ਅਕਾਲੀ ਦਲ ਵਲੋਂ ਦਲ ਬਾਰੇ ਬਣਾਈ ਫ਼ਿਲਮ ਸਬੰਧੀ ਵਿਵਾਦ ਹੋਇਆ ਤੇਜ਼
Published : Jan 2, 2018, 11:47 pm IST
Updated : Jan 2, 2018, 6:17 pm IST
SHARE ARTICLE

ਤਰਨਤਾਰਨ, 2 ਜਨਵਰੀ (ਚਰਨਜੀਤ ਸਿੰਘ): ਨਵੀਂ ਪੀੜ੍ਹੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਨਾਮਤੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਅਕਾਲੀ ਦਲ ਵਲੋਂ ਬਣਾਈ ਫ਼ਿਲਮ ''ਜੋ ਲਰੈ ਦੀਨ ਕੇ ਹੇਤ'' ਠੀਕ ਉਹੀ ਕੰਮ ਕਰ ਰਹੀ ਹੈ ਜੋ ਸਿੱਖ ਵਿਰੋਧੀ ਤਾਕਤਾਂ ਦੀ ਮਨਸ਼ਾ ਹੈ। ਇਨ੍ਹਾਂ ਤਾਕਤਾਂ ਦਾ ਸਹਿਯੋਗ ਹਾਸਲ ਕਰਨ ਲਈ ਅਕਾਲੀ ਦਲ ਨੇ ਪਹਿਲਾਂ ਸਿੱਖਾਂ ਦੀ ਰਾਜਨੀਤਕ ਪਾਰਟੀ ਤੋਂ ਪੰਜਾਬੀ ਪਾਰਟੀ ਤਕ ਦਾ ਸਫ਼ਰ ਤੈਅ ਕੀਤਾ। ਹੁਣ ਅਪਣੇ ਸਿਆਸੀ ਭਾਈਵਾਲਾਂ ਨੂੰ ਖ਼ੁਸ਼ ਕਰਨ ਲਈ ਅਕਾਲੀ ਦਲ ਨੇ ਉਹੀ ਇਤਿਹਾਸ ਤਿਆਰ ਕਰ ਲਿਆ ਹੈ ਜੋ ਉਹ ਸੁਣਨਾ ਤੇ ਸੁਣਾਉਣਾ ਚਾਹੁੰਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ 97 ਵੇਂ ਸਥਾਪਨਾ ਦਿਵਸ ਮੌਕੇ ਅਕਾਲੀ ਦਲ ਬਾਦਲ ਵਲੋਂ ਤਿਆਰ ਕਰਵਾਈ ਗਈ ਇਸ ਦਸਤਾਵੇਜੀ ਫ਼ਿਲਮ ਵਿਚ ਪਾਰਟੀ ਦੇ 97 ਸਾਲ ਦੇ ਇਤਿਹਾਸ ਦੀ ਅਧੂਰੀ ਤੇ ਇਕ ਪਾਸੜ ਜਾਣਕਾਰੀ ਹੈ। ਸੱਤਾ ਤੋਂ ਹਟਦੇ ਸਾਰ ਹੀ ਅਕਾਲੀ ਦਲ ਨੂੰ ਮੁੜ ਤੋਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤਾਂ ਯਾਦ ਆ ਗਈਆਂ ਜਿਨ੍ਹਾਂ ਵਿਚ ਅਕਾਲੀ ਦਲ ਨੂੰ ਦਰਪੇਸ਼ ਚੁਨੌਤੀਆਂ ਦੇ ਨਾਂਅ ਤੇ ਰਾਜਾਂ ਲਈ ਵੱਧ ਅਧਿਕਾਰ, ਪੰਜਾਬ ਸਿਰ ਦਹਿਸ਼ਤਵਾਦ ਦੇ ਸਮੇਂ ਦੌਰਾਨ ਚੜ੍ਹਿਆ ਕਰਜ਼ਾ ਮੁਆਫ਼ ਕਰਾਉਣਾ, ਕਿਸਾਨੀ ਨੂੰ ਦਰਪੇਸ਼ ਮੁਸ਼ਕਲਾਂ ਤੇ ਦਰਿਆਈ ਪਾਣੀਆਂ ਦਾ ਮਸਲਾ ਹੱਲ ਕਰਾਉਣਾ, ਪਾਰਟੀ ਦੀ ਜੁਝਾਰੂ ਸੋਚ ਦਸਿਆ ਗਿਆ ਹੈ ਪਰ ਦੂਜੇ ਪਾਸੇ ਪਾਰਟੀ ਦੇ ਏਜੰਡੇ ਵਿਚ 1980 ਤੋਂ 1995 ਦੌਰਾਨ ਪੰਜਾਬ ਵਿਚ ਪੁਲਿਸ ਤੇ ਸੁਰੱਖਿਆ ਦਸਤਿਆਂ ਵਲੋਂ ਮਾਰ ਮੁਕਾ ਦਿਤੇ ਗਏ ਹਜ਼ਾਰਾਂ-ਲੱਖਾਂ ਸਿੱਖਾਂ ਜਾਂ ਨਵੰਬਰ 84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦਾ ਕੋਈ ਏਜੰਡਾ ਨਹੀਂ ਹੈ।
ਪਾਰਟੀ ਵਲੋਂ ਅਪਣੇ ਨਿਜੀ ਚੈਨਲ ਕੋਲੋਂ ਤਿਆਰ ਕਰਵਾਈ ਇਸ ਕਰੀਬ 48 ਮਿੰਟ ਦੀ ਇਸ ਦਸਤਾਵੇਜੀ ਫ਼ਿਲਮ ਦੇ ਅਖ਼ੀਰਲੇ ਹਿੱਸੇ ਵਿਚ ਪਾਰਟੀ ਦੀ ਵਾਗਡੋਰ ਸੁਖਬੀਰ ਸਿੰਘ ਬਾਦਲ ਦੇ ਹੱਥ ਹੋਣ ਦਾ ਜ਼ਿਕਰ ਤਾਂ ਹੈ ਪਰ ਸ. ਸੁਰਜੀਤ ਸਿੰਘ ਬਰਨਾਲਾ ਅਤੇ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਨਾਂਅ ਵੀ ਨਹੀਂ ਲਿਆ ਗਿਆ। ਫ਼ਿਲਮ ਇਕ ਹੀ ਸਿੱਖ ਆਗੂ ਦਾ ਕੁੱਝ ਜ਼ਿਆਦਾ ਸਮਾਂ ਜ਼ਿਕਰ ਕਰਦੀ ਹੈ ਤੇ ਉਹ ਹੈ ਮਾਸਟਰ ਤਾਰਾ ਸਿੰਘ। ਉਨ੍ਹਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੋਹੜਾ, ਜਥੇਦਾਰ ਮੋਹਨ ਸਿੰਘ ਤੁੜ ਤੋਂ ਇਲਾਵਾ ਪਰਕਾਸ਼ ਸਿੰਘ ਬਾਦਲ ਦਾ ਜ਼ਿਕਰ ਜ਼ਰੂਰ ਹੈ।

ਇਸ ਦੇ ਨਾਲ ਹੀ ਇਸ ਫ਼ਿਲਮ ਦੀ ਅਹਿਮ ਪ੍ਰਾਪਤੀ ਕਹੀ ਜਾਏ ਜਾਂ ਇਤਿਹਾਸ ਦੇ ਤਲਖ ਸੱਚ ਨੂੰ ਝੁਠਲਾਣ ਦੀ ਸਾਜ਼ਸ਼ ਕਿ ਫ਼ਿਲਮ ਵਿਚ ਕਿਧਰੇ ਵੀ ਜੂਨ 1984 ਵਿਚ ਦਰਬਾਰ ਸਾਹਿਬ 'ਤੇ ਕੀਤੇ ਫ਼ੌਜੀ ਹਮਲੇ, ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ, ਜਨਰਲ ਸ਼ਬੇਗ ਸਿੰਘ, ਭਾਈ ਅਮਰੀਕ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਦਾ ਜ਼ਿਕਰ ਤਕ ਨਹੀਂ ਹੈ। ਫ਼ਿਲਮ ਵਿਚ ਇਹ ਵੀ ਕਿਧਰੇ ਨਹੀਂ ਦਸਿਆ ਗਿਆ ਕਿ ਪਾਰਟੀ ਨੇ 4 ਅਗੱਸਤ 1982 ਨੂੰ ਪੰਜਾਬ ਤੇ ਸਿੱਖਾਂ ਦੀਆਂ ਹੱਕੀ ਮੰਗਾਂ ਦੀ ਆੜ ਹੇਠ ਧਰਮ ਯੁਧ ਦੇ ਨਾਮ ਹੇਠ ਇਕ ਮੋਰਚਾ ਵੀ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਪੰਜਾਬ ਨੂੰ ਇਕ ਲੰਮਾਂ ਸਮਾ ਸੰਤਾਪ ਝਲਣਾ ਪਿਆ ਤੇ ਪੰਜਾਬ ਵਿਚ ਜੂਨ 84 ਦੇ ਫ਼ੌਜੀ ਹਮਲੇ, ਅਪਰੇਸ਼ਨ ਵੁੱਡ ਰੋਜ, ਅਪਰੇਸ਼ਨ ਰਕਸ਼ਕ ਅਤੇ ਅਪਰੇਸ਼ਨ ਨਾਈਟ ਵਿਜ਼ਨ ਆਦਿ ਦੇ ਵੱਖ-ਵੱਖ ਨਾਵਾਂ ਹੇਠ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਸਰਕਾਰੀ ਕਤਲ ਦਾ ਕਾਰਨ ਬਣਿਆ। ਧਰਮਯੁੱਧ ਮੋਰਚੇ ਦੀ ਸ਼ੁਰੂਆਤ ਖ਼ੁਦ ਪਰਕਾਸ਼ ਸਿੰਘ ਬਾਦਲ ਨੇ 1126 ਸਿੱਖਾਂ ਦੇ ਜਥੇ ਸਮੇਤ ਗ੍ਰਿਫ਼ਤਾਰੀ ਕਰ ਕੇ ਕੀਤੀ ਸੀ ਫਿਰ ਵੀ ਫ਼ਿਲਮ ਵਿਚ ਧਰਮ ਯੁੱਧ ਮੋਰਚੇ ਦੀ ਗਲ ਤਾਂ ਇਕ ਪਾਸੇ ਇਸ ਸ਼ਬਦ 'ਧਰਮ ਯੁੱਧ ਮੋਰਚਾ' ਦਾ ਜ਼ਿਕਰ ਮਾਤਰ ਵੀ ਨਹੀਂ ਹੈ। ਫ਼ਿਲਮ ਵਿਚ ਕਿਧਰੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਸੂਬੇ ਅੰਦਰ ਪੰਜਾਬ ਪੁਲਿਸ ਤੇ ਸੁਰੱਖਿਆ ਦਸਤਿਆਂ ਵਲੋਂ ਦਹਿਸ਼ਤਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਮਾਰ ਮੁਕਾ ਦਿਤੇ ਗਏ ਸਿੱਖਾਂ ਦੇ ਵਾਰਸਾਂ ਨੂੰ ਕੋਈ ਇਨਸਾਫ ਦਿਵਾਉਣ ਦੀ ਕੋਈ ਇੱਛਾ ਸ਼ਕਤੀ ਹੈ। ਨਵੰਬਰ 1984 ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਮੁੱਖ ਸ਼ਹਿਰਾਂ ਵਿਚ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿਤੇ ਗਏ। ਸਿੱਖ ਕਤਲੇਆਮ ਨੂੰ ਹਰ ਵਾਰ ਚੋਣ ਮੁੱਦਾ ਬਣਾਉਣ ਵਾਲਾ ਦਲ, ਇਸ ਮੁੱਦੇ ਤੇ ਵੀ ਖ਼ਾਮੋਸ਼ ਹੈ।ਜਿਥੋਂ ਤਕ ਰਾਜਾਂ ਨੂੰ ਵੱਧ ਅਧਿਕਾਰ ਦਿਤੇ ਜਾਣ ਜਾਂ ਦਰਿਆਈ ਪਾਣੀਆਂ ਦੀ ਵੰਡ ਦਾ ਸਵਾਲ ਹੈ ਇਸ ਹਕੀਕਤ ਅਕਾਲੀ ਦਲ ਵੀ ਭਲੀਭਾਂਤ ਵਾਕਿਫ ਹੈ ਕਿ ਕੇਂਦਰ ਵਿੱਚਲੀ ਉਸਦੀ ਸਿਆਸੀ ਤੇ ਸੱਤਾ ਵਿੱਚ ਭਾਈਵਾਲ ਪਾਰਟੀ ਭਾਜਪਾ ,ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੇ ਖਿਲਾਫ ਹੈ ਤੇ ਭਾਜਪਾ ਦੇਸ਼ ਦੇ ਦਰਿਆਵਾਂ ਨੂੰ ਆਪਸ ਵਿੱਚ ਜੋੜੇ ਜਾਣ ਦਾ ਐਲਾਨ ਪਹਿਲਾਂ ਹੀ ਕਰ ਚੁੱਕੀ ਹੈ। ਇਸ ਦਸਤਾਵੇਜੀ ਫਿਲਮ ਵਿਚ 14 ਦਸੰਬਰ 1920 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋਈ ਸਥਾਪਨਾ ਤੋਂ ਸਾਕਾ ਨਨਕਾਣਾ ਸਾਹਿਬ, ਪੰਜਾ ਸਾਹਿਬ, ਮੋਰਚਾ ਗੁਰੂ ਕਾ ਬਾਗ਼, ਚਾਬੀਆਂ ਦਾ ਮੋਰਚਾ ਤੋਂ ਲੈ ਕੇ ਪੰਜਾਬੀ ਸੂਬੇ ਦੀ ਪ੍ਰਾਪਤੀ ਦਾ ਜ਼ਿਕਰ ਮਿਲਦਾ ਹੈ। ਦਸਤਾਵੇਜੀ ਫ਼ਿਲਮ ਦੇ ਕੁੱਝ ਤੱਥਾਂ ਨੂੰ ਤਸਦੀਕ ਕਰਨ ਲਈ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ, ਸੀਨੀ; ਮੀਤ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਦਿੱਲੀ ਕਮੇਟੀ ਪਰਧਾਨ ਮਨਜੀਤ ਸਿੰਘ ਜੀ.ਕੇ., ਡਾ. ਦਲਜੀਤ ਸਿੰਘ ਚੀਮਾ ਤੋਂ ਇਲਾਵਾ ਇਤਿਹਾਸਕਾਰ ਡਾ. ਕਿਰਪਾਲ ਸਿੰਘ, ਸਾਬਕਾ ਮੈਂਬਰ ਰਾਜ ਸਭਾ ਸ. ਤਰਲੋਚਨ ਸਿੰਘ, ਕੁਲਦੀਪ ਨਈਅਰ, ਚਰਨਜੀਤ ਸਿੰਘ ਅਟਵਾਲ, ਪੱਤਰਕਾਰ ਜਗਤਾਰ ਸਿੰਘ, ਸਾਬਕਾ ਮੀਡੀਆ ਸਲਾਹਕਾਰ ਹਰਚਰਨ ਬੈਂਸ ਦਾ ਸਹਾਰਾ ਲਿਆ ਗਿਆ ਹੈ।ਦਸਤਾਵੇਜੀ ਫ਼ਿਲਮ ਵਿਚ ਇਹ ਤਾਂ ਜ਼ਰੂਰ ਦਸਿਆ ਗਿਆ ਹੈ ਕਿ ਅਕਾਲੀ ਦਾ ਮਤਲਬ 'ਇਕ ਅਕਾਲ ਪੁਰਖ ਦੀ ਹੋਂਦ ਨੂੰ ਮੰਨਣ ਵਾਲਾ' ਹੈ ਤੇ ਅਕਾਲੀ ਦਲ ਨੇ ਹਮੇਸ਼ਾ ਹੀ ਹੱਕਾਂ ਤੇ ਹਕੂਕਾਂ ਦੀ ਜੰਗ ਲੜੀ ਹੈ। ਪਾਰਟੀ  ਸਵੀਕਾਰਦੀ ਹੈ ਕਿ 1973 ਵਿਚ ਅਪਣਾਇਆ ਅਨੰਦਪੁਰ ਸਾਹਿਬ ਦਾ ਮਤਾ, ਭਾਰਤੀ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਗੱਲ ਕਰਦਾ ਹੈ ਤੇ ਦਲ ਨੇ ਐਮਰਜੈਂਸੀ ਦਾ ਵਿਰੋਧ ਇਸ ਲਈ ਕੀਤਾ ਸੀ ਕਿ ਦੇਸ਼ ਨੂੰ ਇਕ ਹੋਰ ਗੁਲਾਮੀ ਵਲ ਤੋਰਿਆ ਜਾ ਰਿਹਾ ਸੀ। ਦਲ ਨੇ ਜਦ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਤਾਂ ਨਾਰਾਜ਼ ਇੰਦਰਾ ਨੇ 1977 ਵਿਚ ਬਣੀ ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਭੰਗ ਕਰ ਕੇ ਰਾਸ਼ਟਰਪਤੀ ਰਾਜ ਲਾਗੂ ਕਰ ਦਿਤਾ।

SHARE ARTICLE
Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement