
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੱਚਾ 2019 ਵਿਚ ਦਰਬਾਰ ਅੱਗਿਓ ਚੋਰੀ ਹੋਇਆ ਸੀ ਅਤੇ ਕੁੱਝ ਦਿਨ ਬਾਅਦ ਫਰੀਦਾਬਾਦ ਤੋਂ ਬਰਾਮਦ ਵੀ ਕਰ ਲਿਆ ਗਿਆ ਸੀ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਕੁੱਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ਵਿਚ ਇਕ ਵਿਅਕਤੀ ਨੂੰ ਛੋਟੇ ਬੱਚੇ ਦੇ ਨਾਲ ਦੇਖਿਆ ਜਾ ਸਕਦਾ ਹੈ। ਤਸਵੀਰਾਂ ਜਰੀਏ ਦਾਅਵਾ ਕੀਤਾ ਜਾ ਰਿਹਾ ਹੈ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜਿਓ ਵਿਅਕਤੀ ਨਾਲ ਦਿਖਾਈ ਦੇ ਰਿਹਾ ਚਾਰ ਸਾਲ ਦਾ ਬੱਚਾ ਅਗਵਾ ਕਰ ਲਿਆ ਗਿਆ ਹੈ। ਬੱਚੇ ਦਾ ਨਾਮ ਅਦਿਤਆ ਦੱਸਿਆ ਜ ਰਿਹਾ ਹੈ ਅਤੇ ਤਸਵੀਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਕਿਹਾ ਜਾ ਰਿਹਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਬੱਚਾ 2019 ਵਿਚ ਦਰਬਾਰ ਸਾਹਿਬ ਅੱਗਿਓ ਚੋਰੀ ਹੋਇਆ ਸੀ ਅਤੇ ਕੁੱਝ ਦਿਨ ਬਾਅਦ ਹਰਿਆਣਾ ਦੇ ਫਰੀਦਾਬਾਦ ਤੋਂ ਬਰਾਮਦ ਵੀ ਕਰ ਲਿਆ ਗਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ਼ Sikh Voice ਨੇ 8 ਮਾਰਚ ਨੂੰ ਵਾਇਰਲ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, ''ਕਿ੍ਪਾ ਕਰਕੇ ਸੇਅਰ. ਕਰਦੋ ਕੱਲ ਸ੍ਰੀ ਦਰਬਾਰ ਸਾਹਿਬ ਦੇ ਨੇੜੇਉ 4 ਸਾਲ ਦਾ ਬੱਚਾ ਇਹ ਵਿਅਕਤੀ ਨੇ ਅਗਵਾ ਕਰ ਲਿਆ ਅਗਰ ਕਿਸੇ ਨੁੰ ਇਸ ਦੀ ਜਾਣਕਾਰੀ ਮਿਲੇ ਤਾ ਪੁਲਿਸ ਨੁੰ ਸੁਚਿਤ ਕਰੋ ! ਬੱਚੇ ਦਾ ਨਾਮ ਅਦਿਤਅ ਹੈ''
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਤਸਵੀਰਾਂ ਨੂੰ ਧਿਆਨ ਨਾਲ ਦੇਖਿਆ। ਸਾਨੂੰ ਇਕ ਤਸਵੀਰ ਉੱਪਰ 10-11-2019 ਲਿਖਿਆ ਹੋਇਆ ਦਿਖਿਆ ਅਤੇ ਦੂਜੀ ਤਸਵੀਰ ਉੱਪਰ ਅੰਮ੍ਰਤਸਰ ਟੀਵੀ ਲਿਖਿਆ ਦਿਖਾਈ ਦਿੱਤਾ। ਇਸ ਦੇ ਨਾਲ ਕਈ ਯੂਜ਼ਰਸ ਨੇ ਕਮੈਂਟ ਬਾਕਸ ਵਿਚ ਇਸ ਨੂੰ ਪੁਰਾਣੀ ਵੀ ਦੱਸਿਆ ਸੀ।
