
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਨਾ ਚੋਧਰੀ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਇਹ ਦਾਅਵਾ ਫਰਜ਼ੀ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਦਾਅਵਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵੇ ਅਨੁਸਾਰ ਬਿਗ ਬੋਸ 'ਚ ਆਉਣ ਵਾਲੀ ਹਰਿਆਣਾ ਦੀ ਮਸ਼ਹੂਰ ਡਾਂਸਰ ਸਪਨਾ ਚੋਧਰੀ ਦਾ ਇੱਕ ਕਾਰ ਹਾਦਸੇ ਵਿਚ ਦੇਹਾਂਤ ਹੋ ਗਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਨਾ ਚੋਧਰੀ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਇਹ ਦਾਅਵਾ ਫਰਜ਼ੀ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "Harjindar Sidhu" ਨੇ 7 ਸਿਤੰਬਰ 2021 ਨੂੰ ਵਾਇਰਲ ਦਾਅਵਾ ਸ਼ੇਅਰ ਕਰਦਿਆਂ ਲਿਖਿਆ, "ਹਰਿਆਣਾ ਦੀ ਡਾਂਸਰ ਸਪਨਾ ਚੌਧਰੀ ਦੀ ਕਾਰ ਐਕਸੀਡੈਂਟ ਵਿਚ ਮੌਤ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ India News Haryana ਦਾ 30 ਅਗਸਤ 2021 ਨੂੰ ਪ੍ਰਕਾਸ਼ਿਤ ਕੀਤਾ ਇੱਕ ਬੁਲੇਟਿਨ ਮਿਲਿਆ। ਇਸ ਖਬਰ ਅਨੁਸਾਰ ਹਰਿਆਣਾ ਦੇ ਸਿਰਸਾ ਤੋਂ ਜਨਮਦਿਨ ਮਨਾ ਕੇ ਵਾਪਸ ਪਰਤ ਰਹੇ ਇੱਕ ਡਾਂਸ ਗਰੁੱਪ ਨਾਲ ਸੜਕ ਹਾਦਸਾ ਵਾਪਰਦਾ ਹੈ ਅਤੇ ਸਪਨਾ ਨਾਂਅ ਦੀ ਗੀਤਕਾਰ ਦੀ ਇਸਦੇ ਵਿਚ ਮੌਤ ਹੋ ਜਾਂਦੀ ਹੈ। ਇਸ ਖਬਰ ਵਿਚ ਕੀਤੇ ਵੀ ਇਹ ਗੱਲ ਨਹੀਂ ਸੀ ਕਿ ਮਸ਼ਹੂਰ ਡਾਂਸਰ ਸਪਨਾ ਚੋਧਰੀ ਦੀ ਮੌਤ ਹੋਈ ਹੈ।
ਇਹ ਬੁਲੇਟਿਨ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਹੋਰ ਸਰਚ ਕੀਤਾ। ਸਾਨੂੰ ਇਸ ਹਾਦਸੇ ਨੂੰ ਲੈ ਕੇ ਅਮਰ ਉਜਾਲਾ ਦੀ ਇੱਕ ਰਿਪੋਰਟ ਮਿਲੀ। ਰਿਪੋਰਟ ਅਨੁਸਾਰ, "ਫਤਿਹਾਬਾਦ ਵਿਚ ਸਾਥੀ ਦਾ ਜਨਮਦਿਨ ਮਨਾ ਕੇ ਸਿਰਸਾ ਪਰਤ ਰਹੇ ਡਾਂਸ ਗਰੁੱਪ ਨਾਲ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਇੱਕ ਗਾਂ ਦੇ ਕਾਰ ਸਾਹਮਣੇ ਆਉਣ ਕਰਕੇ ਵਾਪਰਿਆ। ਇਸ ਹਾਦਸੇ ਵਿਚ ਇੱਕ ਕੁੜੀ ਦੀ ਮੌਤ ਹੋ ਗਈ ਜਦਕਿ ਸਾਥੀ ਕਲਾਕਾਰ ਜਖਮੀ ਹੋ ਗਏ। ਹਾਦਸੇ ਵਿਚ 30 ਸਾਲਾਂ ਸਪਨਾ ਦੀ ਮੌਤ ਹੋ ਗਈ।"
ਮਤਲਬ ਇਹ ਗੱਲ ਸਾਫ ਸੀ ਕਿ ਕਿਸੇ ਹੋਰ ਸਪਨਾ ਦੀ ਮੌਤ ਨੂੰ ਡਾਂਸਰ ਸਪਨਾ ਚੋਧਰੀ ਨਾਲ ਜੋੜਿਆ ਜਾ ਰਿਹਾ ਹੈ।
ਸਾਨੂੰ ਕਈ ਮੀਡਿਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਨੇ ਸਾਫ ਕੀਤਾ ਕਿ ਡਾਂਸਰ ਸਪਨਾ ਚੋਧਰੀ ਦੀ ਮੌਤ ਨਹੀਂ ਹੋਈ ਹੈ। ਗੀਤਕਾਰ ਸਪਨਾ ਦੀ ਮੌਤ ਨੂੰ ਡਾਂਸਰ ਸਪਨਾ ਚੋਧਰੀ ਦਾ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਵਿਚ ਸਪਨਾ ਚੋਧਰੀ ਦੇ ਮੈਨੇਜਰ ਨੇ ਗੱਲਬਾਤ ਕਰਦਿਆਂ ਸਾਫ ਕੀਤਾ ਹੈ ਕਿ ਸਪਨਾ ਚੋਧਰੀ ਠੀਕ-ਠਾਕ ਹਨ ਅਤੇ ਇਸ ਸਮੇਂ ਫਿਲਮ ਦੀ ਸ਼ੂਟਿੰਗ ਵਿਚ ਵਿਅਸਤ ਹਨ।
Sapna SM
ਸਪਨਾ ਚੋਧਰੀ ਦੇ ਸੋਸ਼ਲ ਮੀਡੀਆ ਹੈਂਡਲਸ 'ਤੇ ਕਈ ਹਾਲੀਆ ਪੋਸਟ ਮਿਲਦੇ ਹਨ ਜਿਨ੍ਹਾਂ ਤੋਂ ਇਹ ਸਾਫ ਹੁੰਦਾ ਹੈ ਕਿ ਮਸ਼ਹੂਰ ਡਾਂਸਰ ਸਪਨਾ ਚੋਧਰੀ ਜ਼ਿੰਦਾ ਹਨ।
ਦੱਸ ਦਈਏ ਕਿ ਡਾਂਸਰ ਸਪਨਾ ਚੋਧਰੀ ਬਿਗ ਬੋਸ ਵਰਗੇ ਮਸ਼ਹੂਰ ਟੀਵੀ ਸ਼ੋ ਵਿਚ ਆ ਚੁੱਕੀ ਹਨ ਅਤੇ ਜੇ ਅਜਿਹਾ ਕੋਈ ਹਾਦਸਾ ਉਨ੍ਹਾਂ ਨਾਲ ਵਾਪਰਿਆ ਹੁੰਦਾ ਜਾਂ ਉਨ੍ਹਾਂ ਦੀ ਮੌਤ ਹੁੰਦੀ ਤਾਂ ਉਸਨੇ ਮੀਡੀਆ ਦੀ ਸੁਰਖੀ ਜਰੂਰ ਬਣਨਾ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਸਪਨਾ ਚੋਧਰੀ ਸਹੀ ਸਲਾਮਤ ਹਨ। ਉਨ੍ਹਾਂ ਦੀ ਮੌਤ ਨੂੰ ਲੈ ਕੇ ਵਾਇਰਲ ਇਹ ਦਾਅਵਾ ਫਰਜ਼ੀ ਹੈ।
Claim- Big Boss Contastant and Dancer Sapna Choudhary Died In Car Crash
Claimed By- Harjindar Sidhu
Fact Check- Fake