ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬਾਹਰਲੇ ਪਰਿਸਰ 'ਚ ਚਿੱਟੀ ਸਾੜੀਆਂ ਪਾਏ ਔਰਤਾਂ ਨੂੰ ਹੱਥ 'ਚ ਨਸ਼ਿਆਂ ਖਿਲਾਫ ਬੈਨਰ ਫੜੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਵਿਖੇ ਲੋਕਾਂ ਨੇ ਨਸ਼ਿਆਂ ਖਿਲਾਫ ਧਰਨਾ ਲਾਇਆ।
ਟਵਿੱਟਰ ਯੂਜ਼ਰ Parminder Kaur ਨੇ ਇਹ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਸਿੱਖਾਂ ਦੇ ਵਿਰੁੱਧ ਸੋਚੀ ਸਮਝੀ ਸਾਜਿਸ਼, ਕੁੱਝ ਨਹੀ ਪਤਾ ਆਖਿਰ ਇਹ ਕਿਹੜੀ ਸੰਸਥਾ ਨਾਲ ਸੰਬੰਧਤ ਹਨ? ਸਿੱਖਾਂ ਦੇ ਖ਼ਿਲਾਫ਼ ਇਹ ਬਿਰਤਾਂਤ ਕੌਣ ਤੇ ਕਿਉਂ ਰੱਚਿਆ ਜਾ ਰਿਹਾ? ਸਰਕਾਰਾਂ ਨੇ ਕੁੱਝ ਨਹੀ ਕਰਨਾ ਸਾਨੂੰ ਆਪ ਨੂੰ ਹੀ ਹੱਥ-ਪੱਲਾ ਮਾਰਨਾ ਪੈਣਾ।✍️ ਪਰਮਿੰਦਰ ਕੌਰ"
ਸਿੱਖਾਂ ਦੇ ਵਿਰੁੱਧ ਸੋਚੀ ਸਮਝੀ ਸਾਜਿਸ਼ ,
— Parminder Kaur (@ParminderK86876) June 1, 2023
ਕੁੱਝ ਨਹੀ ਪਤਾ ਆਖਿਰ ਇਹ ਕਿਹੜੀ ਸੰਸਥਾ ਨਾਲ ਸੰਬੰਧਤ ਹਨ ?
ਸਿੱਖਾਂ ਦੇ ਖ਼ਿਲਾਫ਼ ਇਹ ਬਿਰਤਾਂਤ ਕੌਣ ਤੇ ਕਿਉਂ ਰੱਚਿਆ ਜਾ ਰਿਹਾ?
ਸਰਕਾਰਾਂ ਨੇ ਕੁੱਝ ਨਹੀ ਕਰਨਾ ਸਾਨੂੰ ਆਪ ਨੂੰ ਹੀ ਹੱਥ-ਪੱਲਾ ਮਾਰਨਾ ਪੈਣਾ।✍️
ਪਰਮਿੰਦਰ ਕੌਰ pic.twitter.com/O0Qr3hOYCG
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਕਿਸੇ ਧਰਨੇ ਦਾ ਨਹੀਂ ਹੈ। ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਇਹ ਕਿਸੇ ਧਰਨੇ ਦਾ ਵੀਡੀਓ ਨਹੀਂ ਹੈ।
ਹੁਣ ਵੇਖੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ ਵੱਡੇ ਬੈਨਰਾਂ 'ਤੇ "ਨਸ਼ਾ ਮੁਕਤ ਭਾਰਤ ਅਭਿਆਨ" ਲਿਖਿਆ ਹੋਇਆ ਹੈ।