ਅੱਗੇ ਵਧਦੇ ਹੋਏ ਅਸੀਂ ਵਾਇਰਲ ਪੋਸਟ ਨੂੰ ਧਿਆਨ 'ਚ ਰੱਖ ਕੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ Daily Ajit ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤਾ ਇਕ ਵਡੀਓ ਮਿਲਿਆ। ਇਹ ਵੀਡੀਓ 12 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਹੈੱਡਲਾਈਨ ਦਿੱਤੀ ਗਈ ਸੀ,''ਸ੍ਰੀ ਹਰਿਮੰਦਰ ਸਾਹਿਬ ਤੋਂ 4 ਸਾਲ ਦਾ ਬੱਚਾ ਅਗਵਾ, ਬੱਚਾ ਅਗਵਾ ਕਰਨ ਵਾਲੇ ਜੋੜੇ ਦੀ ਸੀ.ਸੀ.ਟੀ.ਵੀ ਫੁਟੇਜ ਤੇ ਤਸਵੀਰਾਂ ਆਈਆਂ ਸਾਹਮਣੇ''
ਜਦੋਂ ਅਸੀਂ ਵੀਡੀਓ ਦੇਖਿਆ ਤਾਂ ਸਾਨੂੰ ਵੀਡੀਓ ਵਿਚ ਵਾਇਰਲ ਹੋ ਰਹੀ ਇਕ ਤਸਵੀਰ ਵੀ ਮਿਲੀ। ਵੀਡੀਓ ਅਨੁਸਾਰ ਅਗਵਾ ਹੋਏ ਬੱਚੇ ਅਦਿਤਿਆ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਪਤਨੀ ਆਪਣੇ ਬੱਚੇ ਨਾਲ ਸ਼੍ਰੀ ਹਰਮੰਦਿਰ ਸਾਹਿਬ ਮੱਥਾ ਟੇਕਣ ਗਈ ਸੀ ਅਤੇ ਇਸ ਦੇ ਨਾਲ ਹੀ ਇਕ ਮਹਿਲਾ ਨੇ ਹਰਮੰਦਿਰ ਸਾਹਿਬ ਦੇ ਕੰਪਲੈਕਸ ਅੰਦਰ ਉਸ ਨਾਲ ਦੋਸਤੀ ਕਰ ਲਈ ਤੇ ਜਦੋਂ ਉਹ ਇਸ਼ਨਾਨ ਕਰਨ ਲਈ ਗਏ ਤਾਂ ਉਕਤ ਮਹਿਲਾ ਆਪਣੇ ਸਾਥੀ ਨਾਲ ਬੱਚਾ ਲੈ ਕੇ ਫਰਾਰ ਹੋ ਗਈ। ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਤਲਾਹ ਕੀਤੀ ਗਈ ਤਾਂ 161 ਦਾ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਸ ਦੇ ਨਾਲ ਹੀ ਸਾਨੂੰ सिटी होम न्यूज़ City Home News ਦੇ ਫੇਸਬੁੱਕ ਪੇਜ਼ 'ਤੇ ਇਸ ਮਾਮਲੇ ਨੂੰ ਲੈ ਕੇ ਵੀਡੀਓ ਅਪਲੋਡ ਕੀਤਾ ਮਿਲਿਆ। ਇਹ ਵੀਡੀਓ ਵੀ 15 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਹੈੱਡਲਾਈਨ ਦਿੱਤੀ ਗਈ ਸੀ, ''ਸ਼੍ਰੀ ਹਰਿਮੰਦਰ ਸਾਹਿਬ ਵਿੱਚ ਚਾਰ ਸਾਲ ਦਾ ਬਚਾ ਕੀਤਾ ਅਗਵਾ'' ਵੀਡੀਓ ਵਿਚ ਅਗਵਾ ਹੋਏ ਬੱਚੇ ਦੇ ਪਿਤਾ ਦੀ ਬਾਈਟ ਅਤੇ ਪੁਲਿਸ ਅਧਿਕਾਰੀ ਦੀ ਬਾਈਟ ਮੌਜੂਦ ਸੀ।
ਇਨ੍ਹੀਂ ਪੜਤਾਲ ਤੋਂ ਇਹ ਸਾਫ਼ ਹੋ ਗਿਆ ਹੈ ਕਿ ਖ਼ਬਰ 2 ਸਾਲ ਪੁਰਾਣੀ ਹੈ।
ਸਾਨੂੰ ਸਰਚ ਦੌਰਾਨ ਅੰਮ੍ਰਿਤਸਰ ਟੀਵੀ ਦੇ ਫੇਸਬੁੱਕ ਪੇਜ਼ 'ਤੇ ਅਪਲੋਡ ਕੀਤਾ ਅਸਲ ਪੋਸਟ ਵੀ ਮਿਲਿਆ। ਜਿਸ ਵਿਚ ਕਪੈਸ਼ਨ ਅਤੇ ਤਸਵੀਰਾਂ ਉਹੀ ਸਨ ਜੋ ਹੁਣ ਵਾਇਰਲ ਕੀਤੀਆਂ ਜਾ ਰਹੀਆਂ ਹਨ।
ਇਸ ਪੋਸਟ ਦੇ ਕਮੈਂਟ ਬਾਕਸ ਵਿਚ ਸਾਨੂੰ ਅੰਮ੍ਰਿਤਸਰ ਟੀਵੀ ਦੇ ਯੂਟਿਊਬ ਪੇਜ਼ 'ਤੇ ਅਪਲੋਡ ਕੀਤੀ ਵੀਡੀਓ ਦਾ ਲਿੰਕ ਮਿਲਿਆ। ਇਹ ਵੀਡੀਓ ਅਗਵਾ ਹੋਏ ਬੱਚੇ ਨੂੰ ਬਰਾਮਦ ਕਰਨ ਬਾਰੇ ਸੀ। ਇਹ ਵੀਡੀਓ 16 ਨਵੰਬਰ 2019 ਨੂੰ ਅਪਲੋਡ ਕੀਤਾ ਗਿਆ ਸੀ। ਵੀਡੀਓ ਨੂੰ ਕੈਪਸ਼ਨ ਦਿੱਤਾ ਗਿਆ ਸੀ, ''Amritsar tv / ਅੰਮਿ੍ਤਸਰ ਪੁਲਿਸ ਦੀ ਵੱਡੀ ਸਫਲਤਾ -ਬੱਚਾ ਬਰਾਮਦ''
ਇਸ ਤੋਂ ਬਾਅਦ ਅਸੀਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਅਗਵਾ ਹੋਇਆ ਬੱਚਾ ਬਰਾਮਦ ਕਰ ਲਿਆ ਗਿਆ ਹੈ ਜਾਂ ਨਹੀਂ। ਅਸੀਂ ਗੂਗਲ 'ਤੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ punjabi.abplive.com ਵੈੱਬਸਾਈਟ 'ਤੇ 15 November 2019 ਨੂੰ ਅਪਲੋਡ ਕੀਤੀ ਰਿਪੋਰਟ ਮਿਲੀ। ਰਿਪੋਰਟ ਦੀ ਹੈੱਡਲਾਈਨ ਸੀ,''ਦਰਬਾਰ ਸਾਹਿਬ ਤੋਂ ਅਗਵਾ ਬੱਚਾ ਬਰਾਮਦ, ਅੜਿੱਕੇ ਆਏ ਕਿਡਨੈਪਰ''
ਸਾਨੂੰ ਰਿਪੋਰਟ ਵਿਚ ਪੁਲਿਸ ਨਾਲ ਬੱਚੇ ਅਤੇ ਉਸ ਦੇ ਪਿਤਾ ਦੀ ਤਸਵੀਰ ਵੀ ਅਪਲੋਡ ਕੀਤੀ ਮਿਲੀ। ਰਿਪੋਰਟ ਅਨੁਸਾਰ 11 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਨੇੜੇ ਮੌਜੂਦ ਜੋੜਾ ਘਰ ਦੇ ਬਾਹਰੋਂ ਚਾਰ ਸਾਲਾ ਬੱਚਾ ਅਗਵਾ ਕੀਤਾ ਗਿਆ ਸੀ। ਇਸ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ ਬੱਚਾ ਬਰਾਮਦ ਕਰ ਲਿਆ ਹੈ। ਅਗਵਾ ਬੱਚਾ ਹਰਿਆਣਾ ਦੇ ਫਰੀਦਾਬਾਦ ਤੋਂ ਮਿਲਿਆ ਸੀ। ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਕੁਮਾਰ ਵਾਸੀ ਬਟਾਲਾ ਤੇ ਆਸ਼ਾ ਕੁਮਾਰੀ ਵਾਸੀ ਫਰੀਦਾਬਾਦ, ਹਰਿਆਣਾ ਵਜੋਂ ਹੋਈ ਹੈ।
ਪੂਰੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਬੱਚਾ ਬਰਾਮਦ ਕਰਨ ਨੂੰ ਲੈ ਕੇ ਪੰਜਾਬ ਨਿਊਜ਼ ਦੀ ਰਿਪੋਰਟ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਆਪਣੇ ਅੰਮ੍ਰਿਤਸਰ ਦੇ ਪੱਤਰਕਾਰ ਰਾਜੇਸ਼ ਕੁਮਾਰ ਨਾਲ ਗੱਲਬਾਤ ਕੀਤੀ। ਰਾਜੇਸ਼ ਕੁਮਾਰ ਨੇ ਅੱਗੇ ਸ੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਹਾਲ ਹੀ ਵਿਚ ਦਰਬਾਰ ਸਾਹਿਬ ਤੋਂ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਜੇ ਕੋਈ ਅਜਿਹੀ ਘਟਨਾ ਹੁੰਦੀ ਤਾਂ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਸਾਡੇ ਨਾਲ ਗੱਲਬਾਤ ਜ਼ਰੂਰ ਕਰਨੀ ਸੀ। ਇਸੇ ਦੇ ਨਾਲ ਹੀ ਰਾਜ਼ੇਸ਼ ਕੁਮਾਰ ਨੇ ਐਸਐਚਓ ਸਤਪਾਲ ਸਿੰਘ ਥਾਣਾ ਗਲਿਆਰਾ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਇਹੀ ਕਿਹਾ ਕਿ ਹਾਲ ਫਿਲਹਾਲ ਅਜਿਹਾ ਕੋਈ ਵੀ ਮਾਮਲੇ ਸਾਹਮਣੇ ਨਹੀਂ ਆਇਆ ਹੈ ਅਤੇ ਜੇ ਅਜਿਹਾ ਕੁੱਝ ਹੁੰਦਾ ਤਾਂ ਸਾਡੇ ਕੋਲ ਕੋਈ ਰਿਪੋਰਟ ਲਿਖਾਉਣ ਜ਼ਰੂਰ ਆਉਂਦਾ।
ਸੋ ਮਤਲਬ ਸਾਫ਼ ਹੈ ਕਿ ਵਾਇਰਲ ਹੋ ਰਹੀ ਖ਼ਬਰ ਪੁਰਾਣੀ ਹੈ ਜਿਸ ਨੂੰ ਹਾਲੀਆ ਦੱਸ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ - ਸਾਡੀ ਪੜਤਾਲ ਤੋਂ ਇਹ ਸਾਫ਼ ਹੁੰਦਾ ਹੈ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਖ਼ਬਰ 2019 ਦੀ ਹੈ ਜਿਸ ਨੂੰ ਮੁੜ ਤੋਂ ਵਾਇਰਲ ਕੀਤਾ ਜਾ ਰਿਹਾ ਹੈ।
Claim: 8 ਮਾਰਚ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜਿਓ ਚਾਰ ਸਾਲ ਦਾ ਬੱਚਾ ਅਗਵਾ
ClaimEd By: ਫੇਸਬੁੱਕ ਪੇਜ਼ Sikh Voice
Fact Check: ਫਰਜ਼ੀ