
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕਿਸਾਨਾਂ ਨੇ ਕਿਸੇ ਵੀ ਪੱਤਰਕਾਰ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ) - ਕਿਸਾਨਾਂ ਦੀ 26 ਜਨਵਰੀ ਨੂੰ ਹੋਈ ਟਰੈਕਟਰ ਰੈਲੀ ਨੂੰ ਲੈ ਕੇ ਕਈ ਫਰਜ਼ੀ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਕਈ ਫਰਜ਼ੀ ਅਕਾਊਂਟਸ ਤੋਂ ਇਕੋਂ ਮਨਘੜਤ ਕਹਾਣੀ ਸ਼ੇਅਰ ਕਰ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨਾਂ ਨੇ ਪੱਤਰਕਾਰਾਂ 'ਤੇ ਟਰੈਕਟਰ ਚੜਾਉਣ ਅਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਕਿਸਾਨਾਂ ਨੇ ਕਿਸੇ ਵੀ ਪੱਤਰਕਾਰ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਹੈ। ਵਾਇਰਲ ਦਾਅਵਾ ਫਰਜ਼ੀ ਅਕਾਊਂਟਸ ਤੋਂ ਕੀਤਾ ਗਿਆ ਹੈ ਅਤੇ ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਫੈਲਾਇਆ ਜਾ ਰਿਹਾ ਹੈ।
ਵਾਇਰਲ ਟਵੀਟ
ਫੇਸਬੁੱਕ ਪੇਜ਼ Ajay Mishra VandeMataram ਨੇ 30 ਜਨਵਰੀ ਨੂੰ ਵਾਇਰਲ ਪੋਸਟ ਸ਼ੇਅਰ ਕੀਤੀ। ਪੋਸਟ ਵਿਚ ਲਿਖਿਆ ਸੀ, “आज रिपोर्टिंग करते समय इन तथाकथित किसानों का जो तांडव देखा वो अपने पत्रकारिता करियर में कभी नहीं देखा। आज इन्होंने ने मुझपर भी ट्रैक्टर चढ़ाने और तलवार से हमले की कोशिश की। अश्लील हरकतें और बदसलूकी की गयी । माईक को छीनकर तोङने कि कोशिश की। ये किसान संगठन है या कोई और संगठन ??”
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਅਸੀਂ ਦੇਖਿਆ ਕਿ ਇਕੋ ਘਟਨਾ ਨੂੰ ਕਈ ਫੇਸਬੁੱਕ ਅਤੇ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਕੋ ਕਹਾਣੀ ਨੂੰ ਸਾਰੇ ਯੂਜ਼ਰਸ ਕਾਪੀ ਪੇਸਟ ਕਰ ਕੇ ਸ਼ੇਅਰ ਕਰ ਰਹੇ ਹਨ। ਇਸ ਘਟਨਾ ਦੀ ਜਾਣਕਾਰੀ ਦੇਣ ਵਾਲਿਆਂ ਵਿਚ @NehakiNews ਟਵਿੱਟਰ ਹੈਂਡਲ ਵੀ ਸ਼ਾਮਲ ਹੈ, @NehakiNews ਨੇ ਆਪਣੀ ਬਾਇਓ ਵਿਚ ਖ਼ੁਦ ਨੂੰ @abpnews, @zeenews ਦੀ ਸਾਬਕਾ ਪੱਤਰਕਾਰ ਦੱਸਿਆ ਹੈ। @NehakiNews ਦੇ ਟਵੀਟ ਨੂੰ 4 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਰੀਟਵੀਟ ਕੀਤਾ ਹੈ।
ਇਸ ਦੇ ਨਾਲ ਹੀ ਆਪਣੀ ਪੜਤਾਲ ਦੌਰਾਨ ਅਸੀਂ ਪਾਇਆ ਕਿ ਸਭ ਤੋਂ ਪਹਿਲਾਂ ਟਵੀਟ @NehakiNews ਦੇ ਅਕਾਊਂਟ ਤੋਂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਸੇ ਟਵੀਟ ਨੂੰ ਕਾਪੀ ਕਰ ਕੇ ਇਕੋ ਸਮੇਂ 'ਤੇ @News4India ਦੇ ਟਵਿੱਟਰ ਅਕਾਊਂਟ ਤੋਂ ਵੀ ਵਾਇਰਲ ਟਵੀਟ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਜਦੋਂ ਅਸੀਂ @NehakiNews ਦੇ ਪੁਰਾਣੇ ਕੀਤੇ ਟਵੀਟ ਦੇ ਜਵਾਬ ਦੇਖੇ ਤਾਂ ਅਸੀਂ ਪਾਇਆ ਕੇ ਇਸ ਟਵਿੱਟਰ ਹੈਂਡਲ ਦੇ ਪਹਿਲਾਂ ਵੀ ਕਈ ਵਾਰ ਨਾਮ ਬਦਲ ਕੇ ਰੱਖੇ ਗਏ ਸਨ। ਜੋ ਕਿ ਇਸ ਪ੍ਰਕਾਰ ਹਨ। @IASUrmila, @News4India @Nehajoshinews
ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ @NehakiNews ਨੇ ਪਹਿਲਾਂ ਵੀ ਆਪਣੇ ਅਕਾਊਂਟ ਦੇ ਫਰਜ਼ੀ ਨਾਮ ਰੱਖੇ ਹਨ ਅਤੇ ਜਿਸ ਟਵਿੱਟਰ ਅਕਾਊਂਟ ਤੋਂ ਵਾਇਰਲ ਟਵੀਟ ਕੀਤਾ ਗਿਆ ਹੈ ਉਹ ਵੀ ਫਰਜ਼ੀ ਅਕਾਊਂਟ ਹੈ ਅਤੇ ਵਾਇਰਲ ਦਾਅਵਾ ਵੀ ਮਨਘੜਤ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਅਜਿਹੀਆਂ ਖ਼ਬਰਾਂ ਸਰਚ ਕਰਨੀਆਂ ਸ਼ੁਰੂ ਕੀਤੀਆਂ ਜਿਸ ਵਿਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੋਵੇ ਕਿ 26 ਜਨਵਰੀ ਵਾਲੇ ਦਿਨ ਪੱਤਰਕਾਰਾਂ ਨਾਲ ਬਦਸਲੂਕੀ ਹੋਈ ਹੈ। ਆਪਣੀ ਸਰਚ ਦੌਰਾਨ ਸਾਨੂੰ ਕੋਈ ਵੀ ਅਜਿਹੀ ਖ਼ਬਰ ਨਹੀਂ ਮਿਲੀ ਕਿ ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਨੇ ਕਿਸੇ ਵੀ ਪੱਤਰਕਾਰ ਉੱਤੇ ਟਰੈਕਟਰ ਚੜ੍ਹਾ ਕੇ ਜਾਂ ਫਿਰ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਅਧਾਰ ਬਣਾ ਕੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ @News4India ਨਾਮ ਦੇ ਟਵਿੱਟਰ ਯੂਜ਼ਰ ਦੇ ਫਰਜ਼ੀ ਅਕਾਊਂਟ ਤੋਂ ਵੀ ਵਾਇਰਲ ਪੋਸਟ ਸ਼ੇਅਰ ਕੀਤੀ ਮਿਲੀ। ਇਸ ਅਕਾਊਂਟ 'ਤੇ ਪਾਕਿਸਤਾਨ ਦੀ ਇਕ ਪੱਤਰਕਾਰ qurat ul ain iqrar ਦੀ ਤਸਵੀਰ ਇਸਤੇਮਾਲ ਕੀਤੀ ਮਿਲੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਫਰਜ਼ੀ ਅਕਾਊਂਟ ਵਿਚ ਪਾਕਿਸਤਾਨ ਦੀ ਪੱਤਰਕਾਰ ਦੀ ਤਸਵੀਰ ਇਸਤੇਮਾਲ ਕਰਨ ਦੇ ਸਬੰਘ ਵਿਚ ਪਾਕਿਸਤਾਨ ਦੀ ਪੱਤਰਕਾਰ ਇਕਰਾਰ ਨੇ ਇਕ ਟਵੀਟ ਵੀ ਕੀਤਾ ਹੈ। ਇਕਰਾਰ ਨੇ ਆਪਣੇ ਟਵੀਟ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ। ਇਕਰਾਰ ਨੇ ਆਪਣੇ ਟਵੀਟ ਵਿਚ ਫਰਜ਼ੀ ਪੋਸਟ ਦਾ ਇਕ ਲਿੰਕ ਵੀ ਸ਼ੇਅਰ ਕੀਤਾ ਹੈ ਅਤੇ ਟਵੀਟ ਵਿਚ ਲਿਖਿਆ, ''Fake ID Alert !! This is how fake accounts being used against protesting farmers''
ਵਾਇਰਲ ਪੋਸਟ ਬਾਰੇ ਅਸੀਂ ਆਪਣੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਭੋਗਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਉਹਨਾਂ ਦੀ ਮੌਜੂਦਗੀ ਵਿਚ 26 ਜਨਵਰੀ ਨੂੰ ਅਜਿਹੀ ਕੋਈ ਵੀ ਘਟਨਾ ਨਹੀਂ ਹੋਈ ਹੈ। ਉਹਨਾਂ ਨੇ ਵੀ ਇਸ ਵਾਇਰਲ ਪੋਸਟ ਨੂੰ ਫਰਜ਼ੀ ਦੱਸਿਆ ਹੈ।
ਨਤੀਜਾ- ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਟਵੀਟ ਨੂੰ ਫਰਜ਼ੀ ਪਾਇਆ ਹੈ। ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਨੇ ਕਿਸੇ ਵੀ ਪੱਤਰਕਾਰ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਹੈ। ਵਾਇਰਲ ਟਵੀਟ ਵਿਚ ਜੋ ਕਹਾਣੀ ਹੈ ਉਹ ਮਨਘੜਤ ਹੈ।
Claim - ਕਿਸਾਨਾਂ ਨੇ ਪੱਤਰਕਾਰਾਂ 'ਤੇ ਟਰੈਕਟਰ ਚੜਾਉਣ ਅਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।
Claimed By - Ajay Mishra VandeMataram
Fact Check - ਫਰਜ਼ੀ