ਪਹਿਲੇ ਦਿਨ ਹੀ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ
ਚੰਡੀਗੜ੍ਹ (ਮੁਸਕਾਨ ਢਿੱਲੋਂ) ਇਸ ਸਾਲ ਦੀ ਸੱਭ ਤੋਂ ਵੱਧ ਉਡੀਕੀ ਜਾਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ-3’ ਨੇ ਦਰਸ਼ਕਾਂ ਵਿਚ ਧਮਾਕੇਦਾਰ ਐਂਟਰੀ ਕੀਤੀ ਹੈ। ਇੰਨਾ ਹੀ ਨਹੀਂ ਲੋਕ ਹੁਣ ਫ਼ਿਲਮ ਦੇ ਅਗਲੇ ਭਾਗ ਦੀ ਵੀ ਮੰਗ ਕਰ ਰਹੇ ਹਨ। ਪਹਿਲੇ ਦਿਨ ਹੀ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਟਿਕਟ ਖਿੜਕੀ ਉੱਤੇ ਚਾਹੁਣ ਵਾਲਿਆਂ ਦੀ ਭੀੜ ਨੇ ਇਸ ਗੱਲ ਦਾ ਅਹਿਸਾਸ ਕਰਵਾ ਦਿਤਾ ਕਿ ਲੋਕ ਕਿੰਨੀ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਸਨ। ਕਲਾਕਾਰਾਂ ਦੀ ਕਾਮੇਡੀ ਅਤੇ ਮਜ਼ੇਦਾਰ ਸੰਗੀਤ ਦੀ ਦੋਹਰੀ ਖੁਰਾਕ ਨਾਲ, ਫ਼ਿਲਮ ਨੇ ਸ਼ੁਰੂ ਵਿਚ ਹੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਲਿਆ ਸੀ। ਕਾਮੇਡੀ ਨਾਲ ਭਰਪੂਰ ‘ਕੈਰੀ ਆਨ ਜੱਟਾ-3’ ਵਿਚ ਜਸਵਿੰਦਰ ਭੱਲਾ, ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਬੀ.ਐਨ. ਸ਼ਰਮਾ ਵਰਗੇ ਵੱਡੇ -ਵੱਡੇ ਹਾਸ ਕਲਾਕਾਰਾਂ ਨਾਲ ਸਜੀ ਇਸ ਫ਼ਿਲਮ ਨੇ ਲੋਕਾਂ ਦੀਆਂ ਵੱਖੀਆਂ ਵਿਚ ਪੀੜ ਕਰ ਦਿਤੀ ।
ਦਰਸ਼ਕਾਂ ਨੂੰ ਗਿਪੀ ਦੇ ਬਿੰਦਾਸ ਅੰਦਾਜ਼ ਅਤੇ ਸੋਨਮ ਬਾਜਵਾ ਦੀ ਐਕਟਿੰਗ ਨੇ ਮੋਹ ਲਿਆ। ਗਿਪੀ ਦੇ ਪੁੱਤਰ ਸ਼ਿੰਦਾ ਗਰੇਵਾਲ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸ਼ਿੰਦੇ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਫ਼ਿਲਮ ਵਿਚ ਜੁੜੇ ਨਵੇਂ ਕਲਾਕਾਰ ਪਾਕਿਸਤਾਨ ਦੇ ਉੱਘੇ ਅਤੇ ਦਮਦਾਰ ਅਦਾਕਾਰ ਨਾਸਿਰ ਚਨਿਓਟੀ ਅਤੇ ਕਵਿਤਾ ਕੌਸ਼ਿਕ ਵਲੋਂ ਨਿਭਾਏ ਗਏ ਕਿਰਦਾਰਾਂ ਨੂੰ ਵੀ ਭਰਪੂਰ ਪਿਆਰ ਮਿਲਿਆ।
ਫ਼ਿਲਮ ਨੇ ਦਰਸ਼ਕਾਂ ਨੂੰ ਲਗਾਤਾਰ ਤਾੜੀਆਂ ਮਾਰਨ ਅਤੇ ਹੱਸਣ ਲਈ ਮਜਬੂਰ ਕਰ ਦਿਤਾ। ਫ਼ਿਲਮ ਨੇ ਦਰਸ਼ਕਾਂ ਦੀ ਥਕਾਵਟ ਅਤੇ ਤਣਾਅ ਨੂੰ ਪਲ ਭਰ ਵਿਚ ਦੂਰ ਕਰ ਦਿਤਾ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਸ ਫ਼ਿਲਮ ਨੂੰ ਲੈ ਕੇ ਟੀਮ ਨੇ ਜਿੰਨੀ ਮਿਹਨਤ ਕੀਤੀ ਉਹ ਸਫਲ ਰਹੀ। ਲੋਕਾਂ ਨੇ ਫ਼ਿਲਮ ਦੀ ਰੱਜ ਕੇ ਤਾਰੀਫ ਕੀਤੀ। ਇਸ ਫ਼ਿਲਮ ਨੂੰ ਦੁਨੀਆਂ ਭਰ ਵਿਚ ਪ੍ਰੋਮੋਟ ਕਰਨ ਲਈ ਵੱਖ ਵੱਖ ਸਕੀਮਾਂ ਲਗਾਇਆਂ ਗਈਆਂ। ਟੀਮ ਵਲੋਂ ਫ਼ਿਲਮ ਦੇ ਪ੍ਰੋਮੋਸ਼ਨ ਵਿਚ ਵੀ ਕੋਈ ਕਮੀ ਨਹੀਂ ਛੱਡੀ ਗਈ।
