦਰਦੀ ਅਤੇ ਦੁਆਵਾਂ ਪਰਿਵਾਰ ਅਤੇ ਦੁਨੀਆ ਭਰ ‘ਚ ਵਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਨਾਲ ਹਨ। ਸਾਰਿਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਾ ਹਾਂ।''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਵੀ ਸਿੰਘ ਖ਼ਾਲਸਾ ਦਾ ਟਵੀਟ
''ਸਿੱਧੂ ਮੂਸੇਵਾਲਾ ਬਾਰੇ ਸੁਣੀ ਖ਼ਬਰ ਅਤਿ ਦੁਖਦਾਈ ਹੈ। ਪੰਜਾਬ ਵਿਚ ਕੀ ਹੋ ਰਿਹਾ ਹੈ?''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਫਾਜ਼ਿਲਕਾ ਦੇ ਯੂਥ ਕਾਂਗਰਸ ਪ੍ਰਧਾਨ ਰੂਬੀ ਗਿੱਲ ਦਾ ਛਲਕਿਆ ਦਰਦ
ਪੰਜਾਬ ਦੀ ਸ਼ਾਨ ਸਿੱਧੂ ਮੂਸੇਵਾਲਾ ਦਾ ਕਤਲ ਲਾਪਰਵਾਹੀ ਨਾਲ ਹੋਇਆ। CM ਮਾਨ ਨੇ ਪੰਜਾਬ ਦੇ ਜ਼ਿੰਮੇਵਾਰ ਲੋਕਾਂ ਤੋਂ ਗੰਨਮੈਨ ਵਾਪਸ ਲੈ ਲਏ ਪਰ ਆਪਣੀ ਭੈਣ ਅਤੇ ਮਾਤਾ ਨੂੰ 50-50 ਗੰਨਮੈਨ ਦੇ ਦਿੱਤੇ। ਪੰਜਾਬ ਨੇ ਅੱਜ ਇੱਕ ਹੀਰਾ ਗਵਾਇਆ।
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਟਵੀਟ
''ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਹੋਇਆ ਕਤਲ ਹੈਰਾਨ ਕਰਨ ਵਾਲਾ ਹੈ। ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। 'ਆਪ' ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਪੰਜਾਬ ਵਿੱਚ ਕੋਈ ਵੀ ਸੁਰੱਖਿਅਤ ਨਹੀਂ''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਮਾਨ ਸਰਕਾਰ 'ਤੇ ਚੁੱਕੇ ਸਵਾਲ
'ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੱਲ੍ਹ ਹੀ ਉਹਨਾਂ ਦੀ ਸੁਰੱਖਿਆ ਘਟਾਈ ਗਈ ਸੀ। ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਉਹਨਾਂ ਦੇ ਕਤਲ ਦੇ ਜ਼ਿੰਮੇਂਵਾਰ ਹਨ। ਜੋ ਪੰਜਾਬੀਆਂ ਨੂੰ ਸੁਰੱਖਿਆ ਹੀ ਨਹੀਂ ਦੇ ਸਕੇ। ਮੁੱਖ ਮੰਤਰੀ ਅਤੇ ਡੀਜੀਪੀ ਤੁਰੰਤ ਅਸਤੀਫਾ ਦੇਣ''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਰਾਜਾ ਵੜਿੰਗ ਨੇ ਚੁੱਕੇ 'ਆਪ' 'ਤੇ ਸਵਾਲ
''ਸਿੱਧੂ ਮੂਸੇਵਾਲਾ ਬਾਰੇ ਸੁਣ ਕੇ ਬਹੁਤ ਹੈਰਾਨ ਹਾਂ। ਅਸੀਂ ਕਾਂਗਰਸ ਦਾ ਇੱਕ ਸ਼ਾਨਦਾਰ ਸਿਤਾਰਾ ਸਿੱਧੂ ਮੂਸੇਵਾਲਾ ਗੁਆ ਦਿੱਤਾ ਹੈ। ਭਗਵੰਤ ਮਾਨ ਸਰਕਾਰ ਵਲੋਂ ਉਸ ਦੀ ਸੁਰੱਖਿਆ ਵਾਪਸ ਲੈਣ ਦੇ 2 ਦਿਨ ਬਾਅਦ ਹੀ ਮਾਨਸਾ 'ਚ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। 'ਆਪ' ਸਰਕਾਰ ਨੈਤਿਕ ਅਧਿਕਾਰ ਗੁਆ ਚੁੱਕੀ ਹੈ। ਇਸ ਨੂੰ ਖ਼ਾਰਜ ਕੀਤਾ ਜਾਣਾ ਚਾਹੀਦਾ ਹੈ।''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਪਿਲ ਸ਼ਰਮਾ ਦਾ ਟਵੀਟ
'ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਬਹੁਤ ਹੀ ਦੁਖਦਾਈ ਹੈ। ਸਿੱਧੂ ਮੂਸੇਵਾਲਾ ਇੱਕ ਮਹਾਨ ਕਲਾਕਾਰ ਸੀ। ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ'
ਸਿੱਧੂ ਮੂਸੇਵਾਲਾ ਦੀ ਮੌਤ 'ਤੇ ਰਾਹੁਲ ਗਾਂਧੀ ਨੇ ਪ੍ਰਗਟਾਇਆ ਦੁੱਖ
''ਉੱਘੇ ਕਾਂਗਰਸੀ ਆਗੂ ਅਤੇ ਹੋਣਹਾਰ ਕਲਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦੁਖੀ ਅਤੇ ਡੂੰਘੇ ਸਦਮੇ 'ਚ ਹਾਂ। ਦੁਨੀਆ ਭਰ ਦੇ ਉਨ੍ਹਾਂ ਦੇ ਚਹੇਤਿਆਂ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਦਿਲੀ ਸੰਵੇਦਨਾ।''
