
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 'ਆਪ' ਦੀ ਚੌਹਾਨ ਬਾਂਗਰ ਸੀਟ ਤੋਂ ਜ਼ਮਾਨਤ ਜ਼ਬਤ ਨਹੀਂ ਹੋਈ ਹੈ। ਕਾਂਗਰਸ ਵੱਲੋਂ ਕੀਤਾ ਗਿਆ ਟਵੀਟ ਗਲਤ ਹੈ
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਬੀਤੀ 28 ਫਰਵਰੀ 2021 ਨੂੰ ਦਿੱਲੀ ਵਿਚ 5 ਸੀਟਾਂ ਤੋਂ ਨਗਰ ਨਿਗਮ ਚੋਣਾਂ ਹੋਈਆਂ ਹਨ ਤੇ 3 ਮਾਰਚ ਨੂੰ ਚੋਣਾਂ ਦੇ ਨਤੀਜੇ ਆਏ। ਇਹਨਾਂ ਵਿਚ 4 ਸੀਟਾਂ ਤੋਂ ਆਮ ਆਦਮੀ ਪਾਰਟੀ ਅਤੇ ਇਕ ਸੀਟ ਤੋਂ ਕਾਂਗਰਸ ਨੇ ਬਾਜੀ ਮਾਰੀ ਹੈ। ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ ਚੌਹਾਨ ਬਾਂਗਰ ਸੀਟ ਤੋਂ ਆਪ ਦੇ ਮੁਹੰਮਦ ਇਸ਼ਰਾਕ ਖ਼ਾਨ ਨੂੰ 10 ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਹੈ।
ਜਿਸ ਸੀਟ ਤੋਂ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ ਉਸ ਸੀਟ ਨੂੰ ਲੈ ਕੇ ਹੁਣ ਕਾਂਗਰਸ ਇਹ ਦਾਅਵਾ ਕਰ ਰਹੀ ਹੈ ਕਿ 'ਆਪ' ਨੇ ਚੌਹਾਨ ਬਾਂਗਰ ਸੀਟ ਤੋਂ ਜ਼ਮਾਨਤ ਜ਼ਬਤ ਕੀਤੀ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 'ਆਪ' ਦੀ ਚੌਹਾਨ ਬਾਂਗਰ ਸੀਟ ਤੋਂ ਜ਼ਮਾਨਤ ਜ਼ਬਤ ਨਹੀਂ ਹੋਈ ਹੈ। ਕਾਂਗਰਸ ਵੱਲੋਂ ਕੀਤਾ ਗਿਆ ਟਵੀਟ ਗਲਤ ਹੈ ਅਤੇ ਇਸ ਨੂੰ 'ਆਪ' ਦੇ ਪੰਜਾਬ ਮੀਡੀਆ ਇੰਚਾਰਜ ਨੇ ਵੀ ਗਲਤ ਦੱਸਿਆ ਹੈ।
ਵਾਇਰਲ ਟਵੀਟ
INC Chhattisgarh ਨੇ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਟਵੀਟ ਕੀਤਾ। ਟਵੀਟ ਕਰਦੇ ਹੋਏ ਲਿਖਿਆ ਗਿਆ, ''दिल्ली नगर निगम उपचुनाव में सत्ताधारी पार्टी AAP की एक सीट पर जमानत जब्त, वहां कांग्रेस जीती। भाजपा=0=भाजपा''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਦਿੱਲੀ ਸਰਕਾਰ ਦੀ ਅਧਿਕਾਰਕ ਵੈੱਬਸਾਈਟ 'ਤੇ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਦੇਖੇ। ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਬਰਾਂਡ 041-E ਦੇ ਇਕ ਉਮੀਦਵਾਰ ਦੀ ਚੌਹਾਨ ਬਾਂਗਰ ਸੀਟ ਤੋਂ ਹਾਰ ਹੋਈ ਹੈ। ਚੌਹਾਨ ਬਾਂਗਰ ਸੀਟ ਤੋਂ ਮੁਹੰਮਦ ਇਸ਼ਰਾਕ ਖ਼ਾਨ ਨੂੰ ਕਾਂਗਰਸ ਦੇ ਉਮੀਦਵਾਰ ਚੌਧਰੀ ਜ਼ੁਬੈਰ ਅਹਿਮਦ ਨੇ 10,642 ਵੋਟਾਂ ਨਾਲ ਹਰਾਇਆ ਹੈ, ਹਾਲਾਂਕਿ ਇਸ਼ਰਾਕ ਖ਼ਾਨ ਨੂੰ 5,561 ਵੋਟਾਂ ਹਾਸਿਲ ਹੋਈਆਂ ਹਨ।
ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਹੇਠਾਂ ਦੇਖੇ ਜਾ ਸਕਦੇ ਹਨ।
ਇਸ ਤੋਂ ਬਾਅਦ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੀਡੀਆ ਇੰਚਾਰਜ ਹਰਸ਼ਿਤ ਪਾਈ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਨਤੀਜਿਆਂ ਅਨੁਸਾਰ ਚੌਹਾਨ ਬਾਂਗਰ ਵਿੱਚ ‘ਆਪ’ ਉਮੀਦਵਾਰ ਨੂੰ 25% ਵੋਟਾਂ ਮਿਲੀਆਂ। ਜੇ ਕੋਈ ਉਮੀਦਵਾਰ ਕੁੱਲ ਵੋਟਾਂ ਦੇ 16% ਤੋਂ ਘੱਟ ਵੋਟਾਂ ਪ੍ਰਾਪਤ ਕਰਦਾ ਹੈ ਤਾਂ ਜ਼ਮਾਨਤ ਜ਼ਬਤ ਕੀਤਾ ਜਾਂਦਾ ਹੈ। ਇਸ ਲਈ ਕਾਂਗਰਸ ਵੱਲੋਂ ਕੀਤਾ ਗਿਆ ਟਵੀਟ ਗਲਤ ਹੈ। ਉਹਨਾਂ ਨੇ ਟਵੀਟ ਨੂੰ ਸਾਫ਼ ਤੌਰ 'ਤੇ ਫਰਜ਼ੀ ਦੱਸਿਆ ਅਤੇ ਇਸ ਦੇ ਨਾਲ ਉਹਨਾਂ ਨੇ ਸਾਡੇ ਨਾਲ ਚੋਣਾਂ ਦੇ ਨਤੀਜੇ ਵੀ ਸਾਂਝੇ ਕੀਤੇ।
ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਆਪਣੇ ਪਹਿਲੇ ਟਵੀਟ ਦੇ ਨਾਲ ਇਕ ਹੋਰ ਟਵੀਟ ਕਰਦੇ ਹੋਏ ਪੁਰਾਣੇ ਟਵੀਟ ਨੂੰ ਲੈ ਕੇ ਸਫ਼ਾਈ ਦਿੱਤੀ ਅਤੇ ਲਿਖਿਆ, ''अभी अभी पता चला है कि होते होते बची है जमानत जब्त। वैसे सत्ताधारी पार्टी की ऐसी हालत को तो...वही कहा जायेगा''
ਟਵੀਟ ਅਨੁਸਾਰ ਕਾਂਗਰਸ ਪਾਰਟੀ ਨੇ ਲਿਖਿਆ ਕਿ 'ਆਪ' ਦੀ ਜ਼ਮਾਨਤ ਜ਼ਬਤ ਹੁੰਦੇ-ਹੁੰਦੇ ਬਚੀ।
ਦੱਸ ਦਈਏ ਕਿ ਚੋਣ ਕਮਿਸ਼ਨ ਦੇ ਮੁਤਾਬਿਕ ਉਮੀਦਵਾਰ ਨੂੰ ਨਾਮਾਂਕਣ ਭਰਨ ਸਮੇਂ 5,000 ਰੁਪਏ ਦਾ ਬਾਂਡ ਭਰਨਾ ਹੁੰਦਾ ਹੈ। ਜ਼ਮਾਨਤ ਜ਼ਬਤ ਹੋਣ ਦੀ ਸੂਰਤ ਵਿਚ ਉਮੀਦਵਾਰ ਨੂੰ ਇਹ ਰਾਸ਼ੀ ਵਾਪਸ ਨਹੀਂ ਮਿਲਦੀ। ਜਿਹੜਾ ਉਮੀਦਵਾਰ ਕੁੱਲ ਵੋਟਾਂ ਦੇ 16% ਤੋਂ ਘੱਟ ਵੋਟਾਂ ਪ੍ਰਾਪਤ ਕਰਦਾ ਹੈ ਉਸ ਦੀ ਜ਼ਮਾਨਤ ਜ਼ਬਤ ਹੁੰਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ 'ਆਪ' ਦੇ ਉਮੀਦਵਾਰ ਮੁਹੰਮਦ ਇਸ਼ਰਾਕ ਖ਼ਾਨ ਦੀ ਜ਼ਮਾਨਤ ਜ਼ਬਤ ਨਹੀਂ ਹੋਈ ਹੈ ਉਹਨਾਂ ਨੂੰ 25% ਵੋਟਾਂ ਹਾਸਲ ਹੋਈਆਂ ਹਨ। ਇਸਲਈ ਕਾਂਗਰਸ ਵੱਲੋਂ ਕੀਤਾ ਦਾਅਵਾ ਗਲਤ ਹੈ।
Claim: 'ਆਪ' ਨੇ ਚੌਹਾਨ ਬਾਂਗਰ ਸੀਟ ਤੋਂ ਜ਼ਮਾਨਤ ਜ਼ਬਤ ਕੀਤੀ ਹੈ।
Claimed By: INC Chhattisgarh
Fact Check: ਫਰਜ਼ੀ