ਜੇਕਰ ਤੁਸੀਂ ਵੀਕੈਂਡ 'ਤੇ ਇਸ ਫ਼ਿਲਮ ਨੂੰ ਦੇਖਣ ਦਾ ਪਲੈਨ ਬਣਾ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਦਰਸ਼ਕ 'ਘੈਂਟ’, 'ਕਾਮੇਡੀ ਨਾਲ ਭਰੀ ਹੋਈ' ਅਤੇ 'ਇੱਕ ਨੰਬਰ' ਵਰਗੇ ਕਮੈਂਟ ਕਰ ਰਹੇ ਹਨ। ਲੋਕਾਂ ਨੇ ਕਿਹਾ ਕੀ ਇਹ ਪੂਰੀ ਤਰ੍ਹਾਂ ਪ੍ਰਵਾਰਕ ਫ਼ਿਲਮ ਹੈ ਅਤੇ ਫ਼ਿਲਮ ਨੂੰ ਲੈ ਕੇ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਗਏ ਸੀ ਉਹ ਸੱਚ ਸਾਬਤ ਹੋਏ ਹਨ।
ਸੀ.ਐਮ. ਭਗਵੰਤ ਮਾਨ ਆਪਣੀ ਪਤਨੀ ਗੁਰਪ੍ਰੀਤ ਕੌਰ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ ਹੋਰ ਮੰਤਰੀਆਂ ਨਾਲ ‘ਕੈਰੀ ਆਨ ਜੱਟਾ-3’ ਦਾ ਪ੍ਰੀਮੀਅਰ ਵੇਖਣ ਪਹੁੰਚੇ। ਇਸ ਮੌਕੇ ਦੌਰਾਨ ਉਨ੍ਹਾਂ ਨਾਲ ਗਿੱਪੀ ਗਰੇਵਾਲ,ਰਵਨੀਤ ਕੌਰ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ ਵੀ ਮੌਜੂਦ ਸਨ। ਸੀ.ਐਮ. ਨੇ ਫ਼ਿਲਮ ਦੀ ਸਟਾਰ ਕਾਸਟ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਾਰੇ ਕਲਾਕਾਰਾਂ ਨੇ ਫ਼ਿਲਮ ਵਿਚ ਬਹੁਤ ਵਧੀਆ ਕੰਮ ਕੀਤਾ ਹੈ।
ਸੀ.ਐਮ. ਭਗਵੰਤ ਮਾਨ ਨੇ ਕਿਹਾ ਕਿ ਫ਼ਿਲਮ ਦੀ ਸ਼ੂਟਿੰਗ ਲੰਡਨ ਵਿਚ ਹੋਈ ਹੈ। ਸਰਕਾਰ ਚਾਹੁੰਦੀ ਹੈ ਕਿ ਆਉਣ ਵਾਲੇ ਸਾਲਾਂ ਵਿਚ ਸਾਰੀਆਂ ਫ਼ਿਲਮਾਂ ਪੰਜਾਬ ਵਿਚ ਹੀ ਬਣਨ। ਉਨ੍ਹਾਂ ਕਿਹਾ ਕਿ ਹੁਣ ਕਿਸੇ ਨੂੰ ਫ਼ਿਲਮ ਬਣਾਉਣ ਲਈ ਲੰਡਨ-ਕੈਨੇਡਾ ਨਹੀਂ ਜਾਣਾ ਪਵੇਗਾ। ਕੈਨੇਡਾ-ਲੰਡਨ ਵਰਗੇ ਸੈੱਟ ਪੰਜਾਬ ਵਿਚ ਹੀ ਬਣਾਏ ਜਾਣਗੇ। ਅਸੀਂ ਪੰਜਾਬ ਵਿਚ ‘ਫ਼ਿਲਮ ਸਿਟੀ’ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਜੋ ਸਥਾਨਕ ਨੌਜੁਆਨਾਂ ਨੂੰ ਫ਼ਿਲਮਾਂ ਵਿਚ ਕੈਰੀਅਰ ਬਣਾਉਣ ਦਾ ਮੌਕਾ ਮਿਲ ਸਕੇ।
ਇਸ ਦੌਰਾਨ ਸੀ.ਐਮ. ਭਗਵੰਤ ਮਾਨ ਦਾ ਫ਼ਿਲਮ ਸਿਟੀ ਸਬੰਧੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਫ਼ਿਲਮ ਸਿਟੀ ਬਣਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਹੁਣ ਇਸ ਪ੍ਰਾਜੈਕਟ ਨੂੰ ਫਾਈਨਲ ਟੱਚ ਦਿਤਾ ਜਾ ਰਿਹਾ ਹੈ।