ਕਿਸਾਨ ਏਕਤਾ ਮੋਰਚਾ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਪ੍ਰਗਟਾਇਆ ਦੁੱਖ
''ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਨਾਲ ਹਰ ਕਿਸੇ ਦਾ ਦਿਲ ਝੰਜੋੜਿਆ ਗਿਆ ਹੈ। ਦਿੱਲੀ ਕਿਸਾਨ ਮੋਰਚੇ ਵਿੱਚ ਸਿੱਧੂ ਮੂਸੇਵਾਲਾ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ''
ਹਰਸਿਮਰਤ ਕੌਰ ਬਾਦਲ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਪ੍ਰਗਟਾਇਆ ਦੁੱਖ
''ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਹੋਇਆ ਕਤਲ ਦੁਖਦਾਈ ਅਤੇ ਨਿੰਦਣਯੋਗ ਹੈ। ਪੰਜਾਬ ਸਰਕਾਰ ਇਸ ਘਟਨਾ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫੜੇ''
ਬਗ਼ੈਰ ਦੇਰੀ ਦੋਸ਼ੀਆਂ ਨੂੰ ਕੀਤਾ ਜਾਵੇ ਕਾਬੂ - ਸੁਖਬੀਰ ਬਾਦਲ
''ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਜਾਣ ਕੇ ਬਹੁਤ ਦੁੱਖ ਲੱਗਿਆ। ਉਸ ਦੇ ਪਰਿਵਾਰ ਅਤੇ ਦੋਸਤਾਂ ਨਾਲ ਮੈਂ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ। ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਇਸ ਕਤਲ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਬਗ਼ੈਰ ਦੇਰੀ ਗ੍ਰਿਫ਼ਤਾਰ ਕੀਤਾ ਜਾਵੇ। CM ਪੰਜਾਬ ਨੂੰ ਵੀ ਆਪਣਾ ਪੱਖ ਡੂੰਘਾਈ ਨਾਲ ਵਿਚਾਰਨ ਦੀ ਲੋੜ ਹੈ ਕਿ ਉਨ੍ਹਾਂ ਦੀ ਅਗਵਾਈ 'ਚ ਪੰਜਾਬ ਅਮਨ-ਕਾਨੂੰਨ ਤੋਂ ਸੱਖਣਾ ਕਿਉਂ ਹੋਇਆ ਅਤੇ ਮੁਕੰਮਲ ਅਰਾਜਕਤਾ ਵੱਲ ਕਿਉਂ ਵਧਿਆ।''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸੁਨੀਲ ਜਾਖੜ ਨੇ ਚੁੱਕੇ 'ਆਪ' 'ਤੇ ਸਵਾਲ
''ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਸਸਤਾ ਪ੍ਰਚਾਰ ਹਾਸਲ ਕਰਨ ਵਾਸਤੇ ਸੁਰੱਖਿਆ ਮੁੱਦਿਆਂ ਨਾਲ ਕੀਤੀ ਛੇੜਛਾੜ ਲਈ ਆਮ ਆਦਮੀ ਪਾਰਟੀ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਦਾ ਟਵੀਟ
''ਸਿੱਧੂ ਮੂਸੇਵਾਲਾ ਦਾ ਕਤਲ ਬਹੁਤ ਹੀ ਦੁਖੀ ਕਰਨ ਵਾਲਾ ਹੈ। ਮੈਂ ਪੰਜਾਬ ਦੇ CM ਮਾਨ ਸਾਬ੍ਹ ਨਾਲ ਗੱਲ ਕੀਤੀ ਹੈ। ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇਗੀ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਹੌਸਲਾ ਰੱਖੋ ਅਤੇ ਸ਼ਾਂਤੀ ਬਣਾਈ ਰੱਖੋ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।''
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੈਬਨਿਟ ਮੰਤਰੀ ਬਲਜੀਤ ਕੌਰ ਦਾ ਟਵੀਟ
'ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ'
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਭਾਜਪਾ ਆਗੂ ਪਰਮਿੰਦਰ ਸਿੰਘ ਬਰਾੜ ਦਾ ਟਵੀਟ
''ਸਿੱਧੂ ਮੂਸੇਵਾਲਾ ਦੀ ਮੌਤ ਦੀ ਖ਼ਬਰ ਬਹੁਤ ਹੀ ਦੁਖਦਾਈ ਹੈ। ਇਹ ਮਿਊਜ਼ਿਕ ਇੰਡਸਟਰੀ ਲਈ ਹੀ ਨਹੀਂ ਸਗੋਂ ਪੰਜਾਬ ਲਈ ਝਟਕਾ ਹੈ। ਪ੍ਰਮਾਤਮਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ''