
ਕਿਹਾ - ਨਫ਼ਰਤ ਨਾ ਫੈਲਾਓ, ਜੇਕਰ ਕੋਈ ਆਰਟਿਸਟ ਚੰਗਾ ਲੱਗਦਾ ਤਾਂ ਸੁਣ ਲਓ ਨਹੀਂ ਤਾਂ ਨਾ ਸੁਣੋ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਪੂਰੇ ਦੇਸ਼ 'ਚ ਦੁੱਖ ਦੀ ਲਹਿਰ ਦੌੜ ਗਈ ਹੈ। ਪੰਜਾਬੀ ਇੰਡਸਟਰੀ ਤੋਂ ਲੈ ਕੇ ਹਿੰਦੀ ਇੰਡਸਟਰੀ ਅਤੇ ਖੇਡ ਜਗਤ ਦੇ ਸਿਤਾਰਿਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਦੇ ਚਲਦੇ ਹੀ ਗਾਇਕ ਸਿੰਗਾ ਨੇ ਵੀ ਲਾਈਵ ਹੋ ਕੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਆਪਣੇ ਚਾਹੁਣ ਵਾਲਿਆਂ ਨੂੰ ਇੱਕ ਸੁਨੇਹਾ ਵੀ ਦਿਤਾ। ਉਨ੍ਹਾਂ ਕਿਹਾ ਕਿ ਇਨਸਾਨੀਅਤ ਅਸੀਂ ਆਪਣੇ ਆਪ 'ਚੋਂ ਆਪ ਹੀ ਮਾਰ ਲਈ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਗੱਲਾਂ ਹੁੰਦੀਆਂ ਨੇ ਜੋ ਬੋਲੀਆਂ ਨਹੀਂ ਜਾਂਦੀਆਂ।
ਵਾਹਿਗੁਰੂ ਜੀ ਵੀਰ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਣ। ਇਕ ਚੰਗਾ ਕਲਾਕਾਰ ਇਸ ਦੁਨੀਆ 'ਚ ਨਹੀਂ ਰਿਹਾ। ਮੈਂ ਪੰਜਾਬ ਅਤੇ ਪੰਜਾਬੀਆਂ ਇਕ ਹੀ ਬੇਨਤੀ ਕਰਦਾ ਹੈ ਨਫ਼ਰਤ ਨਾ ਫੈਲਾਓ, ਜੇਕਰ ਕੋਈ ਆਰਟਿਸਟ ਚੰਗਾ ਲੱਗਦਾ ਤਾਂ ਸੁਣ ਲਓ ਨਹੀਂ ਤਾਂ ਨਾ ਸੁਣੋ। ਹਨ੍ਹੇਰਾ ਹੀ ਹੋ ਗਿਆ। ਸਿੱਧੂ ਦੀ ਮੌਤ ਨਾਲ ਸਾਰੀ ਪੰਜਾਬੀ ਇੰਡਸਟਰੀ ਦੁੱਖ 'ਚ ਹੈ। ਦੱਸ ਦੇਈਏ ਕਿ ਸਿੰਗਾ ਨੇ ਇਹ ਸਾਰੀਆਂ ਗੱਲਾਂ ਲਾਈਵ ਹੋ ਕੇ ਕਹੀਆਂ ਹਾਲਾਂਕਿ ਉਹ ਬਿਨ੍ਹਾ ਚਿਹਰਾ ਦਿਖਾਏ ਲਾਈਵ ਹੋਏ ਅਤੇ ਉਨ੍ਹਾਂ ਦੀ ਸਿਰਫ ਆਵਾਜ਼ ਹੀ ਸੁਣਾਈ ਦੇ ਰਹੀ ਸੀ।
Sidhu moose wala
ਉਨ੍ਹਾਂ ਨੇ ਅੱਗੇ ਬੋਲਦਿਆਂ ਕਿਹਾ ਕਿ ਲੋਕਾਂ 'ਚ ਇਨਸਾਨੀਅਤ ਖ਼ਤਮ ਹੋ ਗਈ ਹੈ। ਸਿੱਧੂ ਆਪਣੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ ਤਾਂ ਲੋਕ ਉਥੇ ਖੜ੍ਹੇ ਹੋ ਕੇ ਵੀਡੀਓ ਬਣਾ ਰਹੇ ਸਨ ਇਹ ਚੰਗੀ ਗੱਲ ਨਹੀਂ ਹੈ। ਤੁਸੀਂ ਲੋਕ ਚਾਹੁੰਦੇ ਤਾਂ ਉਸ ਦੀ ਵੀਡੀਓ ਬਣਾਉਣ ਦੀ ਬਜਾਏ ਉਸ ਨੂੰ ਹਸਪਤਾਲ ਲਿਜਾਂਦੇ ਤਾਂ ਸ਼ਾਇਦ ਤੁਹਾਡੇ ਕਾਰਨ ਉਸ ਦੀ ਜਾਨ ਬਚ ਜਾਂਦੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਿਸਟਮ ਬਹੁਤ ਗਲਤ ਹੈ। ਇਸ ਕਰਕੇ ਲੋਕ ਬਾਹਰਲੇ ਦੇਸ਼ਾਂ 'ਚ ਜਾਂਦੇ ਹਨ। ਇਥੇ ਪੰਜਾਬ 'ਚ ਕੁਝ ਵੀ ਨਹੀਂ ਰਿਹਾ।
Sidhu Musewala case
ਗੱਲਬਾਤ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਸਿਰਫ ਤਮਾਸ਼ਾ ਹੀ ਦੇਖਿਓ ਕੁਝ ਹੋਰ ਨਾ ਕਰਨਾ। ਕਿਸੇ ਦੀ ਤਰੱਕੀ ਨੂੰ ਬਰਦਾਸ਼ਤ ਕਰਨਾ ਸਿੱਖੋ। ਸਿੰਗਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਮੈਂ ਇੱਕ ਸ਼ੋਪਿੰਗ ਮਾਲ ਵਿਚ ਸੀ ਜਦੋਂ ਮੈਨੂੰ ਇਹ ਖ਼ਬਰ ਸੁਣੀ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਅਤੇ ਮੈਂ ਆਪਣੇ ਸਾਰੇ ਸ਼ੋਅ ਰੱਦ ਕਰ ਦਿਤੇ। ਸਿੰਗਾ ਨੇ ਅਪੀਲ ਕੀਤੀ ਕਿ ਅਸੀਂ 24 ਘੰਟੇ ਫੋਨ 'ਚ ਲੱਗੇ ਰਹਿੰਦੇ ਹਾਂ। ਇਸ ਦੀ ਵਰਤੋਂ ਕਿਸੇ ਦੀ ਮਦਦ ਕਰਨ ਲਈ ਵੀ ਕਰੋ, ਹਮੇਸ਼ਾ ਵੀਡੀਓ ਬਣਾਉਣ ਲਈ ਨਹੀਂ। ਕਿਸੇ ਤੇ ਵੀ ਬੁਰਾ ਸਮਾਂ ਆ ਸਕਦੈ।
Sidhu MooseWala case
ਫੋਨ ਤੋਂ ਕੁਝ ਚੰਗੀਆਂ ਗੱਲਾਂ ਵੀ ਸਿੱਖੋ, ਕਿਸੇ ਨੂੰ ਸਾਹ ਕਿੰਝ ਦੇਣਾ, ਔਖੇ ਟਾਈਮ 'ਤੇ ਤੁਸੀਂ ਕਿਸੇ ਮੁਸ਼ਕਿਲ 'ਚ ਹੋ ਤਾਂ ਸਵਿਮਿੰਗ ਕਿੰਝ ਕਰਨੀ ਹੈ। ਫਾਸਟਰੇਟ ਕਿੰਝ ਕਰਨਾ ਹੈ। ਗਾਇਕ ਨੇ ਅੱਗੇ ਕਿਹਾ ਕਿ ਜ਼ਿੰਦਗੀ 'ਚ ਕੰਟਰੋਵਰਸੀ ਨੂੰ ਖਤਮ ਕਰੋ ਤੇ ਮਦਦ ਲਈ ਅੱਗੇ ਵਧੋ। ਮੈਂ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਿੰਮਤ ਬਖ਼ਸਣ ਦੀ ਅਰਦਾਸ ਕਰਦਾ ਹਾਂ।