ਬੱਚਿਉ, ਊਠ ਵਿਚ ਕਈ ਹਫ਼ਤੇ ਪਾਣੀ ਅਤੇ ਭੋਜਨ ਤੋਂ ਬਗੈਰ ਰਹਿਣ ਦੀ ਯੋਗਤਾ ਹੁੰਦੀ ਹੈ। ਉਸ ਦੀ ਪਿੱਠ ਉਤੇ ਢੁੱਠ ਹੁੰਦੀ ਹੈ। ਇਸ ਵਿਚ 13 ਤੋਂ 30 ਕਿਲੋਗ੍ਰਾਮ ਚਰਬੀ ਜਮ੍ਹਾਂ ਹੋ ਸਕਦੀ ਹੈ।
ਜਦੋਂ ਊਠ ਨੂੰ ਭੋਜਨ ਤੇ ਪਾਣੀ ਦੀ ਕਮੀ ਆਉਂਦੀ ਹੈ ਤਾਂ ਉਸ ਸਮੇਂ ਢੁੱਠ ਵਿਚ ਜਮਾਂ ਚਰਬੀ ਦੀ ਵਰਤੋਂ ਕਰਦਾ ਹੈ। ਚਰਬੀ ਦੇ ਅਪਘਟਣ ਸਮੇਂ ਹਾਈਡ੍ਰੋਜਨ ਪੈਦਾ ਹੁੰਦੀ ਹੈ। ਇਹ ਹਾਈਡ੍ਰੋਜਨ ਸਾਹ ਰਾਹੀਂ ਲਈ ਗਈ ਆਕਸੀਜਨ ਨਾਲ ਕਿਰਿਆ ਕਰ ਕੇ ਪਾਣੀ ਬਣਾਉਂਦੀ ਹੈ। ਇਹ ਪਾਣੀ ਊਠ ਦੇ ਸ੍ਰੀਰ ਵਿਚ ਪਾਣੀ ਦੀ ਕੁੱਲ ਮਾਤਰਾ ਦੀ ਪੂਰਤੀ ਕਰਦਾ ਹੈ। ਚਰਬੀ ਦੇ ਅਪਘਟਣ ਸਮੇਂ ਊਰਜਾ ਪੈਦਾ ਹੁੰਦੀ ਹੈ। ਇਸ ਊਰਜਾ ਨੂੰ ਊਠ ਕੰਮ ਕਰਨ ਲਈ ਵਰਤਦਾ ਹੈ। ਜਿਹੜੀ ਊਰਜਾ ਊਠ ਨੂੰ ਭੋਜਨ ਤੋਂ ਮਿਲਦੀ ਸੀ, ਹੁਣ ਉਸ ਨੂੰ ਚਰਬੀ ਦੇ ਅਪਘਟਣ ਸਮੇਂ ਪੈਦਾ ਹੋਈ ਊਰਜਾ ਤੋਂ ਮਿਲਦੀ ਹੈ। ਊਠ ਦੇ ਮਿਹਦੇ ਦੇ ਲਿਉਮਨ ਦੀਆਂ ਕੰਧਾਂ ਵਿਚ ਫ਼ਲਾਸਕ ਦੀ ਸਕਲ ਦੀਆਂ ਦੋ ਥੈਲੀਆਂ ਹੁੰਦੀਆਂ ਹਨ। ਇਨ੍ਹਾਂ ਥੈਲੀਆਂ ਵਿਚ ਪਾਣੀ ਹੁੰਦਾ ਹੈ।

ਜਦੋਂ ਪਾਣੀ ਦੀ ਘਾਟ ਆਉਂਦੀ ਹੈ ਤਾਂ ਊਠ, ਥੈਲੀਆਂ ਦੇ ਪਾਣੀ ਦੀ ਵਰਤੋਂ ਵੀ ਕਰਦਾ ਹੈ। ਢੁੱਠ ਵਿਚ ਜਮ੍ਹਾਂ ਚਰਬੀ ਅਤੇ ਪਾਣੀ ਦੀਆਂ ਥੈਲੀਆਂ ਕਾਰਨ ਊਠ ਕਈ ਦਿਨ ਪਾਣੀ ਤੋਂ ਬਗੈਰ ਰਹਿ ਸਕਦਾ ਹੈ। ਊਠ ਰੇਤ ਤੇ ਕਿਵੇਂ ਚਲਦਾ ਹੈ? ਊਠ ਦੇ ਪੈਰ ਦੀਆਂ ਦੋ ਉਂਗਲਾਂ ਹੁੰਦੀਆਂ ਹਨ। ਉਂਗਲਾਂ ਹੇਠ ਇਕ ਝਿੱਲੀ ਹੁੰਦੀ ਹੈ ਜਿਹੜੀ ਉਂਗਲਾਂ ਨੂੰ ਹੇਠੋਂ ਜੋੜਦੀ ਹੈ। ਇਸ ਦੇ ਪੈਰ ਵੱਡੇ ਤੇ ਚਪਟੇ ਹੁੰਦੇ ਹਨ। ਪੈਰਾਂ ਵਿਚ ਚਰਬੀ ਦੀ ਗੱਦੀ ਹੁੰਦੀ ਹੈ। ਜਦੋਂ ਊਠ ਪੈਰਾਂ ਨੂੰ ਧਰਤੀ ਤੇ ਰਖਦਾ ਹੈ ਤਾਂ ਪੈਰ ਫੈਲ ਜਾਂਦੇ ਹਨ ਕਿਉਂਕਿ ਪੈਰਾਂ ਵਿਚ ਚਰਬੀ ਫੈਲ ਜਾਂਦੀ ਹੈ। ਪੈਰਾਂ ਦਾ ਖੇਤਰਫਲ ਵੱਧ ਜਾਂਦਾ ਹੈ। ਪੈਰਾਂ ਦਾ ਖੇਤਰਫਲ ਵਧਣ ਕਾਰਨ ਪੈਰਾਂ ਤੇ ਘੱਟ ਦਬਾਅ ਪੈਂਦਾ ਹੈ। ਪੈਰ ਰੇਤ ਵਿਚ ਧਸਦੇ ਨਹੀਂ ਹਨ ਜਿਸ ਕਾਰਨ ਊਠ ਰੇਤ ਉਤੇ ਚਲ ਸਕਦਾ ਹੈ। ਊਠ ਦੀਆਂ ਤਿੰਨ ਪਲਕਾਂ ਕਿਉਂ ਹੁੰਦੀਆਂ ਹਨ? ਊਠ ਦੀ ਇਕ ਪਲਕ ਅੱਖ ਦੇ ਉਪਰ ਅਤੇ ਦੂਸਰੀ ਅੱਖ ਦੇ ਹੇਠਾਂ ਹੁੰਦੀ ਹੈ। ਤੀਸਰੀ ਪਲਕ ਅੱਖ ਦੇ ਕਿਨਾਰੇ ਤੇ ਹੁੰਦੀ ਹੈ। ਇਹ ਪਤਲੀ ਅਤੇ ਪਾਰਦਰਸ਼ੀ ਹੁੰਦੀ ਹੈ। ਜਦੋਂ ਰੇਗਿਸਤਾਨ ਵਿਚ ਤੂਫ਼ਾਨ ਆਉਂਦਾ ਹੈ ਤਾਂ ਊਠ ਤੀਸਰੀ ਪਲਕ ਨਾਲ ਅੱਖ ਨੂੰ ਢੱਕ ਲੈਂਦਾ ਹੈ। ਇਸ ਪਲਕ ਵਿਚੋਂ ਉਹ ਵੇਖ ਸਕਦਾ ਹੈ। ਇਹ ਪਲਕ ਅੱਖ ਵਿਚ ਰੇਤ ਜਾਣ ਤੋਂ ਰੋਕਦੀ ਹੈ।
ਊਠ ਦੇ ਗੋਡਿਆਂ ਤੇ ਮੋਟੀ ਚਮੜੀ ਕਿਉਂ ਹੁੰਦੀ ਹੈ?ਦਿਨ ਸਮੇਂ ਰੇਤ ਗਰਮ ਹੁੰਦੀ ਹੈ। ਊਠ ਗੋਡਿਆਂ ਭਾਰ ਬੈਠਦਾ ਹੈ। ਗੋਡਿਆਂ ਤੇ ਚਮੜੀ ਮੋਟੀ ਅਤੇ ਸਖ਼ਤ ਹੁੰਦੀ ਹੈ। ਇਹ ਮੋਟੀ ਚਮੜੀ ਗੋਡਿਆਂ ਨੂੰ ਗਰਮੀ ਤੋਂ ਬਚਾਉਂਦੀ ਹੈ। -ਕਰਨੈਲ ਸਿੰਘ ਰਾਮਗੜ੍ਹ,
end-of