
ਬਾਲੀਵੁੱਡ ਦੀ ਮਰਹੂਮ ਸ਼੍ਰੀਦੇਵੀ ਦੀ ਵੱਡੀ ਧੀ ਜਾਹਨਵੀ ਜਲਦ ਹੀ ਸੁਨਹਿਰੀ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ। ਜਾਹਨਵੀ ਫਿਲਮ ਧੜਕ ਤੋਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰ ਰਹੀ ਹੈ ਜਿਸ ਦੇ ਚਲਦਿਆਂ ਬੀਤੇ ਦਿਨੀਂ ਜਾਹਨਵੀ ਵਾਪਿਸ ਸ਼ੂਟਿੰਗ 'ਤੇ ਪਰਤ ਆਈ ਹੈ। ਤੁਹਾਨੂੰ ਦੱਸ ਦੇਈਏ ਕਿ 24 ਫਰਵਰੀ ਨੂੰ ਮਾਂ ਸ਼੍ਰੀ ਦੇਵੀ ਦੇ ਦਿਹਾਂਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੀ ਜਾਹਨਵੀ ਕਾਫੀ ਸਮੇਂ ਤੋਂ ਸ਼ੂਟਿੰਗ ਤੋਂ ਦੂਰ ਸੀ ਪਰ ਹੁਣ ਇਕ ਵਾਰ ਫਿਰ ਸ਼੍ਰੀ ਦੀ ਲਾਡਲੀ ਦੀ ਜ਼ਿੰਦਗੀ ਟਰੈਕ 'ਤੇ ਆਉਣ ਲੱਗ ਗਈ ਹੈ। ਜਿਸ ਦੀ ਪਹਿਲੀ ਝਲਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਥੇ ਜਾਹਨਵੀ ਸ਼ੂਟਿੰਗ ਦੌਰਾਨ ਸਾੜੀ ਪਹਿਨੀ ਨਜ਼ਰ ਆ ਰਹੀ ਹੈ। ਜਿਥੇ ਉਹ ਹੂਬਹੂ ਆਪਣੀ ਮਾਂ ਦੀ ਹਿੰਗਲਿਸ਼ ਵਿੰਗਲਿਸ਼ ਵਾਲੀ ਲੁੱਕ 'ਚ ਹੀ ਨਜ਼ਰ ਆ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਕਰਨ ਜੌਹਰ ਦੀ ਧਰਮ ਪ੍ਰੋਡਕਸ਼ਨ ਹੇਠਾਂ ਬਣ ਰਹੀ ਫਿਲਮ 'ਧੜਕ' ਦੀ ਸ਼ੂਟਿੰਗ ਦੌਰਾਨ ਜਾਹਨਵੀ ਕਪੂਰ ਕਾਫੀ ਉਦਾਸ ਨਜ਼ਰ ਆ ਰਹੀ ਸੀ। ਹਾਲਾਂਕਿ ਕਿ ਸ਼ੂਟਿੰਗ ਦੀ ਸਾਰੀ ਹੀ ਟੀਮ ਜਾਹਨਵੀ ਨੂੰ ਖੁਸ਼ਨੁਮਾ ਮਾਹੌਲ ਦੇਣ ਦੀ ਕੋਸ਼ਿਸ਼ ਕਰ ਰਹੀ ਸੀ।ਮੰਨਿਆ ਜਾਂਦਾ ਹੈ ਕਿ ਕਰਨ ਜੌਹਰ ਸ਼੍ਰੀਦੇਵੀ ਦੇ ਕਾਫੀ ਕਰੀਬੀ ਦੋਸਤ ਰਹੇ ਹਨ ਅਤੇ ਹੁਣ ਕਰਨ ਆਪਣੀ ਦੋਸਤ ਦੀ ਧੀ ਨੂੰ ਸੰਭਾਲ ਰਹੇ ਹਨ ਅਤੇ ਉਹਨਾਂ ਨੇ ਫਿਲਮ ਦੀ ਪੂਰੀ ਟੀਮ ਨੂੰ ਵੀ ਕਹਿ ਚੁੱਕੇ ਹਨ ਕਿ ਜਾਹਨਵੀ 'ਤੇ ਸ਼ੂਟਿੰਗ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਪਾਇਆ ਜਾਵੇ। ਕਾਬਿਲੇਗੌਰ ਹੈ ਕਿ ਹਾਲ ਹੀ 'ਚ ਜਾਹਨਵੀ ਦਾ 21ਵਾਂ ਜਨਮਦਿਨ ਮਨਾ ਕੇ ਕਪੂਰ ਖਾਨਦਾਨ ਨੇ ਜਾਹਨਵੀ ਨੂੰ ਇਕ ਖੁਸ਼ੀ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ।
ਦੱਸ ਦੇਈਏ ਕਿ ਜਾਹਨਵੀ ਦੇ ਨਾਲ ਫਿਲਮ ਧੜਕ ਵਿਚ ਬਾਲੀਵੁਡ ਅਦਾਕਾਰ ਸ਼ਾਹਿਦ ਕਪੂਰ ਦਾ ਛੋਟਾ ਭਰਾ "ਈਸ਼ਾਨ ਖੱਟੜ" ਅਹਿਮ ਭੂਮਿਕਾ 'ਚ ਨਜ਼ਰ ਆਵੇਗਾ। ਫਿਲਮ ਇਸ ਸਾਲ 20 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ 'ਧੜਕ' ਫਿਲਮ ਮਰਾਠੀ ਸੁਪਰਹਿੱਟ ਫਿਲਮ 'ਸੈਰਾਟ' ਦਾ ਰੀਮੇਕ ਹੈ। ਸ਼੍ਰੀ ਦੇਵੀ ਦੇ ਫੈਨਸ ਨੂੰ ਹੁਣ ਇੰਤਜ਼ਾਰ ਹੈ ਜਾਹਨਵੀ ਦਾ ਅਤੇ ਦੇਖਣਾ ਹੋਵੇਗਾ ਕਿ ਮਾਂ ਦੀ ਤਰ੍ਹਾਂ ਬੇਟੀ ਆਪਣਾ ਕੀ ਕਮਾਲ ਦਿਖਾਉਂਦੀ ਹੈ। ਲੋਕਾਂ ਨੂੰ ਕਾਫੀ ਉਮੀਦਾਂ ਹਨ ਅਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਜਾਹਨਵੀ ਦੀ ਇਹ ਫਿਲਮ ਸਫਲਤਾ ਦੀ ਬੁਲੰਦੀਆਂ ਨੂੰ ਛੂਹੇ ਅਤੇ ਆਪਣੀ ਮਾਂ ਦੇ ਸੁਪਨੇ ਨੂੰ ਪੂਰਾ ਕਰ ਸਕੇ।