
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਪਾਇਆ ਹੈ। ਵਾਇਰਲ ਇਸ ਵੀਡੀਓ ਦਾ ਨੂੰਹ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਨੂੰਹ ਹਿੰਸਾ 'ਚ ਮਾਹੌਲ ਭੜਕਾਉਣ ਵਾਲੇ ਆਗੂ ਬਿੱਟੂ ਬਜਰੰਗੀ ਨੂੰ ਰੋਂਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਿੱਟੂ ਬਜਰੰਗੀ ਨੇ ਹਰਿਆਣਾ ਵਿਚ ਨੂੰਹ ਹਿੰਸਾ ਤੋਂ ਬਾਅਦ ਗ੍ਰਿਫਤਾਰੀ ਦੇ ਡਰੋਂ ਰੋਣਾ ਸ਼ੁਰੂ ਕਰ ਦਿੱਤਾ ਹੈ।
ਫੇਸਬੁੱਕ ਪੇਜ ਰੌਣਕ ਮੇਲਾ ਨੇ 3 ਅਗਸਤ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਬਿੱਟੂ ਬਜਰੰਗੀ ਯਾਤਰਾ ਤੋਂ ਪਹਿਲਾਂ ਤੇ ਬਾਦ ਚ"
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਪਾਇਆ ਹੈ। ਵਾਇਰਲ ਇਸ ਵੀਡੀਓ ਦਾ ਨੂੰਹ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪੁਰਾਣਾ ਹੈ
ਸਾਨੂੰ ਇਹ ਵੀਡੀਓ 'Gurucharn singh dora bjp-Offical' ਨਾਂ ਦੇ ਫੇਸਬੁੱਕ ਪੇਜ ਤੋਂ 16 ਅਪ੍ਰੈਲ 2022 ਨੂੰ ਸਾਂਝਾ ਕੀਤਾ ਮਿਲਿਆ। ਦੱਸ ਦਈਏ ਇਹ ਵਾਇਰਲ ਵੀਡੀਓ ਦਾ ਪੂਰਾ ਭਾਗ ਹੈ। ਇਸ 'ਚ ਬਿੱਟੂ ਬਜਰੰਗੀ ਕਹਿ ਰਹੇ ਹਨ ਕਿ ਉਨ੍ਹਾਂ 'ਤੇ ਇਕ ਰੈਲੀ ਸਬੰਧੀ ਆਪਣੇ ਸਾਥੀਆਂ ਦੇ ਨਾਂ ਦੱਸਣ ਲਈ ਦਬਾਅ ਪਾਇਆ ਜਾ ਰਿਹਾ ਹੈ ਪਰ ਜੋ ਹੋਵੇ ਉਹ ਆਪਣੇ ਸਾਥੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕਰਣਗੇ।
ਵੀਡੀਓ ਨੂੰ ਸੁਣਨ ਤੋਂ ਬਾਅਦ ਪਤਾ ਚਲਦਾ ਹੈ ਕਿ ਬਿੱਟੂ ਬਜਰੰਗੀ 'ਤੇ ਰੈਲੀ 'ਚ ਤਲਵਾਰ ਲਹਿਰਾਉਣ ਦਾ ਦੋਸ਼ ਹੈ ਨਾਲ ਹੀ ਵਾਇਰਲ ਵੀਡੀਓ ਘੱਟੋ-ਘੱਟ ਇੱਕ ਸਾਲ ਤੋਂ ਇੰਟਰਨੈੱਟ 'ਤੇ ਮੌਜੂਦ ਹੈ।
ਹੋਰ ਸਰਚ ਕਰਨ 'ਤੇ ਸਾਨੂੰ 'ਫਰੀਦਾਬਾਦ ਨਿਊਜ਼' ਦੇ ਯੂਟਿਊਬ ਚੈਨਲ 'ਤੇ 13 ਅਪ੍ਰੈਲ 2022 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਇਹ ਬਿੱਟੂ ਬਜਰੰਗੀ ਦਾ ਵਾਇਰਲ ਵੀਡੀਓ ਨੂੰ ਲੈ ਕੇ ਇੰਟਰਵਿਊ ਸੀ। ਬਿੱਟੂ ਬਜਰੰਗੀ ਨੇ ਵਾਇਰਲ ਵੀਡੀਓ 'ਚ ਰੋਣ ਦਾ ਕਾਰਨ ਦੱਸਿਆ। ਬਿੱਟੂ ਬਜਰੰਗੀ ਦਾ ਕਹਿਣਾ ਸੀ ਕਿ 10 ਅਪ੍ਰੈਲ 2022 ਨੂੰ ਉਨ੍ਹਾਂ ਦੇ ਸੰਗਠਨ ਨੇ 'ਹਿੰਦੂ ਭਗਵਾ ਰੈਲੀ' ਕੱਢੀ ਸੀ। ਰੈਲੀ ਵਿੱਚ ਵੱਡੀ ਗਿਣਤੀ ਵਿੱਚ ਲੋਕ ਪੁੱਜੇ ਹੋਏ ਸਨ ਤੇ ਇਹ ਰੈਲੀ ਪੁਲਿਸ ਦੀ ਇਜਾਜ਼ਤ ਬਿਨਾਂ ਕੱਢੀ ਗਈ ਸੀ। ਇਸ ਰੈਲੀ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਪੁਰਾਣਾ ਹੈ ਅਤੇ ਇਸਦਾ ਨੂੰਹ 'ਚ ਹੋਈ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਪਾਇਆ ਹੈ। ਵਾਇਰਲ ਇਸ ਵੀਡੀਓ ਦਾ ਨੂੰਹ ਹਿੰਸਾ ਨਾਲ ਕੋਈ ਸਬੰਧ ਨਹੀਂ ਹੈ। ਇਹ ਵੀਡੀਓ 2022 ਦਾ ਹੈ ਜਦੋਂ ਪੁਲਿਸ ਦੀ ਇਜਾਜ਼ਤ ਤੋਂ ਬਗੈਰ ਕੱਢੀ ਇੱਕ ਰੈਲੀ ਤੋਂ ਬਾਅਦ ਬਿੱਟੂ ਨੂੰ ਪ੍ਰੇਸ਼ਾਨ ਕੀਤਾ ਗਿਆ ਸੀ।