
ਇਹ ਤਸਵੀਰ ਜਾਪਾਨ ਦੀ ਤਾਂ ਹੈ ਪਰ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਪ੍ਰਸੰਗ ਗਲਤ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਮਾਰਮਿਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿਚ ਇੱਕ ਮੁੰਡੇ ਨੂੰ ਆਪਣੀ ਪਿੱਠ 'ਤੇ ਮ੍ਰਿਤਕ ਦੇਹ ਨੂੰ ਲੈ ਕੇ ਖੜਾ ਵੇਖਿਆ ਜਾ ਸਕਦਾ ਹੈ। ਹੁਣ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਾਪਾਨ 'ਚ ਹੋਏ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੀ ਤਸਵੀਰ ਹੈ ਜਦੋਂ ਇੱਕ ਮੁੰਡਾ ਆਪਣੀ ਪਿੱਠ 'ਤੇ ਆਪਣੇ ਭਰਾ ਦੀ ਦੇਹ ਨੂੰ ਲੈ ਕੇ ਇੱਕ ਸੈਨਿਕ ਨਾਲ ਗੱਲਬਾਤ ਕਰਦਾ ਹੈ। ਇਸੇ ਗੱਲਬਾਤ ਦਾ ਪ੍ਰਸੰਗ ਇਸ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਪੜ੍ਹੋ ਤਸਵੀਰ ਦਾ ਅਸਲ ਸੱਚ;
ਵਾਇਰਲ ਪੋਸਟ
ਫੇਸਬੁੱਕ ਯੂਜ਼ਰ Kulvir Singh Mann ਨੇ 29 ਅਕਤੂਬਰ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਜਾਪਾਨ ਵਿਚ, ਯੁੱਧ ਦੌਰਾਨ, ਇਸ ਲੜਕੇ ਨੇ ਆਪਣੇ ਮਰੇ ਹੋਏ ਭਰਾ ਨੂੰ ਦਫ਼ਨਾਉਣ ਲਈ ਆਪਣੀ ਪਿੱਠ 'ਤੇ ਚੁੱਕ ਲਿਆ। ਇੱਕ ਸਿਪਾਹੀ ਨੇ ਇਹ ਦੇਖਿਆ ਅਤੇ ਉਸਨੂੰ ਕਿਹਾ ਕਿ ਉਹ ਇਸ ਮਰੇ ਹੋਏ ਬੱਚੇ ਨੂੰ ਸੁੱਟ ਦੇਵੇ ਕਿਉਂਕਿ ਉਹ ਬਹੁਤ ਥੱਕ ਜਾਵੇਗਾ ਅਤੇ ਅੱਗੇ ਨਹੀਂ ਵਧ ਸਕਦਾ ਹੈ। ਉਸਨੇ ਜਵਾਬ ਦਿੱਤਾ: ਉਹ ਭਾਰਾ ਨਹੀਂ ਹੈ, ਉਹ ਮੇਰਾ ਭਰਾ ਹੈ! ਸਿਪਾਹੀ ਸਮਝ ਗਿਆ ਅਤੇ ਰੋ ਪਿਆ। ਇਹ ਚਿੱਤਰ ਉਦੋਂ ਤੋਂ ਜਾਪਾਨ ਵਿੱਚ ਏਕਤਾ ਦਾ ਪ੍ਰਤੀਕ ਬਣ ਗਿਆ ਹੈ। ਇਹ ਸਾਡੀ ਜਿੰਦਗੀ ਦਾ ਆਦਰਸ਼ ਬਣੇ: “ਇਹ ਭਾਰੀ ਨਹੀਂ ਹੈ।ਇਹ ਮੇਰਾ ਭਰਾ ਹੈ...ਉਹ ਮੇਰੀ ਭੈਣ ਹੈ। "ਜੇ ਡਿੱਗ ਜਾਵੇ ਤਾਂ ਚੁੱਕੋ, ਥੱਕ ਜਾਵੇ ਤਾਂ ਉਸਦੀ ਮਦਦ ਕਰੋ, ਅਤੇ ਜੇ ਉਸਦਾ ਸਹਾਰਾ ਕਮਜ਼ੋਰ ਹੈ,ਜੇ ਕੋਈ ਗਲਤੀ ਹੋ ਜਾਵੇ ਤਾਂ ਉਸਨੂੰ ਮਾਫ਼ ਕਰੋ, ਅਤੇ ਜੇ ਦੁਨੀਆ ਇਸਨੂੰ ਛੱਡ ਦੇਵੇ ਤਾਂ ਇਸਨੂੰ ਆਪਣੇ ਮੋਢਿਆਂ 'ਤੇ ਚੁੱਕੋ, ਕਿਉਂਕਿ ਇਹ ਭਾਰਾ ਨਹੀਂ ਹੈ. ਉਹ ਤੁਹਾਡਾ ਭਰਾ.."
ਪੜਤਾਲ
ਵਾਇਰਲ ਤਸਵੀਰ ਦੀ ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਸਰਚ ਦੌਰਾਨ ਸਾਨੂੰ ਵਾਇਰਲ ਤਸਵੀਰ alamy ਵੈੱਬਸਾਈਟ 'ਤੇ ਅਪਲੋਡ ਮਿਲੀ। ਦੱਸ ਦਈਏ ਕਿ ਇਹ ਵੈੱਬਸਾਈਟ ਤਸਵੀਰਾਂ ਦੇ ਕਲੈਕਸ਼ਨ ਸਬੰਧੀ ਨਾਮਵਰ ਵੈੱਬਸਾਈਟ ਹੈ। ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਤਸਵੀਰ ਦੂਜੇ ਵਿਸ਼ਵ ਯੁੱਧ ਨਾਲ ਸਬੰਧ ਰੱਖਦੀ ਹੈ।
ਹੁਣ ਇਥੋਂ ਅੱਗੇ ਵੱਧਦਿਆਂ ਅਸੀਂ ਕੀਵਰਡ ਸਰਚ ਨਾਲ ਜਾਣਕਾਰੀ ਲੱਭਣੀ ਸ਼ੁਰੂ ਕੀਤੀ। ਸਰਚ ਦੌਰਾਨ ਸਾਨੂੰ ਇਸ ਤਸਵੀਰ ਨਾਲ ਜੁੜਿਆ ਲੇਖ ww2wrecks ਨਾਂਅ ਦੀ ਵੈੱਬਸਾਈਟ 'ਤੇ ਅਪਲੋਡ ਮਿਲਿਆ। ਜਾਣਕਾਰੀ ਮੁਤਾਬਕ, ਇਸ ਤਸਵੀਰ ਨੂੰ ਅਮਰੀਕੀ ਮਰੀਨ ਅਧਿਕਾਰੀ ਅਤੇ ਫੋਟੋਗ੍ਰਾਫਰ Joseph O'Donnell ਨੇ ਖਿੱਚਿਆ ਸੀ। ਵੈਬਸਾਈਟ 'ਤੇ ਇਸ ਤਸਵੀਰ ਨੂੰ ਲੈ ਕੇ ਫੋਟੋਗ੍ਰਾਫਰ Joseph O'Donnell ਦੇ ਵਿਚਾਰ ਵੀ ਪ੍ਰਕਾਸ਼ਿਤ ਕੀਤੇ ਗਏ ਸਨ।
ਲੇਖ ਮੁਤਾਬਕ ਓ ਡੋਨੇਲ ਨੇ ਲਿਖਿਆ, “ਮੈਂ ਇੱਕ ਦਸ ਸਾਲ ਦੇ ਲੜਕੇ ਨੂੰ ਨੇੜੇ ਆਉਂਦਿਆਂ ਵੇਖਿਆ। ਉਹ ਆਪਣੀ ਪਿੱਠ 'ਤੇ ਇੱਕ ਬੱਚੇ ਨੂੰ ਲੈ ਕੇ ਜਾ ਰਿਹਾ ਸੀ। ਇਹ ਮੁੰਡਾ ਬਾਕੀ ਜਾਪਾਨੀ ਮੁੰਡਿਆਂ ਨਾਲੋਂ ਬਹੁਤ ਵੱਖਰਾ ਲੱਗ ਰਿਹਾ ਸੀ। ਮੈਨੂੰ ਪਤਾ ਸੀ ਕਿ ਉਹ ਮੁੰਡਾ ਕਿਸੇ ਜ਼ਰੂਰੀ ਕਾਰਨ ਇਸ ਥਾਂ ਆਇਆ ਹੈ। ਉਸਦੇ ਪੈਰਾਂ 'ਚ ਜੁੱਤੀ ਵੀ ਨਹੀਂ ਸੀ। ਉਸ ਦੀ ਪਿੱਠ 'ਤੇ ਇੱਕ ਬੱਚਾ ਸੀ ਜੋ ਸੁੱਤਾ ਹੋਇਆ ਜਾਪਦਾ ਸੀ। ਮੁੰਡਾ ਪੰਜ-ਦਸ ਮਿੰਟ ਉੱਥੇ ਖੜ੍ਹਾ ਰਿਹਾ। ਚਿੱਟੇ ਮਾਸਕ ਪਾਏ ਕੁਝ ਲੋਕ ਉਸਦੇ ਕੋਲ ਗਏ ਅਤੇ ਚੁੱਪਚਾਪ ਬੱਚੇ ਨੂੰ ਉਸਦੀ ਪਿੱਠ ਤੋਂ ਉਤਾਰਿਆ। ਉਸ ਸਮੇਂ ਮੈਨੂੰ ਅਹਿਸਾਸ ਹੋਇਆ ਕਿ ਉਸ ਦੀ ਪਿੱਠ 'ਤੇ ਬੱਚਾ ਮਰ ਚੁੱਕਾ ਸੀ। ਉਨ੍ਹਾਂ ਨੇ ਉਸ ਬੱਚੇ ਦਾ ਹੱਥ-ਪੈਰ ਫੜ ਕੇ ਅੱਗ ਹਵਾਲੇ ਕਰ ਦਿੱਤਾ। ਮੁੰਡਾ ਉੱਥੇ ਖੜ੍ਹਾ ਚੁੱਪਚਾਪ ਅੱਗ ਦੀਆਂ ਲਪਟਾਂ ਨੂੰ ਦੇਖਦਾ ਰਿਹਾ। ਕੁਝ ਦੇਰ ਬਾਅਦ ਮੁੰਡਾ ਚੁੱਪਚਾਪ ਚਲਾ ਗਿਆ।"
ਦੱਸ ਦਈਏ ਕਿ ਇਸ ਪੂਰੇ ਵੇਰਵੇ 'ਚ ਬੱਚੇ ਦੀ ਫੋਟੋਗ੍ਰਾਫਰ ਜਾਂ ਕਿਸੇ ਸਿਪਾਹੀ ਨਾਲ ਗੱਲਬਾਤ ਕਰਨ ਦਾ ਕੋਈ ਜ਼ਿਕਰ ਨਹੀਂ ਸੀ।
ਸਾਨੂੰ ਆਪਣੀ ਸਰਚ ਦੌਰਾਨ ਇਸ ਤਸਵੀਰ ਨੂੰ ਲੈ ਕੇ ਕਈ ਆਰਟੀਕਲ ਮਿਲੇ। ਸਾਰਿਆਂ ਅਨੁਸਾਰ ਇਸ ਤਸਵੀਰ ਬਾਰੇ ਓ ਡੋਨੇਲ ਦੁਆਰਾ ਪ੍ਰਕਾਸ਼ਿਤ ਵੇਰਵਾ ਸੀ ਜਿਸ ਅਨੁਸਾਰ ਇਕ ਲੜਕਾ ਆਪਣੇ ਭਰਾ ਦੀ ਲਾਸ਼ ਨੂੰ ਆਪਣੀ ਪਿੱਠ 'ਤੇ ਲੱਦ ਕੇ ਉਸ ਨੂੰ ਜਲਾਏ ਜਾਣ ਦੀ ਉਡੀਕ ਕਰ ਰਿਹਾ ਸੀ। ਇਨ੍ਹਾਂ ਵਿਚ ਕਿਤੇ ਵੀ ਉਸ ਮੁੰਡੇ ਦੇ ਕਿਸੇ ਸਿਪਾਹੀ ਨਾਲ ਗੱਲ ਕਰਨ ਦਾ ਜ਼ਿਕਰ ਨਹੀਂ ਸੀ।
ਦੱਸ ਦਈਏ ਕਿ ਸਾਨੂੰ ਇੱਕ ਆਰਟੀਕਲ ਵਿਚ ਫੋਟੋਗ੍ਰਾਫਰ ਜੋ ਓ ਡੋਨੇਲ ਦੇ ਬੇਟੇ ਦਾ ਇਸ ਤਸਵੀਰ ਨੂੰ ਲੈ ਕੇ ਬਿਆਨ ਮਿਲਿਆ ਜਿਸਦੇ ਵਿਚ ਉਸਨੇ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਤਸਵੀਰ ਜਾਪਾਨ ਦੀ ਤਾਂ ਹੈ ਪਰ ਤਸਵੀਰ ਨਾਲ ਸ਼ੇਅਰ ਕੀਤਾ ਜਾ ਰਿਹਾ ਪ੍ਰਸੰਗ ਗਲਤ ਹੈ।