ਅਸੀਂ ਇਸ ਮਾਮਲੇ ਨੂੰ ਲੈ ਕੇ ਜਾਣਕਾਰੀ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਕੀਤੇ। ਸਾਨੂੰ ਪਤਾ ਚਲਿਆ ਕਿ ਇਹ ਕੇਂਦਰ ਦੁਆਰਾ ਚਲਾਇਆ ਜਾ ਰਿਹਾ ਇੱਕ ਅਭਿਆਨ ਹੈ। ਸਾਨੂੰ ਵੱਖ-ਵੱਖ ਸੰਸਥਾਵਾਂ ਦਾ ਇਸ ਅਭਿਆਨ ਨੂੰ ਲੈ ਕੇ ਯੋਗਦਾਨ ਦਿੰਦੇ ਦੇ ਪੋਸਟ ਮਿਲੇ। ਅਜਿਹਾ ਹੀ ਇੱਕ ਸਾਨੂੰ ਵੀਡੀਓ ਮਿਲਿਆ ਜਿਸਦੇ ਵਿਚ ਸਮਾਨ ਕੱਪੜੇ ਪਾਏ ਔਰਤਾਂ ਨੂੰ ਵੇਖਿਆ ਜਾ ਸਕਦਾ ਸੀ ਅਤੇ ਅਸੀਂ ਇਹ ਵੀ ਪਾਇਆ ਕਿ ਇਸ ਪੋਸਟ ਵਿਚ ਸਾਂਝੇ ਕੀਤੇ ਗਏ ਵੀਡੀਓ ਵਿਚ ਸਮਾਨ ਝੰਡੇ ਵੀ ਵੇਖੇ ਜਾ ਸਕਦੇ ਹਨ।
ਸਾਨੂੰ 29 ਅਪ੍ਰੈਲ 2023 ਦਾ ਝਾਰ ਨਿਊਜ਼ ਨਾਂਅ ਦੇ ਪੇਜ ਤੋਂ ਸਾਂਝਾ ਕੀਤਾ ਇੱਕ ਵੀਡੀਓ ਮਿਲਿਆ ਜਿਸਦੇ ਨਾਲ ਕੈਪਸ਼ਨ ਦਿੱਤਾ ਗਿਆ ਸੀ, "नशा मुक्त भारत अभियान के तहत लातेहार थाना चौक मे नुक्कड़ नाटक करके समाज में एक अच्छा ससंदे दिया जा रहा है"
ਇਸ ਵੀਡੀਓ ਵਿਚ ਸਮਾਨ ਕੱਪੜੇ ਪਾਏ ਔਰਤਾਂ ਨੂੰ ਵੇਖਿਆ ਜਾ ਸਕਦਾ ਸੀ ਅਤੇ ਅਸੀਂ ਇਹ ਵੀ ਪਾਇਆ ਕਿ ਇਸ ਪੋਸਟ ਵਿਚ ਸਾਂਝੇ ਕੀਤੇ ਗਏ ਵੀਡੀਓ ਵਿਚ ਸਮਾਨ ਝੰਡੇ ਵੀ ਵੇਖੇ ਜਾ ਸਕਦੇ ਹਨ।
ਹੁਣ ਅਸੀਂ ਇਸ ਜਾਣਕਾਰੀ ਨੂੰ ਅਧਾਰ ਬਣਾਕੇ ਅਸੀਂ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ ਤਾਂ ਸਾਨੂੰ ਇਸ ਨੁੱਕੜ ਨਾਟਕ ਨੂੰ ਲੈ ਕੇ ਇੱਕ ਖਬਰ ਮਿਲੀ ਜਿਸਦੇ ਵਿਚ ਦੱਸਿਆ ਗਿਆ ਕਿ ਇਹ ਨੁੱਕੜ ਨਾਕਟ ਬ੍ਰਹਮਕੁਮਾਰੀ ਸੰਸਥਾ ਵੱਲੋਂ ਕਰਵਾਇਆ ਗਿਆ ਸੀ।
ਅਸੀਂ ਮਾਮਲੇ ਨੂੰ ਲੈ ਕੇ ਹੁਣ ਬ੍ਰਹਮਕੁਮਾਰੀ ਸੰਸਥਾ ਦੇ ਦਫਤਰਾਂ 'ਚ ਗੱਲ ਕਰਨੀ ਸ਼ੁਰੂ ਕੀਤੀ। ਅਸੀਂ ਇਸ ਸੰਸਥਾ ਦੇ ਅੰਮ੍ਰਿਤਸਰ ਦਫਤਰ 'ਚ ਗੱਲ ਕੀਤੀ। ਦਫਤਰ 'ਚ ਸੰਸਥਾ ਦੇ ਮੁਲਾਜ਼ਮ ਗੁਰਸ਼ਰਨ ਨੇ ਸਾਡੇ ਨਾਲ ਗੱਲ ਕਰਦਿਆਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਅਤੇ ਕਿਹਾ, "ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਗਲਤ ਹੈ। ਅਸੀਂ ਕੋਈ ਸਿੱਖਾਂ ਖਿਲਾਫ ਪ੍ਰਦਰਸ਼ਨ ਨਹੀਂ ਕੀਤਾ ਹੈ। ਇਹ ਸਾਡਾ ਪੂਰੇ ਭਾਰਤ 'ਚ ਚਲ ਰਿਹਾ ਅਭਿਆਨ ਹੈ।"
ਇਸ ਵੀਡੀਓ ਨੂੰ ਲੈ ਕੇ ਗੱਲ ਕਰਦਿਆਂ ਗੁਰਸ਼ਰਨ ਨੇ ਕਿਹਾ, "ਇਹ ਇੱਕ ਰੈਲੀ ਦਾ ਹਿੱਸਾ ਹੈ ਜਿਸਦੀ ਸ਼ੁਰੂਆਤ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਤੀ ਗਈ ਸੀ ਅਤੇ ਇਹ ਰੈਲੀ ਦੁਰਗਿਆਣਾ ਮੰਦਿਰ ਤੱਕ ਗਈ ਸੀ। ਇਸ ਰੈਲੀ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੁਆਰਾ ਕੀਤੀ ਗਈ ਸੀ। ਅਸੀਂ ਦਰਬਾਰ ਸਾਹਿਬ ਸਾਹਮਣੇ ਸਿੱਖਾਂ ਖਿਲਾਫ ਕੋਈ ਪ੍ਰਦਰਸ਼ਨ ਨਹੀਂ ਕੀਤਾ ਹੈ।"
ਇਸ ਸੰਸਥਾ ਦੇ ਸੀਨੀਅਰ ਪਵਨ ਗੁਪਤਾ ਨੇ ਸਾਡੇ ਨਾਲ WhatsApp 'ਤੇ ਮਾਮਲੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ। ਪਵਨ ਨੇ ਸਾਡੇ ਨਾਲ ਇਸ ਰੈਲੀ ਨੂੰ ਲੈ ਕੇ ਮੀਡੀਆ ਰਿਪੋਰਟਾਂ ਵੀ ਸਾਂਝੀ ਕੀਤੀਆਂ।
ਮਤਲਬ ਸਾਫ ਸੀ ਕਿ ਨਸ਼ਿਆਂ ਖਿਲਾਫ ਕੀਤੀ ਗਈ ਰੈਲੀ ਨੂੰ ਹੁਣ ਧਾਰਮਿਕ ਫਿਰਕੂ ਰੰਗ ਦੇ ਕੇ ਗੁੰਮਰਾਹਕੁਨ ਦਾਅਵੇ ਨਾਲ ਪ੍ਰਚਾਰਿਆ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਦਰਬਾਰ ਸਾਹਿਬ ਸਾਹਮਣੇ ਲਾਏ ਕਿਸੇ ਧਰਨੇ ਦਾ ਨਹੀਂ ਹੈ। ਇਹ ਵੀਡੀਓ ਬ੍ਰਹਮਕੁਮਾਰੀ ਸੰਸਥਾ ਦੇ ਲੋਕਾਂ ਦਾ ਹੈ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਦੁਰਗਿਆਣਾ ਮੰਦਿਰ ਤੱਕ ਜਾਗਰੂਕਤਾ ਰੈਲੀ ਕੱਢੀ ਸੀ। ਇਹ ਕਿਸੇ ਧਰਨੇ ਦਾ ਵੀਡੀਓ ਨਹੀਂ ਹੈ।