ਆਉ! ਦੀਵਾਲੀ ਦੇ ਅਸਲੀ ਮਹੱਤਵ ਨੂੰ ਪਛਾਣੀਏ
Published : Oct 18, 2017, 12:10 am IST
Updated : Oct 17, 2017, 6:40 pm IST
SHARE ARTICLE

ਆਉ! ਪੜਚੋਲ ਕਰੀਏ ਕਿ ਦੀਵਾਲੀ ਦੇ ਖ਼ੁਸ਼ੀਆਂ ਭਰੇ ਦਿਨ ਨੂੰ ਅਸੀ ਅਜੋਕੇ ਸਮੇਂ ਵਿਚ ਸਾਦਗੀ ਦੀ ਬਜਾਏ ਵਧਾ ਚੜ੍ਹਾ ਕੇ ਕਿਵੇਂ ਗ਼ਲਤ ਤਰੀਕੇ ਨਾਲ ਮਨਾਉਂਦੇ ਹਾਂ? ਰਾਮ ਚੰਦਰ ਦੇ ਰਾਜ ਨੂੰ ਅੱਜ ਵੀ 'ਰਾਮ-ਰਾਜ' ਕਹਿ ਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਮਤਰਏ ਭਰਾ ਭਰਤ ਨੇ ਰਾਜਗੱਦੀ ਦੀ ਥਾਂ ਸਿੰਘਾਸਨ ਉਤੇ ਰਾਮ ਜੀ ਦੀਆਂ ਖੜਾਵਾਂ ਸਜਾ ਕੇ ਆਪ ਨੀਵੇਂ ਥਾਂ ਜਨਤਾ ਵਿਚ ਬੈਠ ਕੇ 14 ਸਾਲ ਬਿਤਾਏ। ਉਨ੍ਹਾਂ ਦੇ ਛੋਟੇ ਭਰਾ (ਸੁਮਿੱਤਰਾ ਰਾਣੀ ਦਾ ਪੁੱਤਰ) ਲਛਮਣ ਤੇ ਉਨ੍ਹਾਂ ਦੀ ਅਰਧੰਗਣੀ ਸੀਤਾ ਨੇ ਇਸ ਸਮੇਂ ਵਿਚ ਉਨ੍ਹਾਂ ਨਾਲ ਕੰਦ-ਮੂਲ ਖਾ ਕੇ ਉਨ੍ਹਾਂ ਦਾ ਸਾਥ ਨਿਭਾਇਆ। ਅੱਜ ਮਤਰੇਆ ਤਾਂ ਦੂਰ ਦੀ ਗੱਲ, ਹਮਜਾਇਆ ਭਰਾ ਅਪਣੇ ਭਰਾ ਦੇ ਪ੍ਰਵਾਸੀ ਹੋਣ ਪਿਛੋਂ ਜਾਂ ਬਰਾਬਰ ਰਹਿੰਦਿਆਂ ਵੀ ਧੱਕੇ ਤੇ ਧੋਖੇ ਨਾਲ ਉਸ ਦੀ ਜ਼ਮੀਨ-ਜਾਇਦਾਦ ਹੜੱਪਣ ਲਈ ਸਾਜ਼ਸ਼ਾਂ ਕਰ ਕੇ ਅਪਣੇ ਨਾਂ ਕਰਵਾ ਲੈਂਦਾ ਹੈ। ਰਾਮ-ਰਾਜ ਦਾ ਅਰਥ ਅਪਣੇ ਹੱਕ ਛੱਡ ਕੇ ਫ਼ਰਜ਼ ਪੂਰਤੀ ਦੇ ਅਸੂਲ ਉਤੇ ਚਲਣਾ ਹੈ। ਅੱਜ ਦੀ ਸੀਤਾ (ਕੁੱਝ ਇਕ) ਅਪਣੇ ਪਤੀ ਨਾਲ ਗ਼ਰੀਬੀ ਜਾਂ ਦੁੱਖ ਭੋਗਣ ਦੇ ਉਲਟ ਐਸ਼ ਚਾਹੁੰਦੀ ਹੈ। ਪਤੀ ਦੀ ਗ਼ੈਰਹਾਜ਼ਰੀ ਵਿਚ ਉਹ ਅਪਣੇ ਪੇਕੇ ਘਰ ਚਲੀ ਜਾਂਦੀ ਹੈ ਜਾਂ ਅਪਣਾ ਨਵਾਂ ਰਾਹ ਚੁਣ ਲੈਂਦੀ ਹੈ। ਭਰਾ ਵੀ ਹਮਜਾਇਆਂ ਨੂੰ ਖੇਤੀ ਦੀ ਵੱਟ ਜਾਂ ਪਾਣੀ ਦੀ ਵਾਰੀ ਦੇ ਕੁੱਝ ਮਿੰਟਾਂ ਬਦਲੇ ਉਸ ਦਾ ਕਤਲ ਕਰ ਦਿੰਦਾ ਹੈ। ਰਾਮ ਚੰਦਰ ਜੀ ਵੱਡਾ ਹੋਣ ਕਾਰਨ ਰਾਜਗੱਦੀ ਦੇ ਮਾਲਕ ਹੋਣ ਦੀ ਸੂਰਤ ਵਿਚ ਵੀ ਪਿਤਾ ਦਾ ਹੁਕਮ ਮੰਨ ਕੇ ਖ਼ੁਸ਼ੀ-ਖ਼ੁਸ਼ੀ (ਅਸੂਲ ਉਤੇ ਚਲਦਿਆਂ) ਬਨਵਾਸ ਗਏ। ਅੱਜ ਦਾ ਪੁੱਤਰ ਨਸ਼ਿਆਂ ਦੀ ਮਾੜੀ ਇੱਲਤ ਕਾਰਨ ਮਦਹੋਸ਼ ਹੋ ਕੇ ਹਰ ਰੋਜ਼ ਅਪਣੇ ਪਿਤਾ ਤੋਂ ਪੈਸੇ ਮੰਗਦਾ ਹੈ। ਜ਼ਮੀਨ-ਜਾਇਦਾਦ ਘਰ-ਘਾਟ ਵੇਚਣ ਲਈ ਮਜਬੂਰ ਕਰਦਾ ਹੈ। ਉਨ੍ਹਾਂ ਦੀ ਖ਼ੂਨ-ਪਸੀਨੇ ਨਾਲ ਬਣਾਈ ਜਾਇਦਾਦ ਉਤੇ ਅਪਣਾ ਹੱਕ ਸਮਝਦਾ ਹੈ। ਅੱਜ ਕਿਹੜਾ ਰਾਮ-ਪੁੱਤਰ ਹੈ ਜੋ ਵਿਹਲੇ ਸਮੇਂ ਵਿਚ ਪਿਤਾ-ਪੁਰਖੀ ਕਿੱਤੇ ਵਿਚ ਪਿਉ ਦਾ ਹੱਥ ਵਟਾਵੇ? ਵਿਆਹ ਹੋਇਆ, ਚੁੱਲ੍ਹਾ ਵੱਖ। ਘਰ ਦਾ ਮਾਲਕ ਪੁੱਤਰ ਅਤੇ ਮਾਂ-ਪਿਉ ਬ੍ਰਿਧ ਆਸ਼ਰਮ 'ਚ।ਸਾਡੇ ਅੱਜ ਦੇ 'ਰਾਮ-ਰਾਜ' ਦੇ 'ਰਾਜੇ', 'ਰਾਣੀਆਂ' ਘੁਟਾਲੇ ਤੇ ਘੁਟਾਲਾ ਕਰਨ ਤੋਂ ਬਾਅਦ ਜਦੋਂ ਮੀਡੀਆ ਰਾਹੀਂ ਆਮ ਜਨਤਾ ਵਲੋਂ ਅਸਤੀਫ਼ੇ ਅਤੇ ਸਜ਼ਾ ਦੀ ਗੱਲ ਕਰਨ ਤਕ ਨੌਬਤ ਆ ਜਾਂਦੀ ਹੈ ਤਾਂ 'ਮੈਂ ਅਸਤੀਫ਼ਾ ਨਹੀਂ ਦੇਵਾਂਗਾ, ਵਿਰੋਧੀ ਧਿਰ ਦੀ ਚੁੱਕ ਤੇ ਐਵੇਂ ਸ਼ੋਰ ਮਚਾਇਆ ਜਾ ਰਿਹੈ' ਕਹਿ ਕੇ ਬੇਸ਼ਰਮੀ ਧਾਰ ਲਈ ਜਾਂਦੀ ਹੈ। ਜੇ ਬਹੁਤਾ ਰੌਲਾ ਪਵੇ ਤਾਂ ਅਗਾਊਂ ਜ਼ਮਾਨਤ ਕਰਵਾ ਕੇ ਜਾਂ ਚਾਰ-ਦਿਨ ਜੇਲ ਵਿਚ ਮਹਿਮਾਨਾਂ ਵਾਂਗ ਐਸ਼ ਕਰ ਕੇ ਬਾਹਰ ਆ ਕੇ ਹਸਦੇ-ਹਸਦੇ ਫ਼ੋਟੋਆਂ ਖਿਚਵਾ ਕੇ, ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਹਨ।


