
ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਹਨ, ਜੋੜਨ ਵਾਲੀ ਗੱਲ ਕਰੋ ਨਾ ਕਿ ਤੋੜਨ ਵਾਲੀ।
ਚੰਡੀਗੜ੍ਹ - ਦਿਲਜੀਤ ਦੋਸਾਂਝ ਆਪਣੀ ਨਵੀਂ ਐਲਬਮ 'ਗੋਸਟ' ਕਰਕੇ ਸੁਰਖੀਆਂ ਵਿਚ ਹਨ। ਗਾਇਕ ਦੀ ਇਹ ਐਲਬਮ 29 ਸਤੰਬਰ ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਕੋਚੇਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਨ ਤੋਂ ਬਾਅਦ ਦਿਲਜੀਤ ਨੇ ਪੂਰੀ ਦੁਨੀਆਂ 'ਚ ਵੱਖਰੀ ਪਛਾਣ ਬਣਾਈ ਹੈ। ਦਰਅਸਲ ਕੱਲ੍ਹ ਅਪਣੇ ਐਲਬਮ ਰਿਲੀਜ਼ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਲਾਈਵ ਹੋਏ ਤੇ ਕਿਸੇ ਨੇ ਇਕ ਵਾਰ ਫਿਰ ਕੋਚੇਲਾ ਫੈਸਟੀਵਲ ਵਾਲੀ ਗੱਲ ਛੇੜ ਲਈ ਤੇ ਗਾਇਕ ਨੇ ਵੀ ਅਪਣਾ ਪੱਖ ਰੱਖਦੇ ਹੋਏ ਟਰੋਲਰਜ਼ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ।
''ਜਿਹੜੇ ਨਾਕਾਰਤਮਕ ਵਾਲੇ ਕੁਮੈਂਟ ਜ਼ਿਆਦਾ ਲਿਖਦੇ ਨੇ ਮੈਂ ਉਨ੍ਹਾਂ ਨੂੰ ਕਿਹਾ ਨੈਗਟੀਵਿਟੀ ਨਾ ਫੈਲਾਇਆ ਕਰੋ, ਫਿਰ ਕਿਸੇ ਹੋਰ ਨੇ ਵੀ ਕਿਸੇ ਹੋਰ ਦੇਸ਼ ਦਾ ਝੰਡਾ ਚੁੱਕਿਆ ਸੀ, ਮੈਂ ਕਿਹਾ ਤੇਰੇ ਲਈ ਵੀ ਰਿਸਪੈਕਟ ਆ...ਇਹ ਗੱਲਾਂ ਜਿਹੜੀਆਂ ਜਾਣ-ਬੁਝ ਕੇ ਸਾਡੇ ਉੱਪਰ ਪਾਉਣ ਦੀ ਕੋਸ਼ਿਸ਼ ਕਰਦੇ ਬਹੁਤ ਬੁਰੀ ਗੱਲ ਆ''
ਦਿਲਜੀਤ ਦੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਗਾਇਕ ਨੇ ਕਿਹਾ ਕਿ ਤਿਰੰਗਾ ਮੇਰੇ ਦੇਸ਼ ਦਾ ਝੰਡਾ ਹੈ ਪਰ ਮੈਨੂੰ ਤੇ ਮੇਰੇ ਬਿਆਨਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਹੋ ਰਹੀਆਂ ਹਨ, ਜੋੜਨ ਵਾਲੀ ਗੱਲ ਕਰੋ ਨਾ ਕਿ ਤੋੜਨ ਵਾਲੀ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ''ਫੇਕ ਨਿਊਜ਼ ਅਤੇ ਨਕਾਰਾਤਮਕਤਾ ਨਾ ਫੈਲਾਓ। ਮੈਂ ਕਿਹਾ ਏ ਮੇਰੇ ਦੇਸ਼ ਦਾ ਝੰਡਾ ਹੈ, ਏਹ ਮੇਰੇ ਦੇਸ਼ ਲਈ...ਮਤਲਬ ਮੇਰੀ ਇਹ ਪਰਫਾਰਮੈਂਸ ਮੇਰੇ ਦੇਸ਼ ਲਈ। ਜੇ ਪੰਜਾਬੀ ਨਹੀਂ ਆਉਂਦੀ ਤਾਂ ਗੂਗਲ ਕਰ ਲਿਆ ਕਰੋ ਯਾਰ...ਕਿਉਂਕਿ ਕੋਚੇਲਾ ਇਕ ਵੱਡਾ ਮਿਊਜ਼ੀਕਲ ਫੈਸਟੀਵਲ ਹੈ ਦੂਜੇ ਹਰ ਦੇਸ਼ ਤੋਂ ਲੋਕ ਆਉਂਦੇ ਹਨ..ਇਸ ਲਈ ਮਿਊਜ਼ਿਕ ਸਭ ਦਾ ਸਾਂਝਾ ਹੈ। ਸਹੀ ਗੱਲ ਨੂੰ ਪੁੱਠੀ ਕਿਵੇਂ ਘੁਮਾਉਣਾ ਹੈ ਕੋਈ ਤੁਹਾਡੇ ਤੋਂ ਸਿੱਖੇ...ਇਸ ਨੂੰ ਵੀ ਗੂਗਲ ਕਰ ਲਿਓ''