ਸ਼ੁਰੂ ਸ਼ੁਰੂ ਵਿਚ ਦੀਵਾਲੀ ਦਾ ਤਿਉਹਾਰ ਇਸ ਦੇ ਨਾਂ ਅਨੁਸਾਰ ਸਿਰਫ਼ ਦੀਵੇ ਬਾਲ ਕੇ ਮਨਾਇਆ ਜਾਂਦਾ ਸੀ ਜੋ ਖ਼ੁਸ਼ਹਾਲੀ ਅਤੇ ਸ਼ਾਂਤੀ ਦਾ ਪ੍ਰਤੀਕ ਸੀ। ਅੱਜ ਬੇਸ਼ੁਮਾਰ ਰੰਗ-ਬਿਰੰਗੀਆਂ ਲੜੀਆਂ, ਮਹਿੰਗੇ ਬਾਰੂਦ ਰੂਪੀ ਪਟਾਕੇ ਅਤੇ ਆਤਿਸ਼ਬਾਜ਼ੀ ਨਾਲ ਅੱਗਾਂ ਲੱਗ ਜਾਂਦੀਆਂ ਹਨ। ਬੱਚਿਆਂ ਦੇ ਹੱਥ ਪੈਰ ਸੜ ਜਾਂਦੇ ਹਨ। ਅੱਖਾਂ ਨਿਕਲ ਜਾਣ ਕਾਰਨ ਉਹ ਜੋਤ ਵਿਹੂਣੇ ਹੋ ਜਾਂਦੇ ਹਨ। ਪਟਾਕਿਆਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ। ਸ਼ੋਰ-ਪ੍ਰਦੂਸ਼ਣ ਨਾਲ ਕਈ ਲੋਕ ਬੋਲੇ ਹੋ ਜਾਂਦੇ ਹਨ। ਅੱਜ ਇਹ ਦਿਨ ਸਾਦਗੀ ਦੀ ਥਾਂ ਫ਼ਜ਼ੂਲਖ਼ਰਚੀ ਦੀਆਂ ਹੱਦਾਂ ਟੱਪ ਗਿਆ ਹੈ। ਮਹਿੰਗੀਆਂ, ਮਿਲਾਵਟ ਵਾਲੀਆਂ, ਜ਼ਹਿਰੀਲੇ ਰਸਾਇਣਕ ਰੰਗਾਂ ਵਾਲੀਆਂ ਮਠਿਆਈਆਂ ਖਾਧੀਆਂ ਜਾਂਦੀਆਂ ਹਨ ਜਦਕਿ ਪਹਿਲਾਂ ਪਿੰਡ/ਸ਼ਹਿਰ ਦੇ ਹਲਵਾਈ ਤੋਂ ਜਾਂ ਘਰ ਦੇਸੀ ਘਿਉ ਜਾਂ ਡਾਲਡੇ ਦੇ ਲੱਡੂ ਜਲੇਬੀਆਂ ਬਣਾ ਕੇ ਅਤੇ ਖਾਣ ਲਈ ਬੱਚਿਆਂ ਨੂੰ ਖਿਡੌਣੇ ਲੈ ਕੇ ਦਿਤੇ ਜਾਂਦੇ ਸਨ। ਹੁਣ ਨਕਲੀ, ਜ਼ਹਿਰੀਲੀਆਂ ਮਠਿਆਈਆਂ ਵੇਚਣ ਵਾਲਿਆਂ ਨੂੰ ਸਿਹਤ ਵਿਭਾਗ ਦੇ ਬਹੁਤੇ ਅਧਿਕਾਰੀ 'ਦੀਵਾਲੀ' ਲੈ ਕੇ ਜਨਤਾ ਦੀ ਸਿਹਤ ਨਾਲ ਖਿਲਵਾੜ ਕਰਨ ਦੀ 'ਖੁੱਲ੍ਹੀ ਛੁੱਟੀ' ਦੇ ਦਿੰਦੇ ਹਨ। ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਸ਼ਰਾਬ, ਕਬਾਬ, ਸ਼ਬਾਬ ਅਤੇ ਜੂਏਬਾਜ਼ੀ ਵਿਚ ਬਦਲ ਕੇ, ਮਹਿੰਗੇ ਕਪੜੇ ਖ਼ਰੀਦਣੇ, ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰ ਕੇ ਅੰਨ੍ਹਾ ਖ਼ਰਚ ਕਰਨਾ, ਸਾਡਾ ਸ਼ੁਗਲ ਤੇ ਉੱਚੇ ਜੀਵਨ-ਪੱਧਰ ਦਾ ਭਰਮ ਪਾਲਿਆ ਜਾਂਦਾ ਹੈ ਜਦਕਿ ਇਹ ਸੱਭ ਇਸ ਦੀ ਪਵਿੱਤਰਤਾ ਦਾ ਅਪਮਾਨ ਹੈ।
ਉੱਪਰ ਲਿਖੇ ਵਾਂਗ ਹਰ ਸਾਲ ਕਰੋੜਾਂ ਰੁਪਏ ਦੇ ਪਟਾਕੇ ਫੂਕਣੇ ਬੰਦ ਕਰ ਕੇ ਜਿਥੇ ਵਾਤਾਵਰਣ ਦੀ ਸ਼ੁੱਧਤਾ ਨੂੰ ਕਾਇਮ ਰਖਿਆ ਜਾ ਸਕਦਾ ਹੈ ਉਥੇ ਇਸ ਵੱਡੀ ਰਕਮ ਨਾਲ ਕਈ ਭੁੱਖਿਆਂ ਦੇ ਮੂੰਹ ਅਨਾਜ ਪਾਇਆ ਜਾ ਸਕਦਾ ਹੈ, ਗ਼ਰੀਬਾਂ ਨੂੰ ਮਕਾਨ ਬਣਾ ਕੇ ਦਿਤੇ ਜਾ ਸਕਦੇ ਹਨ, ਕਈ ਅਨਾਥ ਜਾਂ ਗ਼ਰੀਬ ਧੀਆਂ ਦੇ ਹੱਥ ਪੀਲੇ ਹੋ ਸਕਦੇ ਹਨ, ਹਸਪਤਾਲ ਖੋਲ੍ਹ ਕੇ ਗ਼ਰੀਬ ਮਰੀਜ਼ਾਂ ਦੀ ਜਾਨ ਬਚਾਈ ਜਾ ਸਕਦੀ ਹੈ, ਬਹੁਤ ਕਾਰਖ਼ਾਨੇ, ਫ਼ੈਕਟਰੀਆਂ, ਲੱਗ ਸਕਦੀਆਂ ਹਨ। ਇਸ ਦਿਨ ਨਸ਼ਈ ਹੋ ਕੇ ਹੋਈਆਂ ਲੜਾਈਆਂ ਅਤੇ ਕਤਲਾਂ ਦੇ ਮੁਕੱਦਮਿਆਂ ਤੋਂ ਬਚਿਆ ਜਾ ਸਕਦਾ ਹੈ। ਸੱਭ ਤੋਂ ਪਹਿਲਾਂ ਅਜਿਹਾ ਕਰ ਕੇ ਅਪਣੇ ਸ੍ਰੀਰ ਨੂੰ ਹੀ ਅਰੋਗ ਰਖਿਆ ਜਾ ਸਕਦਾ ਹੈ ਪਰ ਸਾਡੇ ਕੋਲ ਏਨਾ ਸੋਚਣ ਦੀ ਵਿਹਲ ਹੀ ਨਹੀਂ?
ਸੱਭ ਕੁੱਝ ਛੱਡ ਕੇ, ਸਾਦਗੀ ਨਾਲ ਦੀਵਾਲੀ ਮਨਾ ਕੇ ਜਿਥੇ ਪੈਸੇ ਬਚਾ ਸਕਦੇ ਹਾਂ ਉਥੇ ਅਪਣਾ ਅਤੇ ਮਨੁੱਖਤਾ ਦਾ ਭਲਾ ਵੀ ਕਰ ਸਕਦੇ ਹਾਂ। ਆਉ ਦੀਵਾਲੀ ਦਾ ਅਸਲੀ ਮਹੱਤਵ ਸਮਝੀਏ।

SHARE ARTICLE